ਕਿਧਰੇ ਵੀ ਜਦੋਂ ਕੋਈ ਚਰਚਾ ਹੁੰਦੀ ਹੈ ਤਾਂ ਆਮ ਕਰਕੇ ਇਹ ਕਿਹਾ ਜਾਂਦਾ ਹੈ ਕਿ ਘੱਟ ਗਿਣਤੀ ਵਾਲਿਆਂ ਨੂੰ ਤੇ ਖ਼ਾਸ ਕਰਕੇ ਸਿੱਖਾਂ ਨੂੰ ਭਾਰਤ ਵਿਚ ਅਣਗੌਲਿਆ ਕੀਤਾ ਗਿਆ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਬਾਰੇ ਹਮੇਸ਼ਾ ਜਾਣਕਾਰੀ ਰੱਖਣੀ ਚਾਹੀਦੀ ਹੈ ਕਿ ਸਾਡੇ ਵਿਚ ਉਹ ਕੌਣ ਸਨ, ਜਿਹੜੇ ਉੱਚ ਕੋਟੀ ਦੀਆਂ ਪਦਵੀਆਂ ਪ੍ਰਾਪਤ ਕਰ ਕੇ ਗਏ ਸਨ। ਅੱਜ ਮੈਂ ਇਕ ਐਸੀ ਵਿਲੱਖਣ ਸ਼ਖ਼ਸੀਅਤ ਬਾਰੇ ਲਿਖ ਰਿਹਾ ਹਾਂ, ਜਿਸ ਨੂੰ ਬੜੇ ਚਿਰ ਤੋਂ ਅਸੀਂ ਭੁੱਲ ਬੈਠੇ ਹਾਂ। ਮੇਰੀ ਮੁਰਾਦ ਸ. ਗੁਰਦਿਆਲ ਸਿੰਘ ਢਿੱਲੋਂ ਤੋਂ ਹੈ। ਉਹ 1915 ਵਿਚ ਤਰਨ ਤਾਰਨ ਸਾਹਿਬ ਦੇ ਨੇੜੇ ਇਤਿਹਾਸਕ ਪਿੰਡ ਪੰਜਵੜ ਵਿਖੇ 6 ਅਗਸਤ, 1915 ਨੂੰ ਪੈਦਾ ਹੋਏ ਸਨ। ਇਨ੍ਹਾਂ ਦਾ ਪਰਿਵਾਰ ਭੰਗੀ ਮਿਸਲ ਨਾਲ ਜੁੜਿਆ ਹੋਇਆ ਸੀ। ਸਾਨੂੰ ਯਾਦ ਹੋਣਾ ਚਾਹੀਦਾ ਹੈ ਕਿ 1765 ਤੋਂ ਲੈ ਕੇ ਸਾਲ 1800 ਤੱਕ ਸਾਰੇ ਪੰਜਾਬ ਵਿਚ ਸਿੱਖ ਮਿਸਲਾਂ ਦਾ ਰਾਜ ਸੀ ਅਤੇ ਭੰਗੀ ਮਿਸਲ ਅੰਮ੍ਰਿਤਸਰ ਇਲਾਕੇ ਵਿਚ ਕਾਬਜ਼ ਸੀ। ਉਸ ਸਮੇਂ ਦੀ ਸਭ ਤੋਂ ਵੱਡੀ ਤੋਪ 'ਭੰਗੀਆਂ ਵਾਲੀ ਤੋਪ' ਮੰਨੀ ਜਾਂਦੀ ਸੀ।
![]()
ਸ. ਗੁਰਦਿਆਲ ਸਿੰਘ ਦੀ ਕਹਾਣੀ ਹਰ ਨੌਜਵਾਨ ਨੂੰ ਉਤਸ਼ਾਹ ਦੇਣ ਵਾਲੀ ਹੈ ਕਿ ਉਹ ਕਿਵੇਂ ਇਕ ਪੇਂਡੂ ਜੀਵਨ ਤੋਂ ਉੱਠ ਕੇ ਭਾਰਤ ਦੀ ਸੰਸਦ ਦੇ ਸਪੀਕਰ ਬਣੇ ਸਨ ਅਤੇ ਅੰਤਰਰਾਸ਼ਟਰੀ ਸੰਸਦ ਯੂਨੀਅਨ ਦੇ ਵੀ ਪ੍ਰਧਾਨ ਚੁਣੇ ਗਏ ਸਨ। ਸਿੱਖਾਂ ਲਈ ਕਿੰਨੀ ਮਾਣ ਵਾਲੀ ਗੱਲ ਹੈ ਕਿ ਢਿੱਲੋਂ ਸਾਹਿਬ ਤੋਂ ਪਹਿਲਾਂ ਸ. ਹੁਕਮ ਸਿੰਘ ਵੀ ਸਪੀਕਰ ਬਣੇੇ, ਜਿਨ੍ਹਾਂ ਨੂੰ ਰਾਜਸਥਾਨ ਦਾ ਗਵਰਨਰ ਵੀ ਲਾਇਆ ਗਿਆ ਸੀ। ਸ. ਹੁਕਮ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਸਨ। ਢਿੱਲੋਂ ਸਾਹਿਬ ਮੈਟ੍ਰਿਕ ਪਾਸ ਕਰ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖਲ ਹੋਏ ਅਤੇ ਸਰਕਾਰੀ ਕਾਲਜ ਲਾਹੌਰ ਤੋਂ ਬੀ.