ਜਲੰਧਰ, 17 ਮਈ (ਡਾ.ਜਤਿੰਦਰ ਸਾਬੀ)-ਦੇਸ਼ 'ਚ ਮੌਜੂਦਾ ਆਰਥਿਕ ਤੇ ਸੰਸਾਧਨ ਸੰਭਾਲ ਸਬੰਧੀ ਹਾਲਾਤਾਂ ਨੂੰ ਦੇਖਦਿਆਂ ਆਈ.ਪੀ.ਐਲ. 2026 ਦੇ ਬਾਕੀ ਰਹਿੰਦੇ ਮੈਚਾਂ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ | ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ ਦੇ ਚੇਅਰਮੈਨ ਬਿ੍ਜੇਸ਼ ਗੋਇਲ ਨੇ ਕੇਂਦਰੀ ਖੇਡ ਮੰਤਰੀ ਮਨਸੁੱਖ ਮਾਂਡਵੀਆ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ, ਕਿ ਆਈ.ਪੀ.ਐਲ ਦੇ ਬਾਕੀ ਮੈਚਾਂ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਜਾਵੇ ਤੇ ਇਹ ਮੁਕਾਬਲੇ ਸੀਮਿਤ ਮੈਦਾਨਾਂ 'ਤੇ ਬਿਨਾਂ ਦਰਸ਼ਕਾਂ ਦੇ ਕਰਵਾਏ ਜਾਣ | ਉਨ੍ਹਾਂ ਦਾ ਕਹਿਣਾ ਹੈ, ਕਿ 28 ਮਾਰਚ ਤੋਂ ਸ਼ੁਰੂ ਹੋਏ ਆਈ.ਪੀ.ਐਲ ਦੌਰਾਨ ਟੀਮਾਂ ਵੱਲੋਂ ਹਵਾਈ ਤੇ ਸੜਕ ਮਾਰਗ ਰਾਹੀਂ ਲੱਖਾਂ ਕਿਲੋਮੀਟਰ ਯਾਤਰਾ ਕੀਤੀ ਜਾ ਚੁੱਕੀ ਹੈ | ਵੱਖ-ਵੱਖ ਸ਼ਹਿਰਾਂ ਵਿਚ ਮੈਚ ਹੋਣ ਕਾਰਨ ਟੀਮਾਂ ਨੂੰ ਲਗਾਤਾਰ ਉਡਾਣਾਂ ਭਰਨੀਆਂ ਪੈਂਦੀਆਂ ਹਨ, ਜਿਸ ਨਾਲ ਵੱਡੀ ਮਾਤਰਾ 'ਚ ਏਵੀਏਸ਼ਨ ਤੇਲ ਦੀ ਖ਼ਪਤ ਹੋ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ 'ਚ ਆਮ ਲੋਕਾਂ ਤੋਂ ਲੈ ਕੇ ਸਰਕਾਰੀ ਵਿਭਾਗਾਂ ਤੇ ਅਧਿਕਾਰੀਆਂ ਤੱਕ ਹਰ ਕੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਅਨੁਸਾਰ ਫ਼ਜ਼ੂਲਖਰਚੀ ਘਟਾਉਣ ਦੀ ਕੋਸ਼ਿਸ ਕਰ ਰਿਹਾ ਹੈ, ਤਾਂ ਇਸ ਸਮੇਂ ਆਈ.ਪੀ.ਐਲ ਵਰਗੇ ਵੱਡੇ ਟੂਰਨਾਮੈਂਟ 'ਚ ਇੰਨੀ ਵੱਡੀ ਯਾਤਰਾ ਤੇ ਤੇਲ ਦੀ ਖਪਤ 'ਤੇ ਵੀ ਵਿਚਾਰ ਹੋਣਾ ਚਾਹੀਦਾ ਹੈ |
ਮੌਜੂਦਾ ਆਰਥਿਕ ਤੇ ਸੰਸਾਧਨ ਸੰਭਾਲ ਦੌਰਾਨ ਆਈ. ਪੀ. ਐਲ. 'ਤੇ ਉੱਠੇ ਸਵਾਲ <br/>
ਅਜੀਤ ਡੈਸਕ
18-05-2026