12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਆਪਣੀਆਂ ਜਥੇਬੰਦਕ ਕਮਜ਼ੋਰੀਆਂ ਨਾਲ ਜੂਝ ਰਹੀ ਹੈ ਕਾਂਗਰਸ

ਆਪਣੀਆਂ ਜਥੇਬੰਦਕ ਕਮਜ਼ੋਰੀਆਂ ਨਾਲ ਜੂਝ ਰਹੀ ਹੈ ਕਾਂਗਰਸ

ਅਜੀਤ ਡੈਸਕ 12-11-2026

ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ | ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਇਸ ਪਾਰਟੀ ਦਾ ਵੱਡਾ ਰੋਲ ਰਿਹਾ ਹੈ | ਆਜ਼ਾਦੀ ਤੋਂ ਬਾਅਦ ਲੰਮੇ ਸਮੇਂ ਤੱਕ ਕੌਮੀ ਪੱਧਰ 'ਤੇ ਅਤੇ ਵੱਖ-ਵੱਖ ਰਾਜਾਂ ਦੀ ਪੱਧਰ 'ਤੇ ਇਹ ਸੱਤਾਧਾਰੀ ਵੀ ਰਹੀ ਹੈ | ਇਸ ਗੱਲ ਨੂੰ  ਰਾਜਨੀਤਕ, ਪੱਤਰਕਾਰੀ ਅਤੇ ਅਕਾਦਮਿਕ ਹਲਕਿਆਂ ਵਿਚ ਸਵੀਕਾਰ ਕੀਤਾ ਜਾਂਦਾ ਹੈ ਕਿ ਕਾਂਗਰਸ ਨੇ ਦੇਸ਼ ਦੀ ਵੰਡ ਦੇ ਬਾਵਜੂਦ ਦੇਸ਼ ਨੂੰ  ਜਮਹੂਰੀ, ਧਰਮ-ਨਿਰਪੱਖ ਅਤੇ ਸੰਘੀ ਵਿਸ਼ੇਸ਼ਤਾਈਆਂ ਵਾਲਾ ਸੰਵਿਧਾਨ ਦਿੱਤਾ ਸੀ ਤੇ ਇਸ ਸੰਵਿਧਾਨ ਦੀ ਅਗਵਾਈ ਵਿਚ ਕਾਫੀ ਹੱਦ ਤੱਕ ਦੇਸ਼ ਆਪਣੀ ਜਮਹੂਰੀ ਤੋਰ ਨੂੰ  ਬਣਾਈ ਰੱਖਣ ਵਿਚ ਸਫਲ ਰਿਹਾ ਹੈ | ਐਮਰਜੈਂਸੀ ਵਾਲੇ ਸਮੇਂ ਨੂੰ  ਛੱਡ ਕੇ ਬਾਕੀ ਸਾਰੇ ਸਮਿਆਂ ਵਿਚ ਕੌਮੀ ਪੱਧਰ 'ਤੇ ਅਤੇ ਰਾਜਾਂ ਦੀ ਪੱਧਰ 'ਤੇ ਨਿਰੰਤਰ ਚੋਣਾਂ ਹੁੰਦੀਆਂ ਰਹੀਆਂ ਹਨ | ਕਿਸੇ ਵੀ ਤਰ੍ਹਾਂ ਦੇ ਖ਼ੂਨ-ਖਰਾਬੇ ਤੋਂ ਬਿਨਾਂ ਲੋਕਾਂ ਦੀ ਇੱਛਾ ਮੁਤਾਬਿਕ ਸੱਤਾ ਦੀ ਤਬਦੀਲੀ ਹੁੰਦੀ ਰਹੀ ਹੈ | 

