02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਭਾਈਚਾਰਕ ਸਾਂਝ ਦੀ ਭਾਵਨਾ

ਅਜੀਤ ਡੈਸਕ 01-08-2026

ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ 'ਰਾਸ਼ਟਰੀ ਗੌਰਵ ਅਪਮਾਨ ਸੰਸ਼ੋਧਨ ਕਾਨੂੰਨ 2026' ਦੋਹਾਂ ਸਦਨਾਂ ਵਿਚ ਪਾਸ ਕਰਵਾ ਲਿਆ ਹੈ। ਅਜਿਹਾ ਉਸ ਸਮੇਂ ਕੀਤਾ ਗਿਆ, ਜਦੋਂ ਹਫ਼ਤੇ ਭਰ ਤੋਂ ਸੰਸਦ ਦੀ ਕਾਰਵਾਈ ਵਾਦ-ਵਿਵਾਦ ਦੀ ਭੇਟ ਚੜ੍ਹੀ ਹੋਈ ਸੀ। ਵਿਰੋਧੀ ਧਿਰਾਂ ਦੇ ਬਹੁਤੇ ਸੰਸਦ ਮੈਂਬਰ ਸਦਨ 'ਚੋਂ ਗੈਰ ਹਾਜ਼ਰ ਸਨ ਤਾਂ ਪੇਸ਼ ਕੀਤੇ ਇਸ ਬਿੱਲ ਨੂੰ ਕਾਹਲੀ ਵਿਚ ਪਾਸ ਕਰਵਾ ਲਿਆ ਗਿਆ। ਚਾਹੇ ਲੋਕ ਸਭਾ ਵਿਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਇਹ ਸਿਰਫ਼ ਇਕ ਸੰਸਦੀ ਸੋਧ ਨਹੀਂ, ਸਗੋਂ ਭਾਰਤ ਦੀ ਸੰਸਕ੍ਰਿਤਕ ਵਿਰਾਸਤ, ਰਾਸ਼ਟਰੀ ਚੇਤਨਾ ਤੇ ਸੁਤੰਤਰਤਾ ਸੰਗਰਾਮ ਦੇ ਸਨਮਾਨ ਵਿਚ ਦੇਸ਼ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਸਾਲ 1971 ਵਿਚ ਰਾਸ਼ਟਰੀ ਗਾਣ ਜਨ-ਗਣ-ਮਨ ਨੂੰ ਕਾਨੂੰਨੀ ਧਾਰਾ ਵਿਚ ਬਦਲਿਆ ਗਿਆ ਸੀ। ਹੁਣ ਵੰਦੇ ਮਾਤਰਮ ਨੂੰ ਵੀ ਅਜਿਹੀ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ।
ਜਿਥੋਂ ਤੱਕ ਇਸ ਰਾਸ਼ਟਰੀ ਗੀਤ ਦਾ ਸੰਬੰਧ ਹੈ, ਇਸ ਦੀ ਆਪਣੀ ਮਹੱਤਤਾ ਹੈ। ਕਿਸੇ ਸਮੇਂ ਇਹ ਆਜ਼ਾਦੀ ਲਈ ਜੂਝ ਰਹੇ ਬਹੁਤੇ ਭਾਰਤੀਆਂ ਦਾ ਪਸੰਦੀਦਾ ਗੀਤ ਸੀ। ਬੰਗਾਲ ਦੇ ਪ੍ਰਸਿੱਧ ਲੇਖਕ ਅਤੇ ਕਵੀ ਬੰਕਿਮ ਚੰਦਰ ਚੈਟਰਜੀ ਨੇ ਸਾਲ 1875 ਵਿਚ ਇਸ ਗੀਤ ਦੀ ਰਚਨਾ ਕੀਤੀ ਸੀ, ਜਿਹੜਾ ਉਨ੍ਹਾਂ ਦੇ ਪ੍ਰਸਿੱਧ ਨਾਵਲ 'ਆਨੰਦਮੱਠ' ਦਾ ਇਕ ਹਿੱਸਾ ਸੀ। ਇਸ ਵਿਚ ਮਾਂ-ਭੂਮੀ ਨੂੰ ਦੇਵੀ ਕਾਲੀ ਦੇ ਰੂਪ ਵਿਚ ਦਰਸਾਇਆ ਗਿਆ ਹੈ। ਆਜ਼ਾਦੀ ਦੇ ਸੰਘਰਸ਼ ਵਿਚ ਜਿਵੇਂ-ਜਿਵੇਂ ਇਹ ਗੀਤ ਵੱਡੀ ਪੱਧਰ 'ਤੇ ਗਾਇਆ ਜਾਂਦਾ ਰਿਹਾ ਸੀ, ਉਵੇਂ-ਉਵੇਂ ਹੀ ਇਸ ਦੇ ਨਾਲ ਕਈ ਤਰ੍ਹਾਂ ਦੇ ਵਿਵਾਦ ਵੀ ਪੈਦਾ ਹੋ ਗਏ ਸਨ। ਇਸ ਗੀਤ ਦੇ ਮੂਲ ਰੂਪ ਵਿਚ 6 ਛੰਦ ਹਨ। ਪਿਛਲੇ ਛੰਦਾਂ ਵਿਚ ਦੇਵੀ ਦੁਰਗਾ ਅਤੇ ਲਕਸ਼ਮੀ ਦੀ ਪ੍ਰਸੰਸਾ ਕੀਤੀ ਗਈ ਹੈ ਅਤੇ ਉਨ੍ਹਾਂ ਪ੍ਰਤੀ ਸ਼ਰਧਾ ਦਰਸਾਉਣ ਵਾਲੇ ਧਾਰਮਿਕ ਭਾਵ ਹਨ। ਉਸ ਸਮੇਂ ਸੁਤੰਤਰਤਾ ਅੰਦੋਲਨ ਦੌਰਾਨ ਮੁਸਲਿਮ ਭਾਈਚਾਰੇ ਵਲੋਂ ਇਸ ਦਾ ਲਗਾਤਾਰ ਵਿਰੋਧ ਵੀ ਹੁੰਦਾ ਰਿਹਾ, ਕਿਉਂਕਿ ਮੁਸਲਮਾਨ ਭਾਈਚਾਰਾ ਧਾਰਮਿਕ ਤੌਰ 'ਤੇ ਅੱਲਾ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਵਿਚ ਵਿਸ਼ਵਾਸ ਨਹੀਂ ਰੱਖਦਾ। ਇਸੇ ਲਈ ਹੀ ਸਾਲ 1950 ਵਿਚ ਰਾਸ਼ਟਰੀ ਗਾਨ ਅਤੇ ਰਾਸ਼ਟਰੀ ਗੀਤ ਸੰਬੰਧੀ ਵੱਡੀ ਚਰਚਾ ਹੁੰਦੀ ਰਹੀ। ਉਸ ਸਮੇਂ ਦੇਸ਼ ਦੇ ਪ੍ਰਮੁੱਖ ਆਗੂਆਂ ਅਤੇ ਬਹੁਤੇ ਸੰਵਿਧਾਨ ਘਾੜਿਆਂ ਨੇ ਜਿੱਥੇ ਇਸ ਗੀਤ ਦੇ ਪਿਛੋਕੜ ਦੀ ਮਹੱਤਤਾ ਨੂੰ ਸਵੀਕਾਰਿਆ, ਉੱਥੇ ਇਸ ਸੰਬੰਧੀ ਉੱਠਦੇ ਰਹੇ ਲਗਾਤਾਰ ਵਿਵਾਦ ਨੂੰ ਵੀ ਸਮਝ ਕੇ ਇਸ ਗੀਤ ਦੇ ਛੇ ਛੰਦਾਂ 'ਚੋਂ ਪਹਿਲੇ 2 ਛੰਦਾਂ ਨੂੰ ਰਾਸ਼ਟਰੀ ਗੀਤ ਦੇ ਤੌਰ 'ਤੇ ਗਾਉਣ ਲਈ ਮਾਨਤਾ ਪ੍ਰਦਾਨ ਕਰ ਦਿੱਤੀ ਸੀ। ਇਸ ਚੋਣ ਪ੍ਰਤੀ ਰਬਿੰਦਰ ਨਾਥ ਟੈਗੋਰ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਹੋਰ ਵੱਡੇ ਆਗੂਆਂ ਨੇ ਵੀ ਸਹਿਮਤੀ ਪ੍ਰਗਟਾਈ ਸੀ। ਪਰ ਰਾਸ਼ਟਰੀ ਸੋਇਮ ਸੇਵਕ ਸੰਘ ਪਹਿਲਾਂ ਜਨਸੰਘ ਅਤੇ ਬਾਅਦ ਵਿਚ ਬਣੀ ਭਾਜਪਾ ਹਮੇਸ਼ਾ ਹੀ ਇਸ ਗੱਲ ਦੀ ਹਾਮੀ ਰਹੀ ਸੀ ਕਿ ਇਸ ਰਾਸ਼ਟਰੀ ਗੀਤ ਨੂੰ ਸਮੁੱਚੇ ਰੂਪ ਵਿਚ ਹੀ ਗਾਇਆ ਜਾਣਾ ਚਾਹੀਦਾ ਹੈ। ਉਹ ਇਸ ਦੇ 2 ਛੰਦਾਂ ਨੂੰ ਗਾਉਣ ਦੀ ਇਜਾਜ਼ਤ ਦੇਣ ਪਿੱਛੇ ਕਾਂਗਰਸ ਦੀ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਜ਼ਿੰਮੇਵਾਰ ਠਹਿਰਾਉਂਦੀ ਰਹੀ ਹੈ ਅਤੇ ਇਸ ਗੀਤ ਨੂੰ ਪੂਰੇ ਰੂਪ ਵਿਚ ਗਾਉਣ ਨੂੰ ਰਾਸ਼ਟਰੀ ਗੌਰਵ ਵੀ ਕਹਿੰਦੀ ਰਹੀ ਹੈ। ਸੰਘ ਨੇ 1950 ਵਿਚ ਵੰਦੇ ਮਾਤਰਮ ਗੀਤ ਪੂਰਾ ਗਾਏ ਜਾਣ ਸੰਬੰਧੀ ਨਿਰਣਾ ਲੈ ਲਿਆ ਸੀ, ਫਿਰ ਉਸ ਨੇ ਤੇ ਭਾਜਪਾ ਨੇ ਇਸ ਨੂੰ ਆਪਣੇ ਪਹਿਲਾਂ ਮਿੱਥੇ ਏਜੰਡੇ ਦਾ ਇਕ ਹਿੱਸਾ ਬਣਾ ਕੇ ਇਸ ਸਾਰੇ ਗੀਤ ਨੂੰ ਕਾਨੂੰਨੀ ਮਾਨਤਾ ਦੇਣ ਲਈ ਯਤਨ ਸ਼ੁਰੂ ਕਰ ਦਿੱਤੇ। ਹੁਣ ਜਦੋਂ ਸਾਰੇ ਦੇਸ਼ ਵਿਚ ਭਾਜਪਾ ਚੜ੍ਹਤ ਵਿਚ ਹੈ ਤਾਂ ਇਸ ਵਿਚ ਉਹ ਸਫ਼ਲ ਹੋ ਗਈ ਅਤੇ ਉਸ ਨੇ ਵੰਦੇ ਮਾਤਰਮ ਨੂੰ 'ਇਕ ਭਾਰਤ-ਸ੍ਰੇਸ਼ਠ ਭਾਰਤ ਅਤੇ ਵਿਕਸਿਤ ਭਾਰਤ' ਦੇ ਸੰਕਲਪ ਦਾ ਪ੍ਰਤੀਕ ਕਰਾਰ ਦਿੰਦਿਆਂ ਇਸ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕਰ ਦਿੱਤੀ ਹੈ। ਇਸ 'ਤੇ ਸੰਸਦ ਵਿਚ ਪੈਦਾ ਹੋਏ ਅਨਿਸਚਿਤ ਹਾਲਾਤ ਕਾਰਨ ਪੂਰੀ ਚਰਚਾ ਨਹੀਂ ਹੋ ਸਕੀ ਪਰ ਦੱਖਣ ਦੀ ਤਾਮਿਲਨਾਡੂ ਦੀ ਦ੍ਰਾਵਿੜ ਮੁਨੇਤਰ ਕੜਗਮ ਦੀ ਸੰਸਦ ਮੈਂਬਰ ਕੋਨੀਮੋਝੀ ਨੇ ਲੋਕ ਸਭਾ ਵਿਚ ਇਸ ਬਿੱਲ ਦੇ ਖ਼ਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ ਅਤੇ ਇਹ ਦੋਸ਼ ਲਗਾਇਆ ਕਿ ਸਰਕਾਰ ਇਸ ਦੇ ਜ਼ਰੀਏ ਹਿੰਦੂਤਵ ਦੇ ਏਜੰਡੇ ਨੂੰ ਰਾਸ਼ਟਰੀਅਤਾ ਦੇ ਰੂਪ ਵਿਚ ਪੇਸ਼ ਕਰ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਇਹ ਦੇਸ਼ ਦੇ ਨਾਗਰਿਕਾਂ ਦੇ ਵਿਰੁੱਧ ਹੈ। ਇਸ ਤਰ੍ਹਾਂ ਰਾਸ਼ਟਰਵਾਦ ਥੋਪਿਆ ਨਹੀਂ ਜਾ ਸਕਦਾ ਅਤੇ ਇਹ ਦੇਸ਼ ਦੇ ਸੰਘੀ ਢਾਂਚੇ ਅਤੇ ਧਰਮ ਨਿਰਪੱਖਤਾ ਦੀ ਭਾਵਨਾ ਦੇ ਵੀ ਖ਼ਿਲਾਫ਼ ਹੈ।
ਬਿਨਾਂ ਸ਼ੱਕ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਵਾਸੀਆਂ ਨੇ ਵੱਡਾ ਮਾਣ ਦੇ ਕੇ ਆਪਣੇ ਸਿਰ 'ਤੇ ਬਿਠਾਇਆ ਹੈ। ਇਸ ਤਰ੍ਹਾਂ ਉਸ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਉਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੇਸ਼ ਵਿਚ ਭਾਈਚਾਰਕ ਸਾਂਝ ਬਣੀ ਰਹੇ, ਇੱਥੇ ਫਿਰਕੂਵਾਦ ਨੂੰ ਹਵਾ ਦੇਣ ਵਾਲੀਆਂ ਭਾਵਨਾਵਾਂ ਨੂੰ ਮਾਨਤਾ ਨਾ ਦਿੱਤੀ ਜਾਏ ਅਤੇ ਸੰਵਿਧਾਨ ਦੀ ਧਰਮ ਨਿਰਪੱਖਤਾ ਦੀ ਭਾਵਨਾ ਦੀ ਕਦਰ ਕੀਤੀ ਜਾਏ, ਇਸ ਤਰ੍ਹਾਂ ਹੀ ਸਾਡਾ ਇਹ ਦੇਸ਼ ਸਹੀ ਅਰਥਾਂ ਵਿਚ ਵਿਕਾਸ ਦੇ ਰਾਹ 'ਤੇ ਤੁਰ ਸਕੇਗਾ। ਅਸੀਂ ਬਹੁਤ ਸਾਰੇ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਮੁਕਾਬਲੇ ਵਿਚ ਆਪਣੇ ਸੰਵਿਧਾਨ ਦੀ ਭਾਵਨਾ 'ਤੇ ਮਾਣ ਕਰਦੇ ਰਹੇ ਹਾਂ। ਪਿਛਲੇ 76 ਸਾਲ ਤੋਂ ਇਸੇ ਭਾਵਨਾ ਨੇ ਹੀ ਦੇਸ਼ ਦੇ ਵੱਖ-ਵੱਖ ਫਿਰਕਿਆਂ ਅਤੇ ਭਾਈਚਾਰਿਆਂ ਨੂੰ ਇਕ ਸਾਂਝ ਦੀ ਸ਼ਕਤੀ ਬਖ਼ਸ਼ੀ ਹੈ। ਅਜਿਹੀ ਸਾਂਝ ਨੂੰ ਬਰਕਰਾਰ ਰੱਖਣ ਦਾ ਯਤਨ ਕਰਨਾ ਸਾਡੀ ਪਹਿਲ ਹੋਣੀ ਚਾਹੀਦੀ ਹੈ। ਇਸੇ ਭਾਵਨਾ ਨਾਲ ਹੀ ਦੇਸ਼ ਦੀਆਂ ਸਰਕਾਰਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਦੇਸ਼ ਦੇ ਸਨਮਾਨ ਵਿਚ ਵਾਧਾ ਹੋਵੇਗਾ। ਅੱਜ ਸਾਡੀਆਂ ਸਰਕਾਰਾਂ ਨੂੰ ਅਜਿਹੇ ਗੰਭੀਰ ਅਤੇ ਭਾਵਪੂਰਤ ਮਸਲਿਆਂ ਪ੍ਰਤੀ ਸੁਚੇਤ ਹੋ ਕੇ ਤੁਰਨ ਦੀ ਜ਼ਰੂਰਤ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਆਲਮਪੁਰ ਬੋਦਲਾ ਜ਼ਮੀਨ ਮਾਮਲੇ ’ਚ ਵਿਅਕਤੀ ਦੀ ਮੌਤ, 4 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜੋ ਏਕੇ ਨੂੰ ਵਿਉਂਤਬੰਦੀ ਦਾ ਧੁਰਾ ਬਣਾਉਣਗੇ, ਉਹੀ ਕਾਮਯਾਬ ਹੋਣਗੇ। -ਵੀਨਸ ਲੋਮਬਰਾਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।