02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਕੀ ਅਸੀਂ ਆਪਣਾ ਭਵਿੱਖ ਵੀ ਵਿਦੇਸ਼ ਭੇਜ ਰਹੇ ਹਾਂ?

ਅਜੀਤ ਡੈਸਕ 24-07-2026

ਕਈ ਵਾਰ ਇਕ ਲੇਖ ਸਿਰਫ਼ ਅਖ਼ਬਾਰ ਦੇ ਇਕ ਪੰਨੇ ਤੱਕ ਸੀਮਤ ਨਾ ਰਹਿ ਕੇ ਲੋਕਾਂ ਦੇ ਦਿਲਾਂ ਵਿਚ ਉਤਰ ਜਾਂਦਾ ਹੈ, ਉਨ੍ਹਾਂ ਦੀ ਚੁੱਪ ਨੂੰ ਆਵਾਜ਼ ਦੇ ਕੇ ਸਮਾਜ ਨੂੰ ਸਵਾਲ ਪੁੱਛਣ ਲਈ ਮਜਬੂਰ ਕਰ ਦਿੰਦਾ ਹੈ। ਕੁਝ ਦਿਨ ਪਹਿਲਾਂ 'ਪੰਜਾਬ ਦੀ ਉੱਡਣੀ ਜਵਾਨੀ' ਸਿਰਲੇਖ ਹੇਠ ਮੇਰਾ ਲੇਖ ਛਪਣ ਤੋਂ ਬਾਅਦ ਸਵੇਰ ਤੋਂ ਰਾਤ ਤੱਕ ਮੇਰੇ ਫੋਨ ਦੀ ਘੰਟੀ ਵੱਜਦੀ ਰਹੀ ਤੇ ਪੰਜਾਬ ਸਮੇਤ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਫੋਨ ਆਏ। ਹਰ ਵਿਅਕਤੀ ਕੋਲ ਆਪਣਾ ਤਜਰਬਾ, ਆਪਣਾ ਦਰਦ ਤੇ ਆਪਣੀ ਸੋਚ ਸੀ। ਕਿਸੇ ਨੇ ਇਸ ਸਭ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਸੇ ਨੇ ਸਿੱਖਿਆ ਪ੍ਰਣਾਲੀ ਨੂੰ ਦੋਸ਼ ਦਿੱਤਾ। ਮੈਨੂੰ ਮਹਿਸੂਸ ਹੋਇਆ ਕਿ ਪੰਜਾਬ ਦਾ ਦਰਦ ਸਿਰਫ਼ ਰੁਜ਼ਗਾਰ ਦਾ ਨਹੀਂ, ਸਗੋਂ ਰਿਸ਼ਤਿਆਂ, ਸੋਚ ਤੇ ਸਵੈ-ਭਰੋਸੇ ਦੇ ਹੌਲੀ-ਹੌਲੀ ਖ਼ਤਮ ਹੋਣ ਦਾ ਵੀ ਹੈ। ਪੰਜਾਬ ਦੇ ਨੌਜਵਾਨ ਵੱਡੀ ਗਿਣਤੀ 'ਚ ਵਿਦੇਸ਼ਾਂ ਵੱਲ-ਵਧੀਆ ਸਿੱਖਿਆ, ਬਿਹਤਰ ਆਮਦਨ, ਸਥਿਰ ਭਵਿੱਖ ਤੇ ਇਕ ਨਵੀਂ ਜ਼ਿੰਦਗੀ ਦੀ ਉਮੀਦ ਨਾਲ ਰੁਖ ਕਰ ਰਹੇ ਹਨ। ਪਰ ਇਕ ਸਵਾਲ ਮੇਰੇ ਮਨ ਵਿਚ ਵਾਰ-ਵਾਰ ਉੱਠਦਾ ਹੈ, ਕੀ ਅਸੀਂ ਵਿਦੇਸ਼ ਜਾਣ ਨੂੰ ਹੀ ਸਫਲਤਾ ਦਾ ਇਕੋ-ਇਕ ਮਾਪਦੰਡ ਬਣਾ ਲਿਆ ਹੈ? ਪੰਜਾਬ ਦੇ ਘਰਾਂ 'ਚ ਇਹ ਸੋਚ ਇੰਨੀ ਡੂੰਘੀ ਕਿਉਂ ਬੈਠ ਚੁੱਕੀ ਹੈ ਕਿ ਜੇ ਬੱਚਾ ਵਿਦੇਸ਼ ਨਹੀਂ ਗਿਆ ਤਾਂ ਉਹ ਜ਼ਿੰਦਗੀ ਵਿਚ ਕਾਮਯਾਬ ਨਹੀਂ ਹੋ ਸਕਦਾ? ਇਹ ਸਵਾਲ ਸਿਰਫ਼ ਨੌਜਵਾਨਾਂ ਨੂੰ ਨਹੀਂ, ਸਾਡੇ ਸਾਰੇ ਸਮਾਜ ਨੂੰ ਆਪਣੇ ਆਪ ਤੋਂ ਪੁੱਛਣਾ ਪਵੇਗਾ। ਕਦੇ ਹਲਵਾਈ ਪੰਜਾਬ ਦਾ ਮਾਣ ਹੁੰਦਾ ਸੀ, ਤਰਖਾਣ, ਰਾਜ ਮਿਸਤਰੀ, ਪਲੰਬਰ, ਪੇਂਟਰ, ਲੁਹਾਰ, ਮਕੈਨਿਕ ਤੇ ਖੇਤੀਬਾੜੀ ਦਾ ਮਾਹਿਰ ਪੰਜਾਬੀ ਆਪਣੀ ਕਲਾ ਕਰਕੇ ਜਾਣਿਆ ਜਾਂਦਾ ਸੀ, ਪਰ ਅੱਜ ਇਨ੍ਹਾਂ 'ਚੋਂ ਬਹੁਤੇ ਕੰਮ ਦੂਜੇ ਸੂਬਿਆਂ ਤੋਂ ਆਏ ਲੋਕ ਕਰ ਰਹੇ ਹਨ। ਅਸੀਂ ਆਪਣੇ ਬੱਚਿਆਂ ਨੂੰ ਇਹ ਵਿਸ਼ਵਾਸ ਹੀ ਨਹੀਂ ਦਿਵਾਇਆ ਕਿ ਮਿਹਨਤ ਦਾ ਵੱਡਾ ਸਤਿਕਾਰ ਹੈ। ਅਸੀਂ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਲਈ 40-50 ਲੱਖ ਰੁਪਏ ਤੱਕ ਖਰਚਣ ਲਈ ਤਿਆਰ ਹੋ ਜਾਂਦੇ ਹਾਂ, ਜ਼ਮੀਨ ਵਿਕ ਜਾਂਦੀ ਹੈ, ਕਰਜ਼ਾ ਚੜ੍ਹ ਜਾਂਦਾ ਹੈ, ਸਾਲਾਂ ਦੀ ਕਮਾਈ ਇਕ ਸੁਪਨੇ 'ਤੇ ਲੱਗ ਜਾਂਦੀ ਹੈ, ਪਰ ਜੇ ਇਹੀ ਪੈਸਾ ਕਿਸੇ ਨਵੇਂ ਕਾਰੋਬਾਰ, ਕਿਸੇ ਹੁਨਰ-ਆਧਾਰਿਤ ਉਦਯੋਗ ਜਾਂ ਕਿਸੇ ਛੋਟੇ ਉੱਦਮ 'ਚ ਲਗਾਉਣ ਦੀ ਗੱਲ ਕੀਤੀ ਜਾਵੇ ਤਾਂ ਘਰਾਂ 'ਚ ਚੁੱਪ ਛਾ ਜਾਂਦੀ ਹੈ। ਭਾਵੇਂ ਹਰ ਕਾਰੋਬਾਰ ਕਾਮਯਾਬ ਨਹੀਂ ਹੁੰਦਾ, ਪਰ ਵਿਦੇਸ਼ ਜਾਣ ਵਾਲਾ ਹਰ ਨੌਜਵਾਨ ਵੀ ਸਫਲ ਨਹੀਂ ਹੁੰਦਾ। ਸਫਲਤਾ ਦੀ ਕਦੇ ਕੋਈ ਗਾਰੰਟੀ ਨਹੀਂ ਹੁੰਦੀ, ਪਰ ਸੋਚ ਦੀ ਦਿਸ਼ਾ ਜ਼ਰੂਰ ਹੁੰਦੀ ਹੈ। ਇਕ ਬਜ਼ੁਰਗ ਮਾਤਾ ਦਾ ਸਾਰਾ ਪਰਿਵਾਰ ਵਿਦੇਸ਼ 'ਚ ਸੈਟਲ ਹੈ ਤੇ 30 ਮਰਲੇ ਦੇ ਘਰ 'ਚ ਕੋਈ ਵੀ ਕਮੀ ਨਹੀਂ ਹੈ, ਉਹ ਮਾਤਾ ਜਦੋਂ ਡਾਕਟਰ ਕੋਲ ਜਾਂਚ ਕਰਵਾਉਣ ਜਾਂਦੀ ਹੈ ਤਾਂ ਉਸ ਨੂੰ ਕੋਈ ਸਰੀਰਕ ਬਿਮਾਰੀ ਨਹੀਂ ਮਿਲਦੀ, ਕਿਉਂਕਿ ਬਿਮਾਰੀ ਰਿਪੋਰਟਾਂ 'ਚ ਨਹੀਂ, ਸਗੋਂ ਘਰ ਦੇ ਇੱਕਲੇਪਣ 'ਚ ਹੈ। ਇਹ ਸਿਰਫ਼ ਇਕ ਮਾਂ ਦੀ ਕਹਾਣੀ ਨਹੀਂ, ਪੰਜਾਬ ਦੇ ਹਜ਼ਾਰਾਂ ਘਰਾਂ ਦੀ ਹਕੀਕਤ ਹੈ। ਦਰਅਸਲ ਸਾਡੇ ਸਮਾਜ ਨੇ ਤਰੱਕੀ ਨੂੰ ਅਕਸਰ ਆਰਥਿਕ ਪੈਮਾਨਿਆਂ ਨਾਲ ਮਾਪਿਆ ਹੈ, ਜੇਕਰ ਬੁੱਢੇ ਮਾਪਿਆਂ ਦੇ ਚਿਹਰਿਆਂ ਤੋਂ ਮੁਸਕਰਾਹਟ ਹੀ ਗਾਇਬ ਹੋ ਜਾਵੇ ਤਾਂ ਉਸ ਤਰੱਕੀ ਦੀ ਕੀ ਕੀਮਤ ਹੈ?
ਇਸ ਸਾਰੀ ਤਸਵੀਰ ਦਾ ਇਕ ਹੋਰ ਪੱਖ ਤੇ ਸੱਚ ਇਹ ਹੈ ਕਿ ਰੁਜ਼ਗਾਰ, ਉਦਯੋਗ, ਸਿੱਖਿਆ ਸੰਬੰਧੀ ਸਰਕਾਰਾਂ ਦੀਆਂ ਨੀਤੀਆਂ ਦੀਆਂ ਆਪਣੀਆਂ ਚੁਣੌਤੀਆਂ ਵੀ ਹੁੰਦੀਆਂ ਹਨ, ਪਰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਕੀ ਇਹੀ ਪੂਰੀ ਸੱਚਾਈ ਹੈ? ਕੀ ਸਾਡੇ ਪਰਿਵਾਰਾਂ, ਸਕੂਲਾਂ, ਸਮਾਜ ਤੇ ਸਾਡੇ ਆਪਣੇ ਫ਼ੈਸਲਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਹਰ ਸਮੱਸਿਆ ਦਾ ਹੱਲ ਉਦੋਂ ਹੀ ਨਿਕਲਦਾ ਹੈ ਜਦੋਂ ਅਸੀਂ ਦੂਜਿਆਂ ਵੱਲ ਉਂਗਲ ਚੁੱਕਣ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਆਇਨੇ ਵਿਚ ਦੇਖਣ ਦਾ ਹੌਸਲਾ ਕਰਦੇ ਹਾਂ। ਅੱਜ ਦੇ ਮਾਪੇ ਆਪਣੇ ਬੱਚਿਆਂ ਨੂੰ ਉਹ ਸਾਰੀਆਂ ਸਹੂਲਤਾਂ ਦੇਣਾ ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਖੁਦ ਕਦੇ ਨਹੀਂ ਮਿਲੀਆਂ। ਪਰ ਅਸੀਂ ਬੱਚਿਆਂ ਨੂੰ ਸਹੂਲਤਾਂ ਦੇਣ ਸਮੇਂ ਆਪਣੇ ਸੰਘਰਸ਼ ਦੀ ਕਹਾਣੀ ਨਹੀਂ ਦੱਸਦੇ। ਅਸੀਂ ਬੱਚਿਆਂ ਨੂੰ ਅਕਸਰ ਕਹਿੰਦੇ ਹਾਂ ਕਿ ਵੱਡੇ ਬਣੋ, ਪਰ ਇਹ ਘੱਟ ਦੱਸਦੇ ਹਾਂ ਕਿ ਚੰਗੇ ਇਨਸਾਨ ਵੀ ਬਣੋ। ਅਸੀਂ ਉਨ੍ਹਾਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਤੇ ਉੱਚੀ ਤਨਖ਼ਾਹ ਦੇ ਸੁਪਨੇ ਦਿਖਾਉਂਦੇ ਹਾਂ, ਪਰ ਇਹ ਨਹੀਂ ਦੱਸਦੇ ਕਿ ਪਰਿਵਾਰ ਨਾਲ ਬਿਤਾਇਆ ਇਕ ਦਿਨ ਵੀ ਕਈ ਵਾਰ ਲੱਖਾਂ ਰੁਪਏ ਨਾਲੋਂ ਵੱਧ ਕੀਮਤੀ ਹੁੰਦਾ ਹੈ। ਪਰ ਸੁਪਨਿਆਂ ਤੇ ਜੜ੍ਹਾਂ ਦੇ ਵਿਚਕਾਰ ਸੰਤੁਲਨ ਬਣਾਈ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ। ਮੇਰੇ ਕੋਲ ਆਏ ਉਹ ਫੋਨ ਸਿਰਫ਼ ਪ੍ਰਤੀਕਿਰਿਆਵਾਂ ਨਹੀਂ ਸਨ। ਉਹ ਸਮਾਜ ਦੀ ਨਬਜ਼ ਸਨ।