ਕਾਂਗਰਸ ਨੇ ਲੰਮੇ ਸਮੇਂ ਤੱਕ ਵੱਖ-ਵੱਖ ਪੱਧਰਾਂ 'ਤੇ ਦੇਸ਼ ਦਾ ਪ੍ਰਸ਼ਾਸਨ ਹੀ ਨਹੀਂ ਚਲਾਇਆ ਸਗੋਂ ਦੇਸ਼ ਦੇ ਵਿਕਾਸ ਵਿਚ ਵੀ ਵੱਡਾ ਹਿੱਸਾ ਪਾਇਆ ਹੈ | ਸਾਇੰਸ ਅਤੇ ਤਕਨਾਲੋਜੀ ਦਾ ਵਿਕਾਸ ਕਰਨ ਅਤੇ ਦੇਸ਼ ਨੂੰ  ਖੁਰਾਕ ਦੇ ਮਾਮਲੇ ਵਿਚ ਸਵੈ-ਨਿਰਭਰ ਬਣਾਉਣ ਲਈ ਇਸ ਪਾਰਟੀ ਦੇ ਪ੍ਰਸ਼ਾਸਨ ਵਲੋਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਹਨ | ਦੇਸ਼ ਨੇ ਆਜ਼ਾਦੀ ਤੋਂ ਬਾਅਦ ਜਦੋਂ ਆਪਣੀ ਵਿਕਾਸ ਯਾਤਰਾ ਸ਼ੁਰੂ ਕੀਤੀ ਸੀ ਤਾਂ ਨਿੱਜੀ ਖੇਤਰ ਏਨਾ ਸਮਰੱਥ ਨਹੀਂ ਸੀ ਕਿ ਸਨਅਤੀ ਖੇਤਰ ਵਿਚ ਵੱਡੀ ਪੱਧਰ 'ਤੇ ਨਿਵੇਸ਼ ਕਰ ਸਕਦਾ, ਇਸ ਦੀ ਪੂਰਤੀ ਲਈ ਕਾਂਗਰਸ ਦੀਆਂ ਸਰਕਾਰਾਂ ਨੇ ਸਨਅਤ, ਸਿੱਖਿਆ, ਸਾਇੰਸ, ਤਕਨਾਲੋਜੀ ਤੇ ਵਿਗਿਆਨ ਦੇ ਖੇਤਰ ਵਿਚ ਜਨਤਕ ਅਦਾਰੇ ਬਣਾ ਕੇ ਖੁਦ ਚੋਖਾ ਨਿਵੇਸ਼ ਕੀਤਾ, ਜਿਸ ਨਾਲ ਦੇਸ਼ ਦੇ ਵਿਕਾਸ ਦੀ ਬੁਨਿਆਦ ਮਜ਼ਬੂਤ ਹੋਈ | ਜਿਥੋਂ ਤੱਕ ਵਿਦੇਸ਼ ਨੀਤੀ ਦਾ ਸੰਬੰਧ ਹੈ, ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਲੰਮੇ ਸਮੇਂ ਤੱਕ ਪੱਛਮੀ ਦੇਸ਼ਾਂ ਦੇ ਗੁੱਟ ਜਾਂ ਸੋਵੀਅਤ ਯੂਨੀਅਨ ਦੀ ਅਗਵਾਈ ਵਾਲੇ ਸਮਾਜਵਾਦੀ ਗੁੱਟ ਵਿਚੋਂ ਕਿਸੇ ਇਕ ਦੀ ਧਿਰ ਬਣਨ ਦੀ ਥਾਂ 'ਤੇ ਗੁੱਟ ਨਿਰਲੇਪਤਾ ਦੀ ਲਹਿਰ ਨੂੰ  ਮਜ਼ਬੂਤ ਕੀਤਾ |  ਕੌਮਾਂਤਰੀ ਪੱਧਰ 'ਤੇ ਗੁੱਟ ਨਿਰਲੇਪ ਸੰਗਠਨ ਬਣਾ ਕੇ ਦੁਨੀਆ ਦੇ ਮਹੱਤਵਪੂਰਨ ਦੇਸ਼ਾਂ ਨੂੰ  ਇਸ ਸੰਗਠਨ ਵਿਚ ਸ਼ਾਮਿਲ ਕੀਤਾ | ਇਸ ਨਾਲ ਭਾਰਤ ਸਮੇਤ ਦੁਨੀਆ ਦੇ ਹੋਰ ਬਹੁਤ ਸਾਰੇ ਦੇਸ਼, ਪੱਛਮੀ ਦੇਸ਼ਾਂ ਜਾਂ ਸਮਾਜਵਾਦੀ ਕੈਂਪਾਂ ਦੇ ਦਬਾਅ ਹੇਠ ਆ ਕੇ ਆਪਣੀਆਂ ਨੀਤੀਆਂ ਘੜਨ ਲਈ ਮਜ਼ਬੂਤ ਹੋਣ ਦੀ ਥਾਂ ਆਪਣੇ ਲੋਕਾਂ ਦੇ ਹਿੱਤਾਂ ਦੇ ਮੁਤਾਬਿਕ ਨੀਤੀਆਂ ਬਣਾ ਕੇ ਆਪੋ-ਆਪਣੇ ਦੇਸ਼ਾਂ ਦੇ ਲੋਕਾਂ ਦਾ ਵਿਕਾਸ ਕਰਨ ਵਿਚ ਸਫਲ ਹੋਏ | ਉਸ ਸਮੇਂ ਦੀ ਕੌਮਾਂਤਰੀ ਸਥਿਤੀ ਵਿਚ ਗੁੱਟ ਨਿਰਲੇਪ ਲਹਿਰ ਦਾ ਆਗੂ ਬਣਨ ਦੇ ਨਾਲ-ਨਾਲ ਭਾਰਤ ਦੇ ਸੋਵੀਅਤ ਸੰਘ ਨਾਲ ਵੀ ਬੜੇ ਚੰਗੇ ਸੰਬੰਧ ਬਣੇ ਰਹੇ ਅਤੇ ਸੋਵੀਅਤ ਸੰਘ ਨੇ ਭਾਰਤ ਨੂੰ  ਸਟੀਲ, ਬਿਜਲੀ ਪੈਦਾ ਕਰਨ ਅਤੇ ਹੋਰ ਤਕਨੀਕੀਆਂ ਖੇਤਰਾਂ ਵਿਚ ਵੱਡਾ ਸਹਿਯੋਗ ਦਿੱਤਾ | ਇਸ ਦਾ ਵੀ ਦੇਸ਼ ਨੂੰ  ਬਹੁਤ ਫਾਇਦਾ ਹੋਇਆ | ਅੱਜ ਜੇਕਰ ਦੇਸ਼ ਬਹੁਤ ਸਾਰੇ ਖੇਤਰਾਂ ਵਿਚ ਆਰਥਿਕ ਤੌਰ 'ਤੇ ਮਜ਼ਬੂਤੀ ਨਾਲ ਖੜ੍ਹਾ ਹੈ, ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਵੀ ਅੱਗੇ ਵਧ ਰਿਹਾ ਹੈ, ਜੇ ਹੁਣ ਬਹੁਤ ਸਾਰੇ ਖੇਤਰਾਂ ਵਿਚ ਨਿੱਜੀ ਖੇਤਰ ਵੀ ਨਿਵੇਸ਼ ਕਰਨ ਦੇ ਸਮਰੱਥ ਹੋ ਰਿਹਾ ਹੈ, ਤਾਂ ਦੇਸ਼ ਦੀ ਇਸ ਵਿਕਾਸ ਯਾਤਰਾ ਵਿਚ ਕਾਂਗਰਸ ਪਾਰਟੀ ਅਤੇ ਉਸ ਦੀਆਂ ਸਰਕਾਰਾਂ ਵਲੋਂ ਅਦਾ ਕੀਤੇ ਗਏ ਰੋਲ ਨੂੰ  ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ |
ਨੀਵਾਣਾਂ ਵੱਲ
ਪਰ ਸਮੇਂ ਦੇ ਬੀਤਣ ਨਾਲ ਕਾਂਗਰਸ ਆਪਣੇ ਸੰਗਠਨ ਨੂੰ  ਮਜ਼ਬੂਤ ਬਣਾ ਕੇ ਨਾ ਰੱਖ ਸਕੀ ਅਤੇ ਨਾ ਹੀ ਆਪਣੀ ਸਿਧਾਂਤਕ ਵਿਚਾਰਧਾਰਾ ਨੂੰ  ਲੋਕਾਂ ਤੱਕ, ਖ਼ਾਸ ਕਰਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰ ਸਕੀ | ਹੌਲੀ-ਹੌਲੀ ਕਾਂਗਰਸ ਦੇ ਆਗੂ ਆਪਣੇ ਉਨ੍ਹਾਂ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਤੋਂ ਦੂਰ ਹੁੰਦੇ ਗਏ, ਜਿਨ੍ਹਾਂ ਦੇ ਆਧਾਰ 'ਤੇ ਕਾਂਗਰਸ ਨੇ ਆਜ਼ਾਦੀ ਦਾ ਸੰਘਰਸ਼ ਲੜਿਆ ਸੀ ਅਤੇ ਉਸ ਤੋਂ ਬਾਅਦ ਦੇਸ਼ ਦੇ ਵਿਕਾਸ ਨੂੰ  ਇਕ ਨਵੀਂ ਗਤੀ ਦਿੱਤੀ ਸੀ | ਖ਼ਾਸ ਕਰਕੇ ਇੰਦਰਾ ਗਾਂਧੀ ਦੇ ਦੌਰ ਵਿਚ ਕਾਂਗਰਸ ਦੀ ਧਰਮ ਨਿਰਪੱਖ, ਜਮਹੂਰੀ ਅਤੇ ਸੰਘੀ ਵਿਚਾਰਧਾਰਾ ਨੂੰ  ਕਾਫ਼ੀ ਢਾਅ ਲੱਗੀ | ਇੰਦਰਾ ਗਾਂਧੀ ਵਲੋਂ ਵਿਰੋਧੀ ਪਾਰਟੀਆਂ ਪ੍ਰਤੀ ਟਕਰਾਅ ਅਤੇ ਅਸਹਿਣਸ਼ੀਲਤਾ ਵਾਲਾ ਰੁਖ਼ ਅਪਣਾਇਆ ਗਿਆ | 1975 ਵਿਚ ਐਮਰਜੈਂਸੀ ਲੱਗਣ ਨੂੰ  ਵੀ ਇਸ ਸੰਦਰਭ ਵਿਚ ਵੇਖਿਆ ਤੇ ਸਮਝਿਆ ਜਾ ਸਕਦਾ ਹੈ | ਇਸ ਤੋਂ ਇਲਾਵਾ ਭਿ੍ਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣ ਅਤੇ ਲੋਕਾਂ ਲਈ ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਪ੍ਰਬੰਧ ਕਰਨ ਵਿਚ ਵੀ ਕਾਂਗਰਸ ਲੋਕਾਂ ਨੂੰ  ਸੰਤੁਸ਼ਟ ਨਾ ਰੱਖ ਸਕੀ | ਬਿਨਾਂ ਸ਼ੱਕ ਕਾਂਗਰਸ ਨੇ ਜਨਤਕ ਖੇਤਰ ਵਿਚ ਸਰਕਾਰੀ ਨਿਵੇਸ਼ ਕਰ ਕੇ ਵੱਡੇ ਸਨਅਤੀ, ਤਕਨੀਕੀ ਅਤੇ ਵਿਗਿਆਨਕ ਅਦਾਰੇ ਖੜ੍ਹੇ ਕੀਤੇ ਸਨ | ਪਰ ਹੁਣ ਉਨ੍ਹਾਂ ਨੂੰ  ਭਿ੍ਸ਼ਟਾਚਾਰ ਮੁਕਤ ਰੱਖ ਕੇ ਉਨ੍ਹਾਂ ਤੋਂ ਸਾਰਥਿਕ ਢੰਗ ਨਾਲ ਦੇਸ਼ ਦੇ ਵਿਕਾਸ ਲਈ ਨਿਰੰਤਰ ਕੰਮ ਲੈਣ ਵਿਚ ਕਾਂਗਰਸ ਪਾਰਟੀ ਅਤੇ ਉਸ ਦੀਆਂ ਸਰਕਾਰਾਂ ਬਹੁਤੀਆਂ ਸਫ਼ਲ ਨਾ ਹੋ ਸਕੀਆਂ | ਮਹਿੰਗਾਈ ਵਿਚ ਵੀ ਨਿਰੰਤਰ ਵਾਧਾ ਹੁੰਦਾ ਰਿਹਾ, ਜਿਸ ਕਾਰਨ ਦੇਸ਼ ਵਿਚ ਬੇਚੈਨੀ ਵਧੀ ਤੇ ਹੌਲੀ-ਹੌਲੀ ਕਾਂਗਰਸ ਕੌਮੀ ਅਤੇ ਰਾਜਾਂ ਦੇ ਪੱਧਰ 'ਤੇ ਸੱਤਾ ਤੋਂ ਬਾਹਰ ਹੁੰਦੀ ਚਲੀ ਗਈ | 
ਅੱਜ ਸਥਿਤੀਆਂ ਇਹ ਹਨ ਕਿ ਲੋਕ ਸਭਾ ਵਿਚ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਭਾਵੇਂ ਵਿਰੋਧੀ ਧਿਰ ਦੇ ਆਗੂ ਵਜੋਂ ਵਿਚਰ ਰਹੇ ਹਨ, ਪਰ ਉਸ ਦੇ ਸੰਸਦ ਮੈਂਬਰਾਂ ਦੀ ਗਿਣਤੀ ਲੋਕ ਸਭਾ ਵਿਚ 98 ਅਤੇ ਰਾਜ ਸਭਾ ਵਿਚ ਸਿਰਫ਼ 30 ਹੈ | ਇਸ ਤੋਂ ਇਲਾਵਾ ਕੁਝ ਕੁ ਰਾਜਾਂ ਵਿਚ ਹੀ ਪਾਰਟੀ ਸੱਤਾਧਾਰੀ ਹੈ | ਅਜਿਹੇ ਰਾਜਾਂ ਵਿਚ ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲਮ ਅਤੇ ਤੇਲੰਗਾਨਾ ਆਦਿ ਹੀ ਸ਼ਾਮਿਲ ਹਨ | ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਤੇ ਤਾਮਿਲਨਾਡੂ ਦੀਆਂ ਰਾਜ ਸਰਕਾਰਾਂ ਵਿਚ ਇਹ ਛੋਟੀ ਭਾਈਵਾਲ ਜਾਂ ਸਹਿਯੋਗੀ ਪਾਰਟੀ ਹੈ | ਕਾਂਗਰਸ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਇਸ ਦੀ ਹਾਈ ਕਮਾਨ ਪਾਰਟੀ ਸੰਗਠਨ ਨੂੰ  ਮਜ਼ਬੂਤ ਬਣਾਉਣ ਅਤੇ ਪਾਰਟੀ ਸੰਗਠਨ ਸੰਬੰਧੀ ਸਮੇਂ ਸਿਰ ਫ਼ੈਸਲੇ ਲੈਣ ਵਿਚ ਅਕਸਰ ਅਸਫ਼ਲ ਰਹਿੰਦੀ ਹੈ | ਕੌਮੀ ਤੇ ਖੇਤਰੀ ਪੱਧਰ 'ਤੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਨ ਵਿਚ ਇਹ ਸਾਲਾਂ ਦਾ ਸਮਾਂ ਲਗਾ ਦਿੰਦੀ ਹੈ | ਇਕ ਸਮੇਂ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਵਜੋਂ ਇਸ ਦੀ ਕਮਾਨ ਸੰਭਾਲੀ ਸੀ, ਪਰ ਛੇਤੀ ਹੀ ਉਨ੍ਹਾਂ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ, ਤੇ ਫਿਰ ਲੰਮੇ ਸਮੇਂ ਤੱਕ ਪਾਰਟੀ ਦਾ ਕੋਈ ਪੂਰੇ ਸਮੇਂ ਦਾ ਪ੍ਰਧਾਨ ਨਾ ਰਿਹਾ | ਕਈ ਸਾਲਾਂ ਬਾਅਦ ਪਾਰਟੀ ਨੇ ਦੱਖਣ ਦੇ ਸੀਨੀਅਰ ਆਗੂ ਮਲਿਕਅਰਜੁਨ ਖੜਗੇ ਨੂੰ  ਪਾਰਟੀ ਦਾ ਪ੍ਰਧਾਨ ਚੁਣਿਆ  ਅਤੇ ਉਹ ਇਸ ਸਮੇਂ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ, ਪਰ ਉਨ੍ਹਾਂ ਦੀ ਵਧੇਰੇ ਉਮਰ ਉਨ੍ਹਾਂ ਦੀਆਂ ਸਰਗਰਮੀਆਂ ਨੂੰ  ਸੀਮਤ ਰੱਖਦੀ ਹੈ | ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਮੁੱਖ ਦਫ਼ਤਰ ਵਿਚ ਹੋਰ ਵੀ ਸੀਨੀਅਰ ਅਹੁਦਿਆਂ 'ਤੇ ਦੱਖਣ ਦੇ ਆਗੂ ਵੀ ਕਾਬਜ਼ ਹਨ | ਉੱਤਰੀ ਭਾਰਤ ਜਿੱਥੇ ਭਾਜਪਾ ਨੇ ਆਪਣਾ ਮਜ਼ਬੂਤ ਆਧਾਰ ਬਣਾ ਲਿਆ ਹੈ, ਵਿਚ ਕਾਂਗਰਸ ਦਾ ਕੋਈ ਜਨਤਕ ਆਧਾਰ ਵਾਲਾ ਵੱਡਾ ਲੀਡਰ ਨਹੀਂ ਹੈ | ਕਾਂਗਰਸ ਦੇ ਸੰਗਠਨ 'ਤੇ ਕਾਬਜ਼ ਦੱਖਣੀ ਭਾਰਤ ਦੇ ਆਗੂਆਂ ਨੂੰ  ਉੱਤਰੀ ਭਾਰਤ ਦੇ ਕਾਂਗਰਸੀ ਆਗੂਆਂ ਦੇ ਮਨੋਵਿਗਿਆਨ ਦੀ ਸਮਝ ਨਹੀਂ ਹੈ ਅਤੇ ਉੱਤਰੀ ਭਾਰਤ ਦੇ ਕਾਂਗਰਸੀ ਆਗੂਆਂ ਨੂੰ  ਦੱਖਣੀ ਭਾਰਤ ਦੇ ਆਗੂਆਂ ਨਾਲ ਸੰਵਾਦ ਬਣਾ ਕੇ ਰੱਖਣ ਅਤੇ ਆਪਣੀ ਗੱਲ ਸਮਝਾਉਣ ਵਿਚ ਵੀ ਸਮੱਸਿਆ ਆਉਂਦੀ ਹੈ | ਕਾਂਗਰਸ ਨੇ ਉੱਤਰੀ ਭਾਰਤ ਦੇ ਰਾਜਾਂ 'ਤੇ ਧਿਆਨ ਕੇਂਦਰਿਤ ਕਰ ਕੇ ਨਾ ਆਪਣੇ ਸੰਗਠਨ ਨੂੰ  ਮਜ਼ਬੂਤ ਕੀਤਾ ਹੈ ਅਤੇ ਨਾ ਹੀ ਨਵੇਂ ਲੀਡਰਾਂ ਨੂੰ  ਉਭਾਰਿਆ ਹੈ | ਸਗੋਂ ਹੋਇਆ ਇਹ ਹੈ ਕਿ ਉੱਤਰੀ ਭਾਰਤ ਅਤੇ ਦੇਸ਼ ਦੇ ਕਈ ਹੋਰ ਰਾਜਾਂ ਵਿਚ ਵੀ ਬਹੁਤ ਸਾਰੇ ਲੀਡਰ ਜਿਹੜੇ ਪਹਿਲਾਂ ਕਾਂਗਰਸ ਦੀ ਪਹਿਚਾਣ ਬਣੇ ਹੋਏ ਸਨ, ਉਹ ਭਾਰਤੀ ਜਨਤਾ ਪਾਰਟੀ ਵਿਚ ਏਜੰਸੀਆਂ ਦੇ ਡਰ ਜਾਂ ਸੱਤਾ ਦੇ ਲਾਲਚ ਕਾਰਨ ਸ਼ਾਮਿਲ ਹੋ ਗਏ ਹਨ | ਰਾਹੁਲ ਗਾਂਧੀ ਬਿਨਾਂ ਸ਼ੱਕ ਕੌਮੀ ਅਤੇ ਕੌਮਾਂਤਰੀ ਮੁੱਦਿਆਂ 'ਤੇ ਦਲੇਰੀ ਅਤੇ ਦਿ੍ੜ੍ਹਤਾ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਹਨ, ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੇ ਮਾਮਲੇ ਵਿਚ ਵੀ ਚੋਣ ਕਮਿਸ਼ਨ ਨੇ, ਤੇ ਖ਼ਾਸ ਕਰਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਜੋ ਘਪਲੇਬਾਜ਼ੀ ਕੀਤੀ ਹੈ, ਉਸ ਨੂੰ  ਦਲੇਰੀ ਅਤੇ ਯੋਜਨਾਬੱਧ ਢੰਗ ਨਾਲ ਸਾਹਮਣੇ ਲਿਆਉਣ ਵਿਚ ਉਹ ਸਫ਼ਲ ਹੋਏ ਹਨ, ਰਾਸ਼ਟਰੀ ਸੋਇੰਮ ਸੇਵਕ ਸੰਘ ਅਤੇ ਭਾਜਪਾ ਦੀ ਫਿਰਕੂ ਵਿਚਾਰਧਾਰਾ ਵਿਰੁੱਧ ਵੀ ਉਹ ਨਿਰੰਤਰ ਆਵਾਜ਼ ਉਠਾਉਂਦੇ ਆ ਰਹੇ ਹਨ, ਪਰ ਜਿੱਥੋਂ ਤੱਕ ਸੰਗਠਨ ਨੂੰ  ਬੂਥ ਪੱਧਰ ਤੱਕ ਮਜ਼ਬੂਤ ਕਰਨ ਜਾਂ ਕਾਂਗਰਸ ਦੇ ਹੋਰ ਜਨਤਕ ਸੰਗਠਨਾਂ ਯੂਥ ਕਾਂਗਰਸ, ਕਿਸਾਨ ਦਲ, ਮੁਲਾਜ਼ਮ ਵਿੰਗ, ਵਿਦਿਆਰਥੀ ਵਿੰਗ ਤੇ ਇਸਤਰੀ ਕਾਂਗਰਸ ਆਦਿ ਨੂੰ  ਸਰਗਰਮ ਤੇ ਮਜ਼ਬੂਤ ਕਰਨ ਦੀ ਗੱਲ ਹੈ, ਇਸ ਮਾਮਲੇ ਵਿਚ ਵੀ ਕਾਂਗਰਸ ਬੇਹੱਦ ਪਿਛੜੀ ਹੋਈ ਨਜ਼ਰ ਆਉਂਦੀ ਹੈ | 
ਅਕਸਰ ਇਹ ਵੀ ਦੇਖਿਆ ਗਿਆ ਹੈ ਕਿ ਜਿਨ੍ਹਾਂ ਰਾਜਾਂ ਵਿਚ ਚੋਣਾਂ ਹੁੰਦੀਆਂ ਹਨ, ਉਨ੍ਹਾਂ ਵਿਚ ਵਿਰੋਧੀ ਪਾਰਟੀਆਂ 'ਤੇ ਦਬਾਅ ਪਾ ਕੇ ਕਾਂਗਰਸ ਗੱਠਜੋੜ ਦੀ ਭਾਈਵਾਲ ਬਣ ਕੇ ਸੀਟਾਂ ਤਾਂ ਵਧੇਰੇ ਹਾਸਿਲ ਕਰ ਲੈਂਦੀ ਹੈ, ਪਰ ਹਾਸਿਲ ਕੀਤੀਆਂ ਹੋਈਆਂ ਸੀਟਾਂ 'ਤੇ ਪੂਰੀ ਦਿ੍ੜ੍ਹਤਾ ਅਤੇ ਸਮਰੱਥਾ ਨਾਲ ਚੋਣਾਂ ਨਹੀਂ ਲੜਦੀ, ਜਿਸ ਕਾਰਨ ਕਾਂਗਰਸ ਦੀਆਂ ਭਾਈਵਾਲ ਖੇਤਰੀ ਪਾਰਟੀਆਂ ਨੂੰ  ਵੀ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ | ਕਾਂਗਰਸ ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਬਿਹਾਰ ਅਤੇ ਮਹਾਰਾਸ਼ਟਰ ਵਿਚ ਅਨੇਕਾਂ ਵਾਰ ਅਜਿਹਾ ਕਰ ਚੁੱਕੀ ਹੈ | ਉਹ ਸੀਟਾਂ ਤਾਂ ਵਧੇਰੇ ਲੜਦੀ ਹੈ ਪਰ ਉਸ ਦੇ ਉਮੀਦਵਾਰਾਂ ਦੇ ਜਿੱਤਣ ਦੀ ਦਰ ਬੇਹੱਦ ਹੇਠਾਂ ਰਹਿੰਦੀ ਹੈ, ਜਿਸ ਕਾਰਨ ਉਸਦੀਆਂ ਭਾਈਵਾਲ ਖੇਤਰੀ ਪਾਰਟੀਆਂ ਵੀ ਬਹੁਤੀ ਵਾਰ ਸਰਕਾਰਾਂ ਬਣਾਉਣ ਤੋਂ ਕਾਂਗਰਸ ਕਾਰਨ ਵਾਂਝੀਆਂ ਰਹਿ ਜਾਂਦੀਆਂ ਹਨ | ਕਾਂਗਰਸ ਦੀ ਲੀਡਰਸ਼ਿਪ ਦੀ ਇਹ ਵੀ ਬੜੀ ਵੱਡੀ ਸਮੱਸਿਆ ਹੈ ਕਿ ਉਹ ਚੋਣਾਂ ਵਾਲੇ ਰਾਜਾਂ ਵੱਲ ਉਨ੍ਹਾ ਧਿਆਨ ਨਹੀਂ ਦਿੰਦੀ, ਜਿੰਨਾ ਦੇਣਾ ਚਾਹੀਦਾ ਹੈ | ਮਿਸਾਲ ਦੇ ਤੌਰ 'ਤੇ ਹੁਣ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਨੀਪੁਰ ਅਤੇ ਗੋਆ ਆਦਿ ਪੰਜ ਰਾਜਾਂ ਵਿਚ ਚੋਣਾਂ ਹੋਣ ਵਾਲੀਆਂ ਹਨ, ਚੋਣਾਂ ਵਿਚ ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ | ਪਰ ਕਾਂਗਰਸ ਪਾਰਟੀ ਦੀ ਹਾਈ ਕਮਾਨ ਕੌਮੀ ਤੇ ਕੌਮਾਂਤਰੀ ਪੱਧਰ ਦੇ ਹੋਰ ਮੁੱਦਿਆਂ ਨੂੰ  ਲੈ ਕੇ ਹੀ ਵਧੇਰੇ ਸਰਗਰਮੀ ਕਰਦੀ ਨਜ਼ਰ ਆ ਰਹੀ ਹੈ |
(ਬਾਕੀ ਕੱਲ੍ਹ)

ਪਿਛਲੀ ਖ਼ਬਰ 'ਲਗਾਅ - ਪਿਆਰ ਦਾ ਸਫ਼ਰ' ਅਗਲੀ ਖ਼ਬਰ ਕਾਮਰੇਡ ਸੋਹਣ ਸਿੰਘ ਜੋਸ਼ ਨੂੰ ਯਾਦ ਕਰਦਿਆਂ...…

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।