02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮੂੰਹੋਂ ਮੰਗੀ ਮੁਰਾਦ ਜਿਵੇਂ ਪੂਰੀ ਹੋਈ

ਅਜੀਤ ਡੈਸਕ 26-07-2026

10 ਸਾਲ ਪਹਿਲਾਂ ਮੈਂ ਨੌਵੀਂ ਕਲਾਸ ਵਿਚ ਪੜ੍ਹਦੀ ਸੀ। ਅਚਨਚੇਤ ਮੰਮਾ ਸਖ਼ਤ ਬਿਮਾਰ ਹੋਏ, ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਨਾ ਪਿਆ। ਆਪਣਾ ਪੂਰਾ ਜ਼ੋਰ ਲਾਉਣ ਤੋਂ ਬਾਅਦ ਡਾਕਟਰ ਨੇ ਕਹਿ ਦਿੱਤਾ ਕਿ ਜਾਨ ਨੂੰ ਖ਼ਤਰਾ ਹੈ। ਉਸ ਵੇਲੇ ਪਾਪਾ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ। ਉਹ ਜਿਵੇਂ ਆਪਣੀ ਸੁੱਧ-ਬੁੱਧ ਖੋ ਬੈਠੇ ਹੋਣ। ਰੱਬ ਅੱਗੇ ਲੇਲ੍ਹੜੀਆਂ ਕੱਢ ਅਰਦਾਸ ਕਰ ਰਹੇ ਸਨ। ਪਾਪਾ ਨੂੰ ਤਰੇਲੀਆਂ ਆ ਰਹੀਆਂ ਸਨ। ਮੈਨੂੰ ਪਾਪਾ ਨੇ ਸਕੂਲੋਂ ਕੋਈ ਛੁੱਟੀ ਨਹੀਂ ਸੀ ਕਰਾਈ ਤੇ ਘਰ ਰਿਸ਼ਤੇਦਾਰ ਛੱਡ ਕੇ ਗਏ ਸਨ। ਮੈਨੂੰ ਪਾਪਾ ਉਨ੍ਹਾਂ ਕੋਲ ਲੈ ਕੇ ਨਹੀਂ ਜਾਂਦੇ ਸੀ ਕਿ ਮੈਂ ਵੀ ਬਹੁਤ ਰੋਵਾਂਗੀ ਉੱਥੇ ਮੰਮਾ ਮੈਨੂੰ ਵੇਖ ਕੇ ਬਹੁਤ ਰੋਣਗੇ, ਪਾਪਾ ਸੋਚਦੇ ਸੀ, ਬੱਚਾ ਸਕੂਲ ਬੱਚਿਆਂ ਨਾਲ ਰਲ ਕੇ ਚੇਤਾ ਭੁਲਾ ਲੈਂਦਾ ਹੈ। ਇੱਕ ਦਿਨ ਸ਼ਾਮ ਨੂੰ ਪਾਪਾ ਦਰਬਾਰ ਸਾਹਿਬ, ਅੰਮ੍ਰਿਤਸਰ ਗਏ। ਪਾਪਾ ਦੱਸਦੇ ਸੀ, ਕਿ ਬਾਬਾ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਹੈ, ਕਿ ਬਾਬਾ ਜੀ ਜ਼ਿਆਦਾ ਨਹੀਂ ਤਾਂ 10 ਸਾਲ ਰੂਪ ਨੂੰ ਜ਼ਿੰਦਗੀ ਦੇ ਦਿਓ। ਉਦੋਂ ਤੱਕ ਮੇਰੇ ਬੱਚੇ ਪੜ੍ਹ ਜਾਣਗੇ। ਫਿਰ ਹੌਲੀ-ਹੌਲੀ ਮੰਮਾ ਦੀ ਹਾਲਤ ਵਿਚ ਸੁਧਾਰ ਹੋਇਆ। 15 ਕੁ ਦਿਨ ਬਾਅਦ ਉਹ ਨਾਰਮਲ ਹੋ ਗਏ। ਸਾਨੂੰ ਸੁਖ ਦਾ ਸਾਹ ਆਇਆ। ਵੀਰਾ ਉਦੋਂ ਚੰਡੀਗੜ੍ਹ ਪੜ੍ਹ ਰਿਹਾ, ਨੀਟ ਦੀ ਕੋਚਿੰਗ ਲੈ ਰਿਹਾ ਸੀ। ਉਹ ਉੱਥੇ ਚਿੰਤਿਤ ਸੀ। ਪਰ ਪਾਪਾ ਸਾਨੂੰ ਇਸ ਚਿੰਤਾ ਤੋਂ ਬਚਾਅ ਕੇ ਰੱਖਣਾ ਚਾਹੁੰਦੇ ਹਨ। ਚਲੋ ਖੈਰ! ਪਰਮਾਤਮਾ ਨੇ ਮਿਹਰ ਕੀਤੀ ਮੰਮਾ ਤੰਦਰੁਸਤ ਹੋ ਗਏ। ਹਸਪਤਾਲੋਂ ਛੁੱਟੀ ਮਿਲ ਗਈ, ਘਰ ਆ ਗਏ। ਡਾਕਟਰ ਸਾਹਿਬਾਨਾਂ ਨੇ ਪਰਹੇਜ਼ ਏਨੇ ਜ਼ਿਆਦਾ ਦੱਸ ਦਿੱਤੇ ਸਨ ਕਿ ਬੰਦਾ ਜਿਊਂਦੇ-ਜੀਅ ਵੀ ਬਹੁਤ ਤੰਗ ਹੁੰਦਾ ਹੈ, ਅਜਿਹੇ ਪ੍ਰਹੇਜ਼ ਕਰਨ ਲਈ। ਮੰਮਾ ਨੇ ਉਸ ਦਿਨ ਤੋਂ ਬਾਅਦ ਕਦੇ ਵੀ ਤੜਕੇ ਵਾਲੀ ਸਬਜ਼ੀ ਜਾਂ ਬਾਜ਼ਾਰੀ ਖਾਣੇ ਖਾਣ ਦਾ ਪੱਕਾ ਪਰਹੇਜ਼ ਕੀਤਾ। ਅਸੀਂ ਹਿਮਾਚਲ, ਰਾਜਸਥਾਨ ਮੇਘਾਲਿਆ, ਸਿੱਕਮ ਕੇਰਲਾ ਜਿੱਥੇ ਵੀ ਘੁੰਮਣ ਫਿਰਨ ਲਈ ਗਏ ਤਾਂ ਅਸੀਂ ਸਵਾਦਿਸ਼ਟ ਭੋਜਨ ਖਾ ਰਹੇ ਹੁੰਦੇ ਪਰ ਮੰਮਾ ਆਪਣਾ ਵੱਖਰਾ ਹੀ ਸਾਦਾ ਖਾਣਾ ਖਾਂਦੇ। ਉਨ੍ਹਾਂ ਦਿਨਾਂ 'ਚ ਜਦੋਂ ਉਹ ਬਿਮਾਰ ਹੋਏ ਸਨ। ਪਾਪਾ ਨੇ ਵੀ ਉਨ੍ਹਾਂ ਨਾਲ ਉੱਬਲੀਆਂ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਮੰਮਾ ਦਾ ਖਿਆਲ ਵੀ ਰੱਖਣਾ ਤੇ ਆਪਣੇ ਦਫ਼ਤਰੀ ਬਹੁਤ ਸਾਰੇ ਕੰਮ ਵੀ ਕਰਨੇ। ਉਧਰੋਂ ਵੀਰੇ ਦੀ ਨੀਟ ਦੀ ਤਿਆਰੀ ਉਹਦਾ ਚੰਡੀਗੜ੍ਹ ਦਿਲ ਨਾ ਲੱਗਣਾ। ਦਿਨੇ ਸਾਰਾ ਦਿਨ ਪਾਪਾ ਨੇ ਕੰਮ ਕਰਨਾ ਅਤੇ ਮੇਰੀਆਂ ਟਿਊਸ਼ਨਾਂ 'ਤੇ ਮੈਨੂੰ ਲੈ ਕੇ ਜਾਣਾ। ਰਾਤ ਦਾ ਹਨੇਰਾ ਹੋਣਾ ਤਾਂ ਪਾਪਾ ਨੇ ਵੀਰੇ ਕੋਲ ਚੰਡੀਗੜ੍ਹ ਜਾਣਾ ਤੇ ਸਵੇਰੇ ਫਿਰ ਵਾਪਸ ਆਉਣਾ। ਫੇਰ ਮੰਮਾ ਠੀਕ ਹੋਏ, ਤਾਂ ਉਹ ਵੀਰੇ ਕੋਲ ਚੰਡੀਗੜ੍ਹ ਰਹਿਣ ਲੱਗੇ। ਮੈਂ ਤੇ ਪਾਪਾ ਆਪਣੇ ਘਰ ਹੁੰਦੇ ਸੀ। ਪਾਪਾ ਨੇ ਕਈ ਵਾਰ ਮੇਰੀਆਂ ਗੁੱਤਾਂ ਵੀ ਕਰਨੀਆਂ। ਕਿਚਨ ਵਾਲੇ ਆਂਟੀ ਨੇ ਕਈ ਵਾਰ ਨਾ ਆਉਣਾ ਤਾਂ ਪਾਪਾ ਨੇ ਰੋਟੀ ਦਾ ਪ੍ਰਬੰਧ ਵੀ ਆਪ ਕਰਨਾ। ਇਹ ਸਭ ਜ਼ਿੰਦਗੀ ਦੇ ਜੰਗ ਲੜਨ ਵਾਂਗ ਸੀ। ਫਿਰ ਵੀਰੇ ਦਾ ਐਮ. ਬੀ. ਬੀ.ਐਸ. ਵਿਚ ਦਾਖਲਾ ਹੋ ਗਿਆ। ਮੈਂ ਤੇ ਮੰਮਾ ਚੰਡੀਗੜ੍ਹ ਕੋਚਿੰਗ ਲਈ ਚਲੇ ਗਏ। ਮੈਂ ਇੰਸਟੀਟਿਊਟ ਜਾਣਾ ਤੇ ਮੰਮਾ ਨੇ ਘਰ ਇਕੱਲਿਆਂ ਨੇ ਪਾਠ ਕਰਦੇ ਰਹਿਣਾ। ਫਿਰ ਮੈਨੂੰ ਲੈਣ ਜਾਣਾ ਇੰਝ ਟਾਈਮ ਪਾਸ ਕਰਨਾ। ਰਾਤ ਮੈਂ ਪੜ੍ਹਨਾ ਤੇ ਮੰਮਾ ਨੇ ਮੇਰੇ ਨਾਲ ਜਾਗਣਾ। ਆਪਣੇ ਘਰ ਦੇ ਸਾਰੇ ਕੰਮ ਵੀ ਉਨ੍ਹਾਂ ਰਾਤ ਨੂੰ ਹੀ ਕਰਨੇ। ਫਿਰ ਮੇਰੇ ਵੀ ਐਮ.ਬੀ.ਬੀ.