28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਿਆਰੀ ਤੇ ਹੁਨਰ ਆਧਾਰਿਤ ਸਿੱਖਿਆ ਸਮੇਂ ਦੀ ਲੋੜ

ਮਿਆਰੀ ਤੇ ਹੁਨਰ ਆਧਾਰਿਤ ਸਿੱਖਿਆ ਸਮੇਂ ਦੀ ਲੋੜ

ਅਜੀਤ ਡੈਸਕ 28-10-2026

ਸਿੱਖਿਆ ਮਨੁੱਖ ਦੇ ਜੀਵਨ ਦਾ ਆਧਾਰ ਹੈ, ਇਹ ਗਿਆਨ, ਹੁਨਰ ਤੇ ਚੰਗੇ ਗੁਣ ਪ੍ਰਾਪਤ ਕਰਨ ਦੀ ਪ੍ਰਕਿਰਿਆ ਹੈ | ਅਸੀਂ ਵੇਖਦੇ ਹਾਂ ਕਿ ਕੋਈ ਵੀ ਪੜਿ੍ਹਆ-ਲਿਖਿਆ ਸੁਚੱਜਾ ਇਨਸਾਨ ਸਮਾਜ ਵਿਚ ਚੰਗਾ ਤੇ ਸੰਤੁਲਿਤ ਜੀਵਨ ਜਿਊਾਦਾ  ਹੈ | ਮੌਜੂਦਾ ਸਮੇਂ 'ਚ ਉਹੀ ਦੇਸ਼ ਤਰੱਕੀ ਦੇ ਰਾਹਾਂ 'ਤੇ ਅੱਗੇ ਵਧ ਸਕਦਾ ਹੈ, ਜਿਸ ਦਾ ਆਪਣਾ ਸਿੱਖਿਆ ਢਾਂਚਾ ਮਜ਼ਬੂਤ ਤੇ ਹੁਨਰ ਆਧਾਰਿਤ ਹੋਵੇ | ਭਾਵੇਂ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਸਿੱਖਿਆ ਦੇ ਵਧੀਆ ਪ੍ਰਬੰਧਾਂ ਲਈ ਵੱਡੇ-ਵੱਡੇ ਦਾਅਵੇ ਕਰਦੀਆਂ ਹਨ, ਪਰ ਕੁਝ ਕੁ ਮਹੀਨੇ ਪਹਿਲਾਂ ਜਾਰੀ ਹੋਈ ਨੀਤੀ ਆਯੋਗ ਦੀ ਰਿਪੋਰਟ ਨੇ ਸਾਰਿਆਂ ਨੂੰ  ਚਿੰਤਾ ਵਿਚ ਪਾ ਦਿੱਤਾ ਹੈ | ਦੇਸ਼ ਦੇ ਸਰਕਾਰੀ ਸਕੂਲਾਂ 'ਚ ਦਾਖਲਿਆਂ ਦੀ ਗਿਣਤੀ 20 ਫ਼ੀਸਦੀ ਤੱਕ ਘਟ ਚੁੱਕੀ ਹੈ | ਇਸੇ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਦੇਸ਼ ਦੇ ਡੇਢ ਲੱਖ ਤੋਂ ਵੱਧ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸਿਰਫ਼ 1-1 ਹੀ ਅਧਿਆਪਕ ਹੈ | ਵਿਸ਼ਾ ਮਾਹਿਰ ਅਧਿਆਪਕਾਂ ਦੀ ਵੱਡੀ ਘਾਟ ਹੈ ਤੇ ਕਈ-ਕਈ ਸਕੂਲਾਂ ਦਾ ਪ੍ਰਬੰਧ ਇਕੋ ਮੁੱਖ ਅਧਿਆਪਕ ਦੇਖ ਰਿਹਾ ਹੈ | ਸਰਕਾਰੀ ਸਕੂਲਾਂ 'ਚ ਬੁਨਿਆਦੀ ਢਾਂਚੇ ਤੇ ਸਫਾਈ ਦੀ ਵੱਡੀ ਘਾਟ ਹੈ | 

ਦੇਸ਼ 'ਚ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ | ਮਾਪਿਆਂ ਦੀ ਦਿਲਚਸਪੀ ਵੀ ਆਪਣੇ ਬੱਚਿਆਂ ਨੂੰ  ਸਰਕਾਰੀ ਸਕੂਲਾਂ ਤੋਂ ਹਟਾ ਕੇ ਪ੍ਰਾਈਵੇਟ ਸਕੂਲਾਂ 'ਚ ਦਾਖਲ ਕਰਵਾਉਣ ਵੱਲ ਵੱਧ ਰਹੀ ਹੈ | ਸ਼ਾਇਦ ਮਾਪਿਆਂ ਨੂੰ  ਲਗਦਾ ਹੈ ਕਿ ਪ੍ਰਾਈਵੇਟ ਸਕੂਲਾਂ 'ਚ ਸਰਕਾਰੀ ਸਕੂਲਾਂ ਨਾਲੋਂ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ | ਹੁਣ ਤਾਂ ਪੰਜਾਬ ਦੇ ਵੀ ਬਹੁਤੇ ਪਿੰਡਾਂ 'ਚ ਪ੍ਰਾਈਵੇਟ ਸਕੂਲ ਖੁੱਲ੍ਹ ਚੁੱਕੇ ਹਨ, ਪਰ ਸਿੱਖਿਆ ਦੇ ਖੇਤਰ ਵਿਚ ਉਮੀਦ ਮੁਤਾਬਕ ਸੁਧਾਰ ਨਹੀਂ ਹੋ ਰਿਹਾ, ਕਿਉਂਕਿ ਬੱਚਿਆਂ ਦਾ ਰੁਝਾਨ ਪੜ੍ਹਾਈ ਨਾਲੋਂ ਮੋਬਾਈਲ ਵੱਲ ਜ਼ਿਆਦਾ ਹੈ ਅਤੇ ਅਧਿਆਪਕ ਤੇ ਮਾਪੇ ਵੀ ਉਨ੍ਹਾਂ ਵੱਲ ਪੂਰਾ ਧਿਆਨ ਨਹੀਂ ਦਿੰਦੇ | ਜ਼ਿਕਰਯੋਗ ਹੈ ਕਿ ਸਰਕਾਰੀ ਅਧਿਆਪਕਾਂ ਦੀ ਵਿਦਿਅਕ ਯੋਗਤਾ ਪ੍ਰਾਈਵੇਟ ਸਕੂਲਾਂ ਦੇ ਬਹੁਤੇ ਅਧਿਆਪਕਾਂ ਨਾਲੋਂ ਕਿਤੇ ਵੱਧ ਹੈ, ਪਰ ਮਾੜੇ ਸਕੂਲ ਪ੍ਰਬੰਧਨ ਦੇ ਚਲਦਿਆਂ ਸਰਕਾਰੀ ਸਕੂਲ ਸ਼ਾਇਦ ਪ੍ਰਾਈਵੇਟ ਸਕੂਲਾਂ ਤੋਂ ਮਾਰ ਖਾ ਰਹੇ ਹਨ | ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨਾਲੋਂ 4-5 ਗੁਣਾਂ ਵੱਧ ਤਨਖਾਹ ਲੈਣ ਵਾਲੇ ਬਹੁਗਿਣਤੀ ਸਰਕਾਰੀ ਅਧਿਆਪਕ ਬੱਚਿਆਂ ਨੂੰ  ਪੜ੍ਹਾਉਣ ਪ੍ਰਤੀ ਪਹਿਲਾਂ ਜਿੰਨੇ ਸੁਹਿਰਦ ਨਜ਼ਰ ਨਹੀਂ ਆਉਂਦੇ | ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਨਿਰਪੱਖਤਾ ਨਾਲ ਇਸ ਦੀ ਜਾਂਚ ਕਰਨ 'ਤੇ ਉਪਰੋਕਤ ਤੱਥ ਦੀ ਸਹਿਜੇ ਹੀ ਪੁਸ਼ਟੀ ਹੋ ਜਾਵੇਗੀ | ਪ੍ਰਾਈਵੇਟ ਸਕੂਲਾਂ ਦੇ ਮਨਮਾਨੇ ਢੰਗ ਨਾਲ ਫੀਸਾਂ ਵਧਾਉਣ 'ਤੇ  ਰੋਕ ਲੱਗਣੀ ਵੀ ਬਹੁਤ ਜ਼ਰੂਰੀ ਹੈ |
ਇਕ ਰਿਪੋਰਟ ਮੁਤਾਬਕ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪਿਛਲੇ 5 ਸਾਲਾਂ ਦੌਰਾਨ ਤਕਰੀਬਨ 6 ਲੱਖ ਦਾਖਲੇ ਘਟੇ ਹਨ ਤੇ ਸਭ ਤੋਂ ਵੱਡੀ

ਢਾਹ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ  ਲੱਗੀ ਹੈ | ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਕ ਵਿਧਾਇਕ ਨੇ ਦੱਸਿਆ ਸੀ ਕਿ ਉਸ ਦੇ ਹਲਕੇ ਦੇ ਇਕ ਸਕੂਲ 'ਚ ਖੁੱਲ੍ਹਾ ਪਖਾਨਾ ਹੈ, ਜੋ ਮੁੰਡੇ ਤੇ ਕੁੜੀਆਂ ਲਈ ਸਾਂਝਾ ਹੈ | ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ | ਹਾਲਾਂਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਦਾਖਲਿਆਂ 'ਚ ਕਮੀ ਆਉਣ ਦੀ ਵਜ੍ਹਾ ਸਕੂਲਾਂ 'ਚ ਪਹਿਲਾਂ ਦੇ ਸਾਢੇ 3 ਲੱਖ ਫਰਜ਼ੀ ਦਾਖਲਿਆਂ ਨੂੰ  ਰਿਕਾਰਡ 'ਚੋਂ ਹਟਾਉਣ ਨੂੰ  ਦੱਸਿਆ ਹੈ | ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਦਾਖਲੇ ਵਧਾਉਣ ਲਈ ਚਲਾਈਆਂ ਵਿਸ਼ੇਸ਼ ਸਕੀਮਾਂ ਨਾਲ ਵੀ ਬਹੁਤਾ ਸੁਧਾਰ ਹੋਇਆ ਦਿਖਾਈ ਨਹੀਂ ਦੇ ਰਿਹਾ | ਦਰਅਸਲ ਸਰਕਾਰੀ ਸਕੂਲਾਂ ਦੇ ਸਿੱਖਿਆ ਢਾਂਚੇ ਨੂੰ  ਸੁਚਾਰੂ ਢੰਗ ਨਾਲ ਚਲਾਉਣ ਲਈ ਸੁਹਿਰਦ ਕੋਸ਼ਿਸ਼ਾਂ ਦੀ ਲੋੜ ਹੈ | ਅਧਿਆਪਕਾਂ ਨੂੰ   ਨਵੇਂ ਤੇ ਵਿਗਿਆਨਕ ਤਰੀਕਿਆਂ ਨਾਲ ਪੜ੍ਹਾਉਣ ਲਈ ਸਿਖਲਾਈ ਦਿੰਦੇ ਰਹਿਣਾ ਹੀ ਕਾਫ਼ੀ ਨਹੀਂ ਹੈ | ਜਦੋਂ ਤੱਕ ਅਧਿਆਪਕ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਤੇ ਸੁਹਿਰਦ ਨਹੀਂ ਹੋਣਗੇ, ਸਿੱਖਿਆ ਕ੍ਰਾਂਤੀ ਸਿਰਫ਼ ਕਹਿਣ ਸੁਣਨ ਦੀਆਂ ਗੱਲਾਂ ਹਨ | ਸਕੂਲਾਂ 'ਚ ਬੁਨਿਆਦੀ ਸਹੂਲਤਾਂ, ਸਾਫ ਸੁਥਰਾ ਪਾਣੀ ਤੇ ਸਭ ਤੋਂ ਜ਼ਰੂਰੀ ਸੁਹਿਰਦ ਅਧਿਆਪਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ | 
