ਨਾਗੋਆ, 29 ਸਤੰਬਰ (ਯੂ. ਐਨ. ਆਈ.)-ਭਾਰਤ ਦੀ ਪੂਜਾ ਸਿੰਘ ਨੇ ਏਸ਼ਿਆਈ ਖੇਡਾਂ ਵਿਚ 1.84 ਮੀਟਰ ਦੀ ਸਰਬੋਤਮ ਛਾਲ ਨਾਲ ਕਾਂਸੀ ਦਾ ਤਗਮਾ ਜਿੱਤ ਕੇ ਮਹਿਲਾਵਾਂ ਦੀ ਉੱਚੀ ਛਾਲ ਮੁਕਾਬਲੇ ਵਿਚ ਨਵਾਂ ਇਤਿਹਾਸ ਰਚਿਆ। ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਬੋਸਤੀ ਦੀ ਰਹਿਣ ਵਾਲੀ ਪੂਜਾ ਦਾ ਇਹ ਤਗਮਾ ਮਹਿਲਾਵਾਂ ਦੀ ਉੱਚੀ ਛਾਲ ਵਿਚ ਭਾਰਤ ਦਾ ਪਹਿਲਾ ਏਸ਼ਿਆਈ ਖੇਡਾਂ ਦਾ ਤਗਮਾ ਹੈ।19 ਸਾਲਾ ਕੌਮੀ ਰਿਕਾਰਡ ਧਾਰਕ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਆਪਣੀਆਂ ਪਹਿਲੀਆਂ ਕੋਸ਼ਿਸ਼ਾਂ ਵਿਚ ਹੀ 1.70 ਮੀਟਰ, 1.75 ਮੀਟਰ, 1.80 ਮੀਟਰ ਅਤੇ 1.84 