ਐਸ. ਵਿਚ ਦਾਖਲੇ ਤੋਂ ਬਾਅਦ ਤਾਂ ਮੰਮਾ ਘਰ ਪਰਤੇ। ਫਿਰ ਮੰਮਾ ਪਾਪਾ ਦੀ ਦੁਨੀਆ ਸਵਰਗ ਸੀ। ਦੋਨੋਂ ਜਾਣੇ ਘੁੰਮਦੇ-ਫਿਰਦੇ। ਮੰਮਾ ਨੇ ਮਹੀਨੇ 'ਚ ਕਈ ਥਾਵਾਂ 'ਤੇ ਪਾਪਾ ਨੂੰ ਮੱਥਾ ਟੇਕਣ ਲੈ ਕੇ ਜਾਣਾ। ਆਖ਼ਰੀ ਟੂਰ ਸਾਡਾ ਸਿੱਕਮ, ਮੇਘਾਲਿਆ ਤੇ ਅਸਾਮ ਦਾ ਸੀ। ਇੱਕ ਅਪ੍ਰੈਲ ਨੂੰ ਅਸੀਂ ਪਟਨਾ ਸਾਹਿਬ ਹੁੰਦੇ ਹੋਏ ਸਿੱਲੀਗੁੜੀ, ਦਾਰਜੀਲਿੰਗ, ਗੈਂਗਟੋਕ, ਗੁਰਦੁਆਰਾ ਧੋਬੜੀ ਸਾਹਿਬ ਅਤੇ ਹੋਰ ਬਹੁਤ ਥਾਵਾਂ ਘੁੰਮੀਆਂ। ਉਦੋਂ ਮੇਰੀ ਮਾਂ ਚੰਗੀ ਭਲੀ ਸੀ। ਮੇਰੇ ਪਾਪਾ ਵੀ ਬਹੁਤ ਖੁਸ਼ ਸਨ ਕਿ ਉਨ੍ਹਾਂ ਦੀ ਬਿਮਾਰੀ ਤੋਂ ਹੁਣ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ। ਵੀਰਾ ਐਮ.ਬੀ.ਬੀ.ਐਸ. ਕਰਕੇ ਘਰ ਆ ਗਿਆ। ਉਸ ਨੇ ਪਾਪਾ ਦੀ ਇੱਛਾ ਅਨੁਸਾਰ ਇਕ ਬਹੁਤ ਕਾਬਿਲ ਡਾਕਟਰ ਸਾਹਿਬ ਨਾਲ ਪ੍ਰੈਕਟਿਸ ਸ਼ੁਰੂ ਕਰ ਲਈ। ਪਾਪਾ ਬਹੁਤ ਖੁਸ਼ ਸਨ। ਉਨ੍ਹਾਂ ਦੀ ਤਮੰਨਾ ਪੂਰੀ ਹੋ ਗਈ।
ਸਮਾਂ ਆਪਣੀ ਤੋਰੇ ਤੁਰਦਾ ਹੈ। ਫਿਰ ਉਹ ਸਮਾਂ ਵੀ ਆ ਗਿਆ ਜਦੋਂ ਪਾਪਾ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਕੇ ਮੰਮਾ ਦੀ ਉਮਰ ਮੰਗੀ ਨੂੰ 13 ਮਈ 2026 ਨੂੰ ਪੂਰੇ 10 ਸਾਲ ਹੋ ਗਏ ਸਨ।
ਉਸ ਦਿਨ ਰੁਟੀਨ 'ਚ ਹੀ ਪਾਪਾ ਨੇ ਛੁੱਟੀ ਕੀਤੀ ਸੀ। ਮੰਮਾ-ਪਾਪਾ ਦੋਵੇਂ ਹੀ ਘਰ ਸਨ। ਪਾਪਾ ਤੇ ਮੰਮਾ ਸਾਰਾ ਦਿਨ ਗੇਮਾਂ ਖੇਡਦੇ ਰਹੇ। ਮੰਮਾ ਨੇ ਆਪਣੀ ਪਸੰਦੀਦਾ ਪਾਕਿਸਤਾਨੀ ਨਾਟਕ ਪਾਪਾ ਨੂੰ ਵਿਖਾਏ। ਇਹ ਸਭ ਮੰਮਾ ਮੈਨੂੰ ਫੋਨ ਤੇ ਵੀ ਦੱਸਦੇ ਰਹੇ। 