ਅੱਜ ਰਾਸ਼ਟਰੀ ਖੇਡ ਦਿਵਸ 'ਤੇ ਵਿਸ਼ੇਸ਼

ਜਦ ਵੀ ਖੇਡਾਂ ਜਾਂ ਖੇਡ ਦਿਵਸ ਦੀ ਗੱਲ ਕਰੀਏ ਤਾਂ ਮੇਜਰ ਧਿਆਨ ਚੰਦ ਦਾ ਨਾਂਅ ਯਾਦ ਆਉਂਦਾ ਹੈ | ਉਹ ਹਾਕੀ ਦੇ ਸਭ ਤੋਂ ਵੱਡੇ ਹਰਮਨ-ਪਿਆਰੇ ਖਿਡਾਰੀ ਮੰਨੇ ਜਾਂਦੇ ਨੇ | ਉਨ੍ਹਾਂ ਦੀ ਹਾਕੀ ਦੀ ਖੇਡ ਨੂੰ ਖਾਸ ਦੇਣ ਹੈ ਤੇ ਉਨ੍ਹਾਂ ਦਾ ਨਾਂਅ ਉੱਤਮਤਾ, ਸਮਰਪਣ ਤੇ ਰਾਸ਼ਟਰੀ ਮਾਣ ਨਾਲ ਜੋੜਿਆ ਜਾਂਦਾ ਹੈ | ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਨੂੰ ਹੋਇਆ ਸੀ ਤੇ ਉਨ੍ਹਾਂ ਦੇ ਮਾਣ ਵਿਚ ਇਸ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਣ ਲੱਗ ਪਿਆ |
ਸਾਡੇ ਦੇਸ਼ ਵਿਚ ਹਾਲੇ ਵੀ ਖੇਡਾਂ ਨੂੰ ਬਹੁਤੇ ਪਰਿਵਾਰਾਂ ਵਲੋਂ ਉਹ ਮਹੱਤਵ ਨਹੀਂ ਦਿੱਤਾ ਜਾਂਦਾ, ਜਿੰਨਾ ਬਾਕੀ ਦੇਸ਼ਾਂ ਵਿਚ ਦਿੱਤਾ ਜਾਂਦਾ ਹੈ, ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਲੋਕਾਂ ਦੇ ਮਨਾਂ ਵਿਚ ਇਹ ਡਰ ਰਹਿੰਦਾ ਹੈ ਕਿ ਖੇਡਾਂ ਨੂੰ ਤਰਜੀਹ ਦੇਣ ਨਾਲ ਪੜ੍ਹਾਈ 'ਤੇ ਪ੍ਰਭਾਵ ਪਵੇਗਾ ਤੇ ਫਿਰ ਨੌਕਰੀ ਕਿਵੇਂ ਮਿਲੇਗੀ, ਰੋਜ਼ੀ-ਰੋਟੀ ਦਾ ਸਵਾਲ ਮਨ ਵਿਚ ਆ ਜਾਂਦਾ ਹੈ |
ਰਾਸ਼ਟਰੀ ਖੇਡ ਦਿਨ ਮਨਾਉਣ ਦਾ ਮਕਸਦ ਵੀ ਇਹੀ ਸੀ ਕਿ ਲੋਕਾਂ ਨੂੰ ਖੇਡਾਂ ਦੇ ਮਹੱਤਵ ਦੇ ਨਾਲ-ਨਾਲ ਭਾਰਤੀ ਖੇਡ ਵਿਰਾਸਤ, ਕੋਚਾਂ ਤੇ ਖਿਡਾਰੀਆਂ ਦੇ ਯੋਗਦਾਨ ਯਾਦ ਕਰਵਾਏ ਜਾਣ, ਤਾਂ ਕਿ ਖੇਡਾਂ ਨੂੰ ਵੱਡੇ ਪੱਧਰ 'ਤੇ ਪ੍ਰਫੁੱਲਿਤ ਕੀਤਾ ਜਾ ਸਕੇ |
