ਗੁਆਂਢੀ ਹਿਮਾਲਿਆਈ ਦੇਸ਼ ਨਿਪਾਲ ਵਿਚ ਅਚਾਨਕ ਆਏ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੈ | ਇਸ ਨਾਲ ਸੈਂਕੜੇ ਹੀ ਲੋਕਾਂ ਦੇ ਮਰਨ ਦੀਆਂ ਅਤੇ ਵੱਡੀ ਗਿਣਤੀ ਵਿਚ ਲਾਪਤਾ ਹੋਣ ਦੀਆਂ ਖ਼ਬਰਾਂ ਆਈਆਂ ਹਨ | ਇਹ ਕੁਦਰਤੀ ਤ੍ਰਾਸਦੀ ਸਿਰਫ਼ ਨਿਪਾਲ ਦੀ ਨਹੀਂ ਹੈ, ਸਗੋਂ ਭਾਰਤ ਦੇ ਨਾਲ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਵੀ ਹੈ, ਜਿਨ੍ਹਾਂ ਦੇ ਨਾਗਰਿਕ ਅਚਾਨਕ ਇਨ੍ਹਾਂ ਹੜ੍ਹਾਂ ਦੀ ਲਪੇਟ ਵਿਚ ਆ ਗਏ ਹਨ | ਇਕ ਅੰਦਾਜ਼ੇ ਅਨੁਸਾਰ ਘੱਟੋ-ਘੱਟ 30 ਦੇਸ਼ਾਂ ਦੇ ਸੈਲਾਨੀ ਨਿਪਾਲ ਦੀ ਯਾਤਰਾ 'ਤੇ ਆਏ ਹੋਏ ਸਨ | ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਦਰਜਨਾਂ ਹੀ ਵਿਅਕਤੀ ਕੈਲਾਸ਼-ਮਾਨਸਰੋਵਰ ਦੀ ਯਾਤਰਾ 'ਤੇ ਵੀ ਗਏ ਹੋਏ ਸਨ | ਨਿਪਾਲ ਦੇ ਸੈਰ-ਸਪਾਟਾ ਵਿਭਾਗ ਅਨੁਸਾਰ ਕੁਲ 1500 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਹਨ | ਤਿੱਬਤ ਨਾਲ ਲਗਦੇ ਨਿਪਾਲ ਦੇ ਕਈ ਜ਼ਿਲਿ੍ਹਆਂ ਵਿਚ ਵੱਡੀ ਤਬਾਹੀ ਹੋਈ ਹੈ | ਇਸ ਵਿਚ ਕਈ ਪਣਬਿਜਲੀ ਪ੍ਰੋਜੈਕਟਾਂ ਦੇ ਨਾਲ-ਨਾਲ ਘਰ, ਸੜਕਾਂ ਅਤੇ ਬਾਜ਼ਾਰ ਤੱਕ ਰੁੜ੍ਹ ਗਏ ਹਨ | ਨਿਪਾਲ ਪੁਲਿਸ ਨੇ ਇਹ ਸਤਰਾਂ ਲਿਖੇ ਜਾਣ ਤੱਕ 547 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ | ਦੂਜੇ ਪਾਸੇ ਚੀਨ ਨੇ ਆਪਣੇ ਪਾਸੇ ਤਿੱਬਤ ਵਿਚ 5 ਲੋਕਾਂ ਦੇ ਮਾਰੇ ਜਾਣ ਤੇ 558 ਲੋਕਾਂ ਦੇ ਗੁੰਮ ਹੋਣ ਦੀ ਜਾਣਕਾਰੀ ਦਿੱਤੀ ਹੈ | ਨਿਪਾਲ 'ਚ ਗੁੰਮ ਹੋਏ 500 ਵਿਦੇਸ਼ੀ ਲੋਕਾਂ ਵਿਚੋਂ 320 ਭਾਰਤੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ | ਭਾਰਤ ਵਲੋਂ ਤੁਰੰਤ ਕਾਰਵਾਈ ਕਰਦਿਆਂ ਇਕ ਫ਼ੌਜੀ ਟਰਾਂਸਪੋਰਟ ਜਹਾਜ਼ ਰਾਹੀਂ ਰਾਹਤ ਦੀ ਸਮੱਗਰੀ ਦੀ ਪਹਿਲੀ ਖੇਪ ਵੀ ਭੇਜ ਦਿੱਤੀ ਗਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਪਾਲੀ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨਾਲ ਗੱਲ ਕਰ ਕੇ ਜਲਦ ਤੋਂ ਜਲਦ ਹਰ ਸੰਭਵ ਸਹਾਇਤਾ ਭੇਜਣ ਦਾ ਯਕੀਨ ਦਿਵਾਇਆ ਹੈ | ਨਿਪਾਲ ਦੀ ਸਰਹੱਦ ਨਾਲ ਲਗਦੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਹਾਲੇ ਇਸ ਹੜ੍ਹ ਦਾ ਨੁਕਸਾਨ ਨਹੀਂ ਦੇਖਿਆ ਗਿਆ ਪਰ ਇਸ ਨੇ ਭਾਰਤ ਦੀ ਚਿੰਤਾ ਵਿਚ ਵਾਧਾ ਜ਼ਰੂਰ ਕਰ ਦਿੱਤਾ ਹੈ | ਇਸ ਤਬਾਹੀ ਦਾ ਅੰਦਾਜ਼ਾ ਤਾਂ ਗਲੇਸ਼ੀਅਰ ਦੇ ਕਮਜ਼ੋਰ ਪੈ ਜਾਣ ਨਾਲ ਇਕਦਮ ਪਾਣੀ ਅਤੇ ਚਟਾਨਾਂ ਦੇ ਟੁੱਟਣ ਨਾਲ ਹੋਇਆ ਹੈ | ਨਿਪਾਲ ਵਿਚ ਪਹਿਲਾਂ ਵੀ ਅਜਿਹੇ ਕੁਦਰਤੀ ਹਾਦਸੇ ਵਾਪਰਦੇ ਰਹੇ ਹਨ ਪਰ ਇਸ ਤੋਂ ਪਹਿਲਾਂ ਉੱਥੇ ਏਨੀ ਵੱਡੀ ਤਬਾਹੀ ਦਾ ਮੰਜ਼ਰ ਨਹੀਂ ਸੀ ਦੇਖਿਆ ਗਿਆ | ਇਸ ਦਾ ਵੱਡਾ ਕਾਰਨ ਧਰਤੀ ਦੀ ਤਪਸ਼ ਨਾਲ ਵੀ ਜੋੜਿਆ ਜਾ ਰਿਹਾ ਹੈ | ਨਿਪਾਲ ਵਿਚ ਪਿਛਲੇ ਦਹਾਕਿਆਂ ਵਿਚ ਲਗਾਤਾਰ ਗਲੇਸ਼ੀਅਰਾਂ ਦੇ ਪਿਘਲਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ | ਦੁਨੀਆ ਭਰ ਵਿਚ ਪਿਛਲੇ ਲੰਮੇ ਸਮੇਂ ਤੋਂ ਵਾਤਾਵਰਨ ਵਿਗਿਆਨੀਆਂ ਵਿਚ ਗਲੋਬਲ ਵਾਰਮਿੰਗ (ਦੁਨਿਆਵੀ ਤਪਸ਼) ਦੀ ਗੱਲ ਚਲਦੀ ਰਹੀ ਹੈ | ਇਸ ਦਾ ਵੱਡਾ ਕਾਰਨ ਗ੍ਰੀਨ ਹਾਊਸ ਗੈਸਾਂ ਦਾ ਲਗਾਤਾਰ ਫੈਲਣਾ ਵੀ ਕਿਹਾ ਜਾ ਸਕਦਾ ਹੈ | ਇਸੇ ਲਈ ਹੀ ਅੰਤਰਰਾਸ਼ਟਰੀ ਮੰਚਾਂ 'ਤੇ ਹਰ ਸੂਰਤ ਵਿਚ ਇਨ੍ਹਾਂ ਗੈਸਾਂ ਨੂੰ ਸੀਮਤ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਰਹੀਆਂ ਹਨ | ਪਹਾੜਾਂ ਵਿਚ ਆਉਂਦੀਆਂ ਅਜਿਹੀਆਂ ਆਫ਼ਤਾਂ ਨੂੰ ਆਧੁਨਿਕ ਜੀਵਨ ਦੀ ਬੇਤਰਤੀਬੀ ਨਾਲ ਵੀ ਜੋੜਿਆ ਜਾਂਦਾ ਹੈ | ਲਗਾਤਾਰ ਉਸਾਰੀਆਂ, ਸੜਕਾਂ, ਘਰਾਂ ਅਤੇ ਬਾਜ਼ਾਰਾਂ ਦੀਆਂ ਉਸਾਰੀਆਂ ਦੀ ਬੇਤਰਤੀਬੀ ਵੀ ਪਹਾੜਾਂ ਲਈ ਇਕ ਵੱਡਾ ਖ਼ਤਰਾ ਬਣਿਆ ਜਾਪਦਾ ਹੈ | ਪਹਾੜਾਂ ਵਿਚ ਹਰ ਤਰ੍ਹਾਂ ਦੀਆਂ ਉਸਾਰੀਆਂ ਦੀ ਵੀ ਇਕ ਸੀਮਾ ਹੋਣੀ ਜ਼ਰੂਰੀ ਹੈ | ਜੰਗਲਾਂ ਦੀ ਲਗਾਤਾਰ ਕਟਾਈ ਵੀ ਹੜ੍ਹਾਂ ਦਾ ਕਾਰਨ ਬਣਦੀ ਹੈ |
ਵੱਡੀ ਗਿਣਤੀ ਵਿਚ ਸੈਲਾਨੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਘੜੀਆਂ ਜਾ ਰਹੀਆਂ ਯੋਜਨਾਵਾਂ ਦੀ ਬਹੁਤਾਤ ਅਕਸਰ ਕੁਦਰਤੀ ਆਫ਼ਤ ਦਾ ਰੂਪ ਧਾਰਨ ਕਰ ਲੈਂਦੀ ਹੈ | ਅੱਜ ਤਕਨੀਕ ਦੇ ਯੁਗ ਵਿਚ ਸੈਟੇਲਾਈਟਾਂ ਰਾਹੀਂ ਲਗਾਤਾਰ ਗਲੇਸ਼ੀਅਰਾਂ ਦੀ ਨਿਗਰਾਨੀ ਬੇਹੱਦ ਜ਼ਰੂਰੀ ਹੈ, ਜਿਸ ਨਾਲ ਆਉਣ ਵਾਲੀ ਕੁਦਰਤੀ ਆਫ਼ਤ ਦਾ ਪਤਾ ਲਗਾਇਆ ਜਾਣਾ ਸੰਭਵ ਹੋ ਸਕਦਾ ਹੈ | ਅਜਿਹੀਆਂ ਤਕਨੀਕਾਂ ਨਾਲ ਵੱਡੀ ਗਿਣਤੀ ਵਿਚ ਮਨੁੱਖੀ ਜਾਨਾਂ ਨੂੰ ਬਚਾਉਣ ਵਿਚ ਸਹਾਇਤਾ ਮਿਲ ਸਕਦੀ ਹੈ | ਇਹ ਭਿਆਨਕ ਹੜ੍ਹ ਇਕ ਅਜਿਹੀ ਚਿਤਾਵਨੀ ਜ਼ਰੂਰ ਹਨ, ਜੋ ਪਹਾੜਾਂ ਵਿਚ ਹੋ ਰਹੇ ਹਰ ਤਰ੍ਹਾਂ ਦੇ ਨਿਰਮਾਣ ਪ੍ਰਤੀ ਸੁਚੇਤ ਯੋਜਨਾਬੰਦੀ ਦੀ ਲੋੜ ਵੱਲ ਇਸ਼ਾਰਾ ਕਰਦੀ ਹੈ | ਵਿਸ਼ਾਲ ਹਿਮਾਲਿਆ ਦੀ ਸ਼ਰਨ ਵਿਚ ਬੈਠੇ ਏਸ਼ੀਆ ਦੇ ਇਸ ਵੱਡੇ ਖਿੱਤੇ ਉੱਪਰ ਵਧ ਰਹੇ ਵਾਤਾਵਰਨ ਅਸੰਤੁਲਨ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਹੋਰ ਵੀ ਸੁਚੇਤ ਹੋ ਕੇ ਸੋਚਣ ਦੀ ਜ਼ਰੂਰਤ ਹੋਵੇਗੀ |
-ਬਰਜਿੰਦਰ ਸਿੰਘ ਹਮਦਰਦ