6 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆ ਕੇ ਉਨ੍ਹਾਂ ਨੇ ਪਾਪਾ ਨੂੰ ਰੋਟੀ ਉਨ੍ਹਾਂ ਦੀ ਮਨਪਸੰਦ ਸਬਜ਼ੀ ਕੋਫ਼ਤਿਆਂ ਨਾਲ ਖੁਆਈ। ਸੋਮਾ ਅੰਟੀ ਨੂੰ ਰਹਿਣ ਲਈ ਘਰ ਬਣਾ ਕੇ ਦੇਣ ਲਈ ਪਾਪਾ ਨੂੰ ਕਿਹਾ।
ਸ਼ਾਮ ਨੂੰ ਹੱਸ ਹੱਸ ਕੇ ਪਾਪਾ ਨੂੰ ਆਖਦੇ ਰਹੇ ਕਿ ਅੱਜ ਤੁਹਾਡੇ ਵਲੋਂ ਮੇਰੀ ਉਮਰ ਦੇ ਮੰਗੇ 10 ਸਾਲ ਪੂਰੇ ਹੋ ਗਏ। ਤੁਸੀਂ ਵੱਧ ਸਮਾਂ ਮੰਗ ਲੈਣਾ ਸੀ। ਪਾਪਾ ਆਖਦੇ ਰਹੇ, ਹੁਣ ਤੁਸੀਂ ਬਿਲਕੁਲ ਠੀਕ ਹੋ। ਹੁਣ ਤਾਂ ਬਾਬਾ ਜੀ ਨੇ ਤੁਹਾਡੇ 24 ਘੰਟੇ ਤੇਰੇ ਕੋਲ ਪੁੱਤਰ ਡਾਕਟਰ ਬਣਾ ਕੇ ਬਿਠਾ ਦਿੱਤਾ ਹੈ ਤਾਂ ਕਿ ਤੈਨੂੰ ਕੋਈ ਮੁਸ਼ਕਿਲ ਨਾ ਹੋਵੇ। ਰੱਬ ਨੇ ਇਹ ਤੇਰੀ ਉਮਰ ਲੰਬੀ ਕਰਨ ਲਈ ਹੀ ਕੀਤਾ ਹੈ।
ਅੰਤ 13 ਮਈ ਸ਼ਾਮ ਨੂੰ 7.55 ਸ਼ਾਮ ਨੂੰ ਵੀਰੇ ਨੇ ਫੋਨ ਕੀਤਾ, ਕਿ ਮੰਮਾ ਮੈਂ ਪੰਜ ਮਿੰਟਾਂ ਵਿਚ ਘਰ ਆ ਰਿਹਾ ਹਾਂ। ਮੈਨੂੰ ਬਹੁਤ ਭੁੱਖ ਲੱਗੀ ਹੈ। ਤੁਸੀਂ ਰੋਟੀ ਬਣਾਓ! ਮੰਮਾ ਨੇ ਪਿਆਜ਼ ਹਾਫ-ਫਰਾਈ ਕਰਕੇ ਰੱਖ ਦਿੱਤੇ, ਇਹ ਸੋਚ ਕੇ ਉਹ ਜਦੋਂ ਘਰ ਪੁੱਜੇਗਾ ਫੁਲਕੇ ਲੱਥਣ ਤੱਕ ਪਨੀਰ ਦੀ ਭੁਰਜੀ ਬਣ ਜਾਵੇਗੀ। ਉਨ੍ਹਾਂ ਨੇ ਪਾਪਾ ਨੂੰ ਕਿਹਾ ਜਾਓ! ਬਾਹਰਲਾ ਗੇਟ ਖੋਹਲ ਕੇ ਆਓ। ਬੇਟੇ ਨੂੰ ਕਾਰ 'ਚੋਂ ਉੱਤਰ ਕੇ ਗੇਟ ਖੋਲ੍ਹਣਾ ਪਵੇਗਾ। ਪਾਪਾ ਬੂਹਾ ਖੋਹਲ ਕੇ ਵਾਪਸ ਆਏ ਤਾਂ ਮੰਮਾ ਦੁਨੀਆ ਛੱਡ ਚੁੱਕੇ ਸਨ। ਉਨ੍ਹਾਂ ਦੇ ਨੱਕ ਵਿਚੋਂ ਥੋੜ੍ਹੀ ਜਿਹੀ ਬਲੀਡਿੰਗ ਹੋ ਰਹੀ ਸੀ। ਇਕ ਡੇਢ- ਮਿੰਟ ਦੇ ਸਮੇਂ ਵਿਚ ਇਹ ਭਾਣਾ ਵਾਪਰ ਗਿਆ। ਮੰਮਾ ਨੇ ਜਿਹੜਾ ਵੀਰੇ ਲਈ ਪਨੀਰ ਬਣਾਉਣ ਲਈ ਪਿਆਜ਼ ਫਰਾਈ ਕੀਤੇ ਸਨ, ਉਹ ਧਰੇ ਧਰਾਏ ਹੀ ਰਹਿ ਗਏ। ਢਿੱਡੋਂ ਭੁੱਖੇ ਮੇਰੇ ਭਰਾ ਨੇ ਤਿੰਨ ਦਿਨ ਰੋਟੀ ਹੀ ਨਹੀਂ । ਭੁੱਖੇ ਪੇਟ ਹੀ ਧਾਹਾਂ ਮਾਰਦਾ ਰਿਹਾ। ਉਸ ਦੀ ਮੰਮਾ 'ਚ ਜਾਨ ਸੀ। ਸਾਡੀ ਮਾਂ ਤੇ ਸਾਡੀਆਂ ਰੀਝਾਂ ਮਿੱਟੀ ਦੀ ਢੇਰੀ ਹੋ ਗਈਆਂ। ਪਾਪਾ ਜਿਹੜੇ ਜੰਗ ਜਿੱਤੀ ਮਹਿਸੂਸ ਕਰਦੇ ਸਨ, ਉਹ ਜ਼ਿੰਦਗੀ ਦੀ ਜੰਗ ਹੀ ਨਹੀਂ ਹਾਰੇ ਸਨ, ਸਾਰੀਆਂ ਖੁਸ਼ੀਆਂ ਖੇੜੇ ਹਾਰ ਗਏ ਮਹਿਸੂਸ ਹੋ ਰਿਹਾ ਸੀ। ਮੰਮਾ ਦੇ ਵਿਯੋਗ 'ਚ ਹੁਣ ਉਹ ਕਵਿਤਾਵਾਂ ਲਿਖ-ਲਿਖ ਸਟੇਟਸ ਲਾਉਂਦੇ ਰਹਿੰਦੇ ਹਨ। ਉਨ੍ਹਾਂ ਦੀਆਂ ਅੱਖਾਂ 'ਚ ਪਾਣੀ ਕਦੇ ਨਹੀਂ ਸੁੱਕਦਾ।
ਰੱਬ ਨੇ ਬ੍ਰੇਨ-ਹੈਮਰੇਜ ਦਾ ਨਵਾਂ ਮਸਲਾ ਬਣ ਕੇ ਪਾਪਾ ਦੀ ਮੂੰਹੋਂ ਮੰਗੀ ਮੁਰਾਦ ਪੂਰੀ ਕਰ ਦਿੱਤੀ, ਪਰ ਅਸੀਂ ਮੰਮਾਂ ਲਈ ਅਰਦਾਸ ਨਾ ਕਰ ਸਕੇ।

-ਵੱਟਸਐਪ : 91329-00050

ਪਿਛਲੀ ਖ਼ਬਰ 26-07-26 ਅਗਲੀ ਖ਼ਬਰ ਦੋ ਕਾਵਿ-ਵਿਅੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।