ਪਿਛਲੇ ਦਿਨੀਂ ਜੰਤਰ-ਮੰਤਰ ਵਿਖੇ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਅਸੀਂ ਸਾਰੇ ਵੇਖ ਚੁੱਕੇ ਹਾਂ ਕਿ ਸਾਡੇ ਨੌਜਵਾਨਾਂ ਕੋਲ ਤਾਕਤ, ਜੋਸ਼, ਹੁਨਰ ਦੀ ਕਮੀ ਨਹੀਂ ਹੈ, ਤੇ ਇਸ ਤੋਂ ਉੱਪਰ ਉਹ ਜਜ਼ਬੇ ਨਾਲ ਭਰਪੂਰ ਹਨ, ਪਰ ਇਸ ਤਾਕਤ ਨੂੰ ਸਹੀ ਦਿਸ਼ਾ ਵਿਚ ਲਗਾਉਣਾ ਬਹੁਤ ਜ਼ਰੂਰੀ ਹੈ |
ਜੇਕਰ ਕਿਸੇ ਨੌਜਵਾਨ ਦੀ ਕਿਸੇ ਖੇਡ ਪ੍ਰਤੀ ਰੁਚੀ ਜਾਂ ਉਸ ਵਿਚ ਅਜਿਹਾ ਹੁਨਰ ਹੈ ਤਾਂ ਉਸ ਦੇ ਸ਼ੌਕ ਜਾਂ ਹੁਨਰ ਨੂੰ ਅੱਗੇ ਵਧਾਉਣਾ ਬਹੁਤ ਜ਼ਰੂਰੀ ਹੈ |
ਅਜੋਕੀ ਜਾਂ ਆਉਣ ਵਾਲੀ ਪੀੜ੍ਹੀ ਦੇ ਤੇਜ਼ੀ ਨਾਲ ਦੌੜਦੇ ਡਿਜੀਟਲ ਦਿਮਾਗ਼ ਨੂੰ ਮੋਬਾਈਲ, ਲੈਪਟਾਪ ਤੇ ਫਾਸਟ ਫੂਡ ਤੋਂ ਕੱਢ ਕੇ ਇਸ ਰਚਨਾਤਮਿਕ ਕੰਮ ਵਿਚ ਲਗਾਉਣਾ ਬਹੁਤ ਜ਼ਰੂਰੀ ਹੈ | ਖੇਡਾਂ ਸਰੀਰ ਨੂੰ ਤੰਦਰੁਸਤ ਰੱਖਣ ਦਾ ਵੀ ਸਭ ਤੋਂ ਵਧੀਆ ਤਰੀਕਾ ਹਨ |
ਖੇਡਾਂ ਸਰੀਰ ਨੂੰ ਸਿਹਤਮੰਦ ਰੱਖਣ, ਇਸ ਤੋਂ ਇਲਾਵਾ ਆਤਮ-ਵਿਸ਼ਵਾਸ, ਅਨੁਸ਼ਾਸਨ, ਸੱਭਿਅਕ ਵਿਹਾਰ, ਸਮੇਂ 'ਤੇ ਖਾਣਾ, ਹਾਰ ਨੂੰ ਸਵੀਕਾਰਨਾ ਆਦਿ ਇਹ ਸਭ ਗੱਲਾਂ ਸਿਖਾਉਂਦੀਆਂ ਹਨ, ਇਹ ਵੀ ਸਿਖਾਉਂਦੀਆਂ ਨੇ ਕਿ ਹਾਰ ਅੰਤ ਨਹੀਂ, ਨਵੀਂ ਸ਼ੁਰੂਆਤ ਹੈ | ਇਕ ਟੀਮ ਵਾਂਗ ਕੰਮ ਕਰਨ ਵਰਗੀਆਂ ਸਭ ਖੂਬੀਆਂ ਖੇਡਾਂ ਕਾਰਨ ਹੀ ਸ਼ਖ਼ਸੀਅਤ ਵਿਚ ਪਣਪਦੀਆਂ ਨੇ |