ਏ. ਪਾਸ ਕੀਤੀ ਤੇ ਫਿਰ ਉਨ੍ਹਾਂ ਨੇ ਲਾਅ ਕਾਲਜ ਤੋਂ ਐਲ.ਐਲ.ਬੀ. ਕਰ ਕੇ ਅੰਮ੍ਰਿਤਸਰ ਵਿਚ ਵਕਾਲਤ ਆਰੰਭ ਦਿੱਤੀ ਸੀ। ਆਪਣੇ ਜੀਵਨ ਦੇ ਆਰੰਭ ਤੋਂ ਹੀ ਢਿੱਲੋਂ ਸਾਹਿਬ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲੱਗ ਪਏ ਸਨ ਤੇ ਫਿਰ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਕੇੇ ਆਜ਼ਾਦੀ ਦੀ ਲਹਿਰ ਵਿਚ ਹਿੱਸਾ ਲੈਣ ਲੱਗੇ ਸਨ, ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਸਾਰੀ ਉਮਰ ਉਹ ਕਾਂਗਰਸ ਪਾਰਟੀ ਨਾਲ ਜੁੜੇ ਰਹੇ। ਪੱਤਰਕਾਰੀ ਵੀ ਇਨ੍ਹਾਂ ਦਾ ਸ਼ੌਕ ਸੀ। ਉਹ ਪੰਜਾਬੀ ਵਿਚ 'ਵਰਤਮਾਨ' ਅਖ਼ਬਾਰ ਦੇ ਐਡੀਟਰ ਰਹੇ ਤੇ ਉਰਦੂ ਦੇ 'ਸ਼ੇਰ-ਏ-ਭਾਰਤ' ਦੇ ਵੀ ਐਡੀਟਰ ਸਨ। 1952 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਵਿਧਾਇਕ ਚੁਣਿਆ ਗਿਆ ਤੇ ਉਹ ਲਗਾਤਾਰ ਤਿੰਨ ਵਾਰ ਜਿੱਤਦੇ ਰਹੇ। ਇਹ ਪੰਜਾਬ ਵਿਧਾਨ ਸਭਾ ਦੇ ਪਹਿਲੇ ਡਿਪਟੀ ਸਪੀਕਰ ਚੁਣੇ ਗਏੇ, ਉਦੋਂ ਵਿਧਾਨ ਸਭਾ ਸ਼ਿਮਲੇ ਵਿਚ ਹੁੰਦੀ ਸੀ। ਇਨ੍ਹਾਂ ਦੀ ਕਾਮਯਾਬੀ ਦੀ ਮਿਸਾਲ ਵੇਖੋ ਕਿ 2 ਸਾਲਾਂ ਪਿੱਛੋਂ ਹੀ ਇਨ੍ਹਾਂ ਨੂੰ ਵਿਧਾਨ ਸਭਾ ਦੇ ਸਪੀਕਰ ਬਣਨ ਦਾ ਮਾਣ ਪ੍ਰਾਪਤ ਹੋ ਗਿਆ। ਪੰਜਾਬ ਵਿਚ ਉਹ ਮੰਤਰੀ ਵੀ ਬਣੇ ਸਨ। ਪੰਜਾਬੀ ਸੂਬਾ ਬਣਨ ਪਿੱਛੋਂ 1967 ਵਿਚ ਉੁਨ੍ਹਾਂ ਨੇ ਤਰਨ ਤਾਰਨ ਦੀ ਲੋਕ ਸਭਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ। ਸ਼ਾਇਦ ਇਸ ਸੀਟ 'ਤੇ ਹੁਣ ਤੱਕ ਇਕੋ ਕਾਂਗਰਸੀ ਜਿੱਤਿਆ ਹੈ ਤਾਂ ਉਹ ਗੁਰਦਿਆਲ ਸਿੰਘ ਢਿੱਲੋਂ ਹੀ ਸੀ। ਕਮਾਲ ਇਹ ਹੈ ਕਿ ਪਹਿਲੀ ਵਾਰ ਸੰਸਦ ਮੈਂਬਰ ਬਣਨ 'ਤੇ ਦੋ ਸਾਲਾਂ ਦੇ ਅੰਦਰ ਹੀ ਉਹ ਲੋਕ ਸਭਾ ਦੇ 8 ਅਗਸਤ 1969 ਨੂੰ ਸਪੀਕਰ ਚੁਣੇ ਗਏ। 