ਇਹ ਲੇਖ ਕਿਸੇ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀ ਕੋਸ਼ਿਸ਼ ਨਹੀਂ ਹੈ। ਮੈਨੂੰ ਇਕ ਗੱਲ ਸਮਝ ਆ ਗਈ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਸੰਕਟ ਸਿਰਫ਼ ਇਹ ਨਹੀਂ ਕਿ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਅਸਲ ਸੰਕਟ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਲਈ ਇੱਥੇ ਮੌਕੇ, ਹੁਨਰ ਤੇ ਉਮੀਦ ਦਾ ਮਾਹੌਲ ਬਣਾਉਣ ਬਾਰੇ ਘੱਟ ਸੋਚਦੇ ਹਾਂ। ਦੂਜੇ ਪਾਸੇ, ਵਿਦੇਸ਼ ਜਾਣ ਵਾਲੇ ਬੱਚਿਆਂ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਕਿ ਦੁਨੀਆ ਦਾ ਕੋਈ ਵੀ ਕੋਨਾ ਉਨ੍ਹਾਂ ਦੇ ਆਪਣੇ ਘਰ ਦੀ ਥਾਂ ਨਹੀਂ ਲੈ ਸਕਦਾ। ਅੱਜ ਪੰਜਾਬ ਨੂੰ ਸਿਰਫ਼ ਨਵੀਆਂ ਸੜਕਾਂ, ਨਵੇਂ ਉਦਯੋਗਾਂ ਜਾਂ ਨਵੀਆਂ ਨੀਤੀਆਂ ਦੀ ਹੀ ਲੋੜ ਨਹੀਂ ਹੈ, ਸਗੋਂ ਇਕ ਨਵੀਂ ਸਮਾਜਿਕ ਸੋਚ ਦੀ ਵੀ ਲੋੜ ਹੈ। ਅਜਿਹੀ ਸੋਚ ਜੋ ਮਿਹਨਤ ਨੂੰ ਸਤਿਕਾਰ ਦੇਵੇ, ਜੋ ਨੌਕਰੀ ਤੇ ਕਾਰੋਬਾਰ ਨੂੰ ਬਰਾਬਰ ਦੀ ਇੱਜ਼ਤ ਦੇਵੇ, ਜੋ ਬੱਚਿਆਂ ਨੂੰ ਸਿਰਫ਼ ਕਾਮਯਾਬ ਹੀ ਨਹੀਂ, ਸਗੋਂ ਜ਼ਿੰਮੇਵਾਰ ਵੀ ਬਣਾਏ ਅਤੇ ਮਾਪਿਆਂ ਨੂੰ ਇਹ ਅਹਿਸਾਸ ਕਰਵਾਏ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਨਿਵੇਸ਼ ਬੈਂਕ ਵਿਚ ਪਿਆ ਪੈਸਾ ਨਹੀਂ, ਸਗੋਂ ਉਨ੍ਹਾਂ ਦੇ ਬੱਚਿਆਂ ਨਾਲ ਜੁੜਿਆ ਭਰੋਸਾ ਹੈ। ਜੇ ਅਸੀਂ ਤਰੱਕੀ ਤੇ ਪਰਿਵਾਰ ਦੇ ਵਿਚਕਾਰ ਸੰਤੁਲਨ ਬਣਾ ਲਈਏ ਤਾਂ ਪੰਜਾਬ ਦੀ ਜਵਾਨੀ ਸਾਡੀ ਤਾਕਤ ਬਣੇਗੀ ਤੇ ਸਾਡੇ ਘਰ ਵੀ ਸੁੰਨੇ ਨਹੀਂ ਰਹਿਣਗੇ।

-ਮਕਸੂਦਾਂ (ਜਲੰਧਰ) ਮੋਬਾ : 97803-89428

ਪਿਛਲੀ ਖ਼ਬਰ ਪੁਲਿਸ ਸੁਧਾਰ ਦੇ ਕੇਂਦਰ ਵਿਚ ਕਿਉਂ ਜ਼ਰੂਰੀ ਹੈ ਭਲਾਈ? ਅਗਲੀ ਖ਼ਬਰ ਐਲ.ਏ.ਡੀ.ਸੀ.ਸਿਸਟਮ ਖ਼ਿਲਾਫ਼ ਭੁੱਖ ਹੜਤਾਲ ਜਾਰੀ, ਮਹਿਲਾ ਵਕੀਲਾਂ ਨੇ ਸੰਭਾਲੀ ਕਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।