ਖੇਡਾਂ ਜ਼ਰੀਏ ਅਸੀਂ ਇਹ ਸਿੱਖਦੇ ਹਾਂ ਕਿ ਜਿੱਤ ਤੇ ਹਾਰ ਦੋਵੇਂ ਜ਼ਿੰਦਗੀ ਦੇ ਜ਼ਰੂਰੀ ਸਬਕ ਨੇ | ਸਭ ਤੋਂ ਅਹਿਮ ਤੇ ਮਹੱਤਵਪੂਰਨ ਹੈ ਮੁਕਾਬਲੇ ਵਿਚ ਹਿੱਸਾ ਲੈਣ ਦੀ ਭਾਵਨਾ, ਜੋ ਨਿਰਪੱਖ ਜ਼ਿੰਮੇਵਾਰੀ ਤੇ ਟੀਮ ਵਰਕ ਹਕੀਕਤ ਵਿਚ ਸਿਖਾਉਂਦੀ ਹੈ | ਮੈਦਾਨ 'ਚ ਲਿਆ ਫੈਸਲਾ ਜ਼ਿੰਦਗੀ ਵਿਚ ਆਗੂ ਬਣਨਾ ਵੀ ਸਿਖਾਉਂਦਾ ਹੈ |
ਅੱਜ ਦੀ ਆਧੁਨਿਕ ਨੌਜਵਾਨ ਪੀੜ੍ਹੀ ਨੂੰ ਜੇਕਰ ਸਹੀ ਸਮੇਂ 'ਤੇ ਸਹੀ ਦਿਸ਼ਾ ਮਿਲ ਜਾਵੇ ਤੇ ਉਨ੍ਹਾਂ ਦਾ ਭਵਿੱਖ ਸੰਵਰ ਸਕਦਾ ਹੈ ਤੇ ਵਰਤਮਾਨ ਖ਼ੁਸ਼ਨੁਮਾ ਹੋ ਸਕਦਾ ਹੈ |
ਗ਼ਲਤ ਸੰਗਤ, ਗ਼ਲਤ ਪਾਸੇ, ਗ਼ਲਤ ਕੰਮਾਂ ਵਿਚ ਪੈਣ ਤੋਂ ਖੇਡਾਂ ਨੌਜਵਾਨ ਪੀੜ੍ਹੀ ਨੂੰ ਬਚਾਉਂਦੀਆਂ ਹਨ |
ਹੁਣ ਸਮਾਂ ਪਹਿਲਾਂ ਨਾਲੋਂ ਕਾਫ਼ੀ ਬਦਲ ਰਿਹਾ ਹੈ | ਮਾਤਾ-ਪਿਤਾ ਆਪਣੇ ਬੱਚਿਆਂ ਦੇ ਖੇਡਾਂ ਪ੍ਰਤੀ ਸ਼ੌਕ ਨੂੰ ਅਤੇ ਉਨ੍ਹਾਂ ਦੀ ਖਾਹਿਸ਼ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕਰਦੇ ਨੇ, ਭਾਵੇਂ ਕਰਜ਼ੇ ਲੈਣੇ ਪੈਣ ਜਾਂ ਜ਼ਮੀਨਾਂ ਗਿਰਵੀ ਰੱਖਣੀਆਂ ਪੈਣ, ਮਾਤਾ-ਪਿਤਾ ਹਰ ਸੰਭਵ ਕੋਸ਼ਿਸ਼ ਕਰਦੇ ਹਨ |
ਪਿਛਲੇ ਦਿਨੀਂ ਹੋਈਆਂ 23ਵੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਤਸੱਲੀਬਖ਼ਸ਼ ਰਹੀ | ਤਗਮਾ ਸੂਚੀ ਵਿਚ ਚੌਥਾ ਸਥਾਨ 39 ਤਗਮੇ ਹਾਸਲ ਕਰਨਾ ਵੱਡੀ ਕਾਮਯਾਬੀ ਰਹੀ | ਇਥੇ ਇਕ ਹੋਰ ਬਹੁਤ ਹੀ ਊਰਜਾ ਭਰਨ ਵਾਲੀ, ਖ਼ੁਸ਼ੀ ਦੇਣ ਵਾਲੀ ਗੱਲ ਇਹ ਹੈ ਕਿ ਭਾਰਤੀ ਧੀਆਂ ਨੇ ਆਪਣਾ ਅਸਲੀ ਦਮ ਦਿਖਾਉਂਦਿਆਂ ਕੁੱਲ 13 ਸੋਨ ਤਗਮਿਆਂ ਵਿਚੋਂ 8 ਭਾਰਤ ਦੀ ਝੋਲੀ ਵਿਚ ਪਾਏ, ਭਾਵ ਕਿ 61 ਫ਼ੀਸਦੀ ਤੋਂ ਵੱਧ ਦਾ ਯੋਗਦਾਨ ਭਾਰਤ ਦੀਆਂ ਧੀਆਂ ਦਾ ਰਿਹਾ | ਪਿਛਲੇ ਦਿਨੀਂ ਇਕ ਦਿਨਾ ਵਿਸ਼ਵ ਕ੍ਰਿਕਟ ਮਹਿਲਾ ਕੱਪ ਵਿਚ ਭਾਰਤੀ ਟੀਮ ਨੇ ਪਹਿਲੇ ਨੰਬਰ 'ਤੇ ਆ ਕੇ ਇਹ ਸਾਬਤ ਕਰ ਦਿੱਤਾ ਕਿ ਹੁਣ ਮੈਦਾਨ ਫਤਹਿ ਕਰਨਾ ਔਖਾ ਨਹੀਂ, ਬਸ ਲੋੜ ਹੈ ਹਿੰਮਤ ਤੇ ਨਿਡਰਤਾ ਦੀ |
ਇਹ ਇਸ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੈ, ਕਿਉਂਕਿ ਇਸ ਅੰਕੜੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਲੋਕ ਹੁਣ ਬੇਟੀਆਂ ਨੂੰ ਵੀ ਮੌਕੇ ਪ੍ਰਦਾਨ ਕਰਨ ਵਿਚ ਕੋਈ ਕਮੀ ਨਹੀਂ ਛੱਡ ਰਹੇ, ਉਹ ਬੇਟਿਆਂ ਵਾਂਗ ਹੀ ਬੇਟੀਆਂ ਦੇ ਖੇਡਾਂ ਪ੍ਰਤੀ ਸੁਪਨੇ ਸਾਕਾਰ ਕਰਨ ਦੀ ਹਰ ਕੋਸ਼ਿਸ਼ ਕਰਦੇ ਨੇ | ਖੇਡ ਦੇ ਮੈਦਾਨ ਵਿਚ ਬੇਟੀ-ਬੇਟੇ ਦਾ ਫ਼ਰਕ ਘਟਦਾ ਜਾ ਰਿਹਾ ਹੈ |
ਉਭਰਦੇ ਖਿਡਾਰੀਆਂ ਨੂੰ ਆਉਂਦੀਆਂ ਚੁਣੌਤੀਆਂ ਨੂੰ ਦੂਰ ਕਰਨਾ ਸਰਕਾਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ | ਕਈ ਖਿਡਾਰੀਆਂ ਵਿਚ ਬਹੁਤ ਹੁਨਰ ਹੁੰਦਾ ਹੈ, ਪਰ ਸਾਧਨਾਂ ਦੀ ਘਾਟ ਹੋਣ ਕਾਰਨ ਉਹ ਪਿਛੇ ਹਟ ਜਾਂਦੇ ਨੇ, ਇਨ੍ਹਾਂ ਦਾ ਹੱਥ ਫੜਨ ਵਿਚ ਸਰਕਾਰਾਂ ਨੂੰ , ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ | ਸਕੂਲਾਂ, ਕਾਲਜਾਂ ਤੇ ਜ਼ਿਲ੍ਹਾ ਪੱਧਰ 'ਤੇ ਕਰਵਾਏ ਜਾਂਦੇ ਮੁਕਾਬਲੇ ਇਸ ਹੁਨਰ ਨੂੰ ਪਛਾਣਨ ਲਈ ਮੌਕਾ ਦਿੰਦੇ ਨੇ, ਜੋ ਕਿ ਨੌਜਵਾਨਾਂ ਲਈ ਭਵਿੱਖ ਵਿਚ ਅੱਗੇ ਵਧਣ ਦੇ ਕੰਮ ਆਉਂਦੇ ਹਨ |
