02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਬਾਪੂ ਦੀ ਲਾਣੇਦਾਰੀ

ਅਜੀਤ ਡੈਸਕ 26-07-2026

ਜਦ ਦੀ ਬਾਪੂ ਦੀ ਲਾਣੇਦਾਰੀ ਖੁੱਸੀ ਆ,
ਸੱਚ ਜਾਣਿਓ ਘਰ 'ਚੋਂ ਬਰਕਤ ਰੁੱਸੀ ਆ।
ਨੂੰਹ ਨਾ ਰੋਟੀ ਘਰੇ ਪਕਾਵੇ,
ਖਾਣਾ ਰੋਜ਼ ਜੁਮੈਟੋ ਤੋਂ ਆਵੇ,
ਮੁੰਡੇ ਦਾ ਹੱਟਾ ਕੱਟਾ ਜੁੱਸਾ,
ਬਣ ਕੇ ਰਹਿ ਗਿਆ ਜੁੱਸੀ ਆ,
ਜਦ ਦੀ ਬਾਪੂ ਦੀ ਲਾਣੇਦਾਰੀ........।
ਨਾ ਕੋਈ ਸੋਚ ਸਮਝ ਕੇ ਚੱਲੇ,
ਤੋਰਾ ਫੇਰਾ ਰਹਿ ਗਿਆ ਪੱਲੇ,
ਸਾਰਾ ਟੱਬਰ ਡੀ ਮਾਰਟ ਚੱਲਿਆ,
ਬਜ਼ੁਰਗ ਦੀ ਕਿਸੇ ਬਾਤ ਨਾ ਪੁੱਛੀ ਆ,
ਜਦ ਦੀ ਬਾਪੂ ਦੀ ਲਾਣੇਦਾਰੀ........।
ਮੋਬਾਈਲ ਆਪੋ ਆਪਣਾ ਚੱਲੇ,
ਕੱਠੇ ਬੈਠੇ ਵੀ ਹੋਈਏ ਕੱਲੇ ਕੱਲੇ,
ਲਾ ਇਲਾਜ ਬਣ ਗਿਆ ਇਹ ਤਾਂ,
ਇਸ ਦੀ ਨਾ ਕੋਈ ਦਵਾਈ ਸੁੱਝੀ ਆ,
ਜਦ ਦੀ ਬਾਪੂ ਦੀ ਲਾਣੇਦਾਰੀ........।
ਆਲਸ ਨੇ ਪਾ ਲਏ ਸਭ ਨੂੰ ਘੇਰੇ,
ਨਾ ਕੋਈ ਉਠਦਾ ਸੁਭਾ ਸਵੇਰੇ,
ਡਰਿੰਕ ਐਨਰਜੀ ਵਾਲਾ ਪੀਂਦੇ,
ਭੁੱਲ ਗਏ ਲੱਸੀ ਲੁੱਸੀ ਆ,
ਜਦ ਦੀ ਬਾਪੂ ਦੀ ਲਾਣੇਦਾਰੀ........।
ਬਿੰਦਰ ਕੈਸਾ ਵੇਲਾ ਆਇਆ,
ਨਾ ਕੋਈ ਰਹਿ ਗਿਆ ਚਾਚਾ ਤਾਇਆ,
ਸਾਡੀ ਫ਼ਸਲ ਪੰਜਾਬੀ ਵਾਲੀ,
ਅੰਗਰੇਜ਼ੀ ਜਾਂਦੀ ਮੁੱਛੀ ਆ,
ਜਦ ਦੀ ਬਾਪੂ ਦੀ ਲਾਣੇਦਾਰੀ ਖੁੱਸੀ ਆ,
ਸੱਚ ਜਾਣਿਓ ਘਰ 'ਚੋਂ ਬਰਕਤ ਰੁੱਸੀ ਆ।

-ਬਿੰਦਰ ਸਿੰਘ ਖੁੱਡੀ ਕਲਾਂ
ਮੋਬਾਈਲ: 98786-05965

ਪਿਛਲੀ ਖ਼ਬਰ ਪੀੜ ਸਹਿਣੀ ਸਿਖਾਓ ਅਗਲੀ ਖ਼ਬਰ ਟੁੱਟਦੇ ਰਿਸ਼ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।