1971 ਦੀਆਂ ਚੋਣਾਂ ਵਿਚ ਉਹ ਮੁੜ ਸੰਸਦ ਮੈਂਬਰ ਬਣੇ ਅਤੇ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣ ਗਏ। ਇਹ ਬੜੀ ਮਾਣ ਵਾਲੀ ਗੱਲ ਹੈ ਕਿ ਉਹ ਦੂਜੀ ਵਾਰ ਵੀ ਸਪੀਕਰ ਬਣੇ ਸਨ। ਉਨ੍ਹਾਂ ਨੂੰ ਜਗਤ ਪ੍ਰਸਿੱਧੀ ਉਦੋਂ ਮਿਲੀ, ਜਦ 1973 'ਚ ਉਹ ਅੰਤਰਰਾਸ਼ਟਰੀ ਸੰਸਦੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ। ਇਹ ਮਾਣ-ਸਤਿਕਾਰ ਇਕੋ ਭਾਰਤੀ ਤੇ ਉਹ ਵੀ ਸਿੱਖ ਨੂੰ ਮਿਲਣਾ, ਇਤਿਹਾਸਕ ਘਟਨਾ ਸੀ। ਭਾਰਤ ਸਰਕਾਰ ਨੇ ਇਨ੍ਹਾਂ ਨੂੰ 1980 ਵਿਚ ਕੈਨੇਡਾ ਦਾ ਰਾਜਦੂਤ ਬਣਾਇਆ, ਜਿੱਥੇ ਸਿੱਖਾਂ ਦੀ ਚੌਖੀ ਆਬਾਦੀ ਹੈ। ਇਹ ਸਭ ਤੋਂ ਔਖਾ ਸਮਾਂ ਸੀ, ਕਿਉਂ ਜੋ ਪੰਜਾਬ ਵਿਚ ਉਸੇ ਸਿੱਖ ਭਾਈਚਾਰੇ ਵਿਚ ਕਾਫੀ ਬੇਚੈਨੀ ਪਾਈ ਜਾ ਰਹੀ ਸੀ। 1985 'ਚ ਉਹ ਮੁੜ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਅਤੇ ਰਾਜੀਵ ਗਾਂਧੀ ਸਰਕਾਰ ਵਿਚ ਖੇਤੀਬਾੜੀ ਮੰਤਰੀ ਬਣੇ।
ਉਨ੍ਹਾਂ ਦੀ ਵਿੱਦਿਆ ਵਿਚ ਵਿਸ਼ੇਸ਼ ਦਿਲਚਸਪੀ ਸੀ ਤੇ ਉਹ ਲਗਾਤਾਰ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵੀ ਰਹੇ। ਉਨ੍ਹਾਂ ਨੇ ਕਾਫ਼ੀ ਕਿਤਾਬਾਂ ਵੀ ਲਿਖੀਆਂ, ਖ਼ਾਸ ਕਰਕੇ ਸਿੱਖ ਇਤਿਹਾਸ ਤੇ ਸਿੱਖ ਬੱਚਿਆਂ ਲਈ, ਜੋ ਬਹੁਤ ਪ੍ਰਸਿੱਧ ਸਨ। ਅਜੋਕੀ ਸੰਸਦ ਦੇ ਵਾਤਾਵਰਨ ਨੂੰ ਦੇਖਦੇ ਹੋਏ ਲੋਕ ਯਾਦ ਕਰਦੇ ਹਨ ਕਿ ਕਿਵੇਂ ਸ. ਗੁਰਦਿਆਲ ਸਿੰਘ ਢਿੱਲੋਂ ਤੇ ਪਹਿਲਾਂ ਸ. ਹੁਕਮ ਸਿੰਘ ਨੇ ਉਸ ਸਮੇਂ ਸੰਸਦੀ ਪ੍ਰਣਾਲੀ ਨੂੰ ਨਿਰਪੱਖਤਾ ਨਾਲ ਚਲਾਇਆ ਅਤੇ ਵਿਰੋਧੀ ਪਾਰਟੀਆਂ ਨੂੰ ਹਮੇਸ਼ਾ ਇੱਜ਼ਤ-ਮਾਣ ਦਿੱਤਾ ਸੀ। ਸ. ਗੁਰਦਿਆਲ ਸਿੰਘ ਢਿੱਲੋਂ ਦਿਲ ਦੀ ਬਿਮਾਰੀ ਕਾਰਨ 23 ਮਾਰਚ 1992 ਨੂੰ ਅਕਾਲ ਚਲਾਣਾ ਕਰ ਗਏ ਸਨ।
ਸਾਬਕਾ ਐਮ.ਪੀ.