ਆਪਣੇ ਦੇਸ਼ ਲਈ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਪੈਸਿਆਂ ਦੇ ਰੂਪ ਵਿਚ ਇਨਾਮ ਦੇਣ ਤੇ ਸਰਕਾਰੀ ਨੌਕਰੀਆਂ ਦੇਣ ਨਾਲ ਖਿਡਾਰੀਆਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਦਾ ਉਤਸ਼ਾਹ ਮਿਲਦਾ ਹੈ | ਖੇਡਾਂ ਅੱਜ ਕੱਲ੍ਹ ਬਹੁਤ ਵਧੀਆ ਕੈਰੀਅਰ ਵੀ ਹਨ |
ਸੋ, ਰਾਸ਼ਟਰੀ ਖੇਡ ਦਿਵਸ ਸਾਨੂੰ ਯਾਦ ਕਰਵਾਉਂਦਾ ਹੈ ਕਿ ਤੰਦਰੁਸਤੀ, ਟੀਮ ਵਰਕ ਤੇ ਅਨੁਸ਼ਾਸਨ ਨਾਲ ਹੀ ਮਜ਼ਬੂਤ ਸਮਾਜ ਤੇ ਮਜ਼ਬੂਤ ਭਾਈਚਾਰਾ ਬਣਦਾ ਹੈ |
ਲੋੜ ਹੈ ਘਰ ਤੋਂ ਇਸ ਦੀ ਸ਼ੁਰੂਆਤ ਕਰੀਏ | ਜੇਕਰ ਸਕੂਲਾਂ, ਕਾਲਜਾਂ ਤੇ ਰਾਸ਼ਟਰੀ ਪੱਧਰ 'ਤੇ ਹਰ ਕੋਈ ਸਹਿਯੋਗ ਕਰੇ ਤਾਂ ਸਾਡੇ ਨੌਜਵਾਨ ਖੇਡਾਂ ਵਰਗੇ ਸਾਰਥਿਕ ਕੰਮ ਵਿਚ ਪੈ ਕੇ ਆਪਣੇ ਸ਼ਹਿਰ, ਆਪਣੇ ਸੂਬੇ ਤੇ ਦੇਸ਼ ਦਾ ਨਾਂਅ ਜ਼ਰੂਰ ਰੋਸ਼ਨ ਕਰਨਗੇ |
ਜਦ ਕੋਈ ਨੌਜਵਾਨ ਦੇਸ਼ ਲਈ ਮੈਡਲ ਜਿੱਤਦਾ ਹੈ, ਦੇਸ਼ ਦਾ ਤਿਰੰਗਾ ਲੈ ਕੇ ਖੜ੍ਹਾ ਹੁੰਦਾ ਹੈ ਤਾਂ ਪੂਰਾ ਦੇਸ਼ ਮਾਣ ਮਹਿਸੂਸ ਕਰਦਾ ਹੈ | ਨੌਜਵਾਨਾਂ ਲਈ ਅੱਜ ਦੇ ਖ਼ਾਸ ਦਿਨ 'ਤੇ ਇਕ ਸੰਦੇਸ਼:
ਮੋਬਾਈਲ ਛੱਡੋ, ਮੈਦਾਨ 'ਚ ਚਲੋ
ਖੇਡੋਗੇ ਤਾਂ ਹੀ ਖਿੜੋਗੇ |
e-mail : gurjot@ajitjalandhar.com
facebook.com/Gurjot.Ajit