ਕੇਂਦਰ ਸਰਕਾਰ ਵਲੋਂ 'ਪੀਐਮ ਸ਼੍ਰੀ ਸਕੂਲ' ਯੋਜਨਾ ਤਹਿਤ ਮੌਜੂਦਾ ਸਰਕਾਰੀ ਸਕੂਲਾਂ ਨੂੰ  ਅਪਗ੍ਰੇਡ ਕਰਕੇ ਆਧੁਨਿਕ, ਉੱਚ ਗੁਣਵੱਤਾ ਤੇ ਮਾਡਲ ਸਕੂਲਾਂ ਵਜੋਂ ਤਿਆਰ ਕੀੇਤਾ ਜਾ ਰਿਹਾ ਹੈ, ਜਿੱਥੇ ਰਾਸ਼ਟਰੀ ਸਿੱਖਿਆ ਨੀਤੀ ਦੇ ਨਿਯਮ ਪੂਰੀ ਤਰ੍ਹਾਂ ਲਾਗੂ ਹੋਣਗੇ | ਇਨ੍ਹਾਂ ਸਕੂਲਾਂ 'ਚ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਪੜ੍ਹਾਈ ਤੇ ਹੋਰ ਸਿੱਖਿਆ ਸਰਗਰਮੀਆਂ ਕਰਵਾਈਆਂ ਜਾਂਦੀਆਂ ਹਨ | ਇਨ੍ਹਾਂ ਸਕੂਲਾਂ 'ਚ ਵਧੀਆ ਲੈਬੋਰੇਟਰੀਆਂ, ਲਾਇਬ੍ਰੇਰੀਆਂ, ਡਿਜੀਟਲ ਪੜ੍ਹਾਈ ਦਾ ਮਾਹੌਲ ਦਿੰਦਿਆਂ ਬੱਚਿਆਂ ਦੀ ਹੁਨਰ ਵਿਕਾਸ ਤੇ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ | ਨੀਤੀ ਆਯੋਗ ਦੀ ਰਿਪੋਰਟ ਮੁਤਾਬਕ ਸਕੂਲਾਂ 'ਚ ਸਿੱਖਿਆ ਦਾ ਪੱਧਰ ਬਹੁਤਾ ਤਸ਼ੱਲੀਬਖਸ਼ ਨਹੀਂ, ਸਕੂਲਾਂ 'ਚ ਚੌਥੀ, ਪੰਜਵੀਂ ਜਮਾਤ 'ਚ ਪੜ੍ਹਦੇ ਬਹੁਤੇ ਵਿਦਿਆਰਥੀ ਆਪਣੀਆਂ ਪੁਸਤਕਾਂ ਨੂੰ  ਚੰਗੇ ਤਰ੍ਹਾਂ ਪੜ੍ਹਨ ਤੋਂ ਅਸਮਰੱਥ ਹਨ | ਸਿੱਖਿਆ ਦੇ ਤੇਜ਼ੀ ਨਾਲ ਹੋ ਰਹੇ ਨਿੱਜੀਕਰਨ ਦੇ ਚਲਦਿਆਂ ਅਮੀਰਾਂ ਤੇ ਗਰੀਬਾਂ ਦੇ ਬੱਚਿਆਂ ਵਿਚਾਲੇ ਪਾੜਾ ਵਧਦਾ ਜਾ ਰਿਹਾ ਹੈ | ਸਿੱਖਿਆ ਮਹਿੰਗੀ ਹੋਣ ਦੇ ਨਾਲ-ਨਾਲ ਗਰੀਬਾਂ ਦੇ ਬੱਚਿਆਂ ਦੀ ਪਹੁੰਚ ਤੋਂ ਦੂਰ ਵੀ ਹੁੰਦੀ ਜਾ ਰਹੀ ਹੈ | ਸਿੱਖਿਆ ਪ੍ਰਣਾਲੀ 'ਚ ਸੁਧਾਰ ਦਾ ਮਤਲਬ ਬੱਚਿਆਂ ਨੂੰ  ਵਧੀਆ ਸੌਖੇ ਢੰਗ ਤੇ ਨਵੀਂ ਤਕਨੀਕ ਨਾਲ ਪੜ੍ਹਾਉਣਾ ਹੈ | ਅਜੋਕੀ ਸਿੱਖਿਆ ਪ੍ਰਣਾਲੀ 'ਚ ਬੱਚਿਆਂ ਲਈ ਹੁਨਰ ਵਿਕਾਸ ਤੇ ਮਿਆਰੀ ਸਿੱਖਿਆ ਨੂੰ  ਪਹਿਲ ਦੇ ਕੇ ਹੀ ਦੇਸ਼ ਦਾ ਭਵਿੱਖ ਉਜਵਲ ਬਣਾਇਆ ਜਾ ਸਕਦਾ ਹੈ | 

-ਮੋਹਾਲੀ (ਸਟੇਟ ਐਵਾਰਡੀ) 
ਮੋਬਾਈਲ : 7888966168

ਪਿਛਲੀ ਖ਼ਬਰ ਪੰਜਾਬ ਦੇ ਦਰਿਆਈ ਪਾਣੀਆਂ ਦੀ ਗਾਥਾ ਅਤੇ ਸੱਚ ਅਗਲੀ ਖ਼ਬਰ ਸਰਕਾਰਾਂ, ਪੁਲਿਸ ਦੀ ਕਾਰਜਸ਼ੈਲੀ ਤੇ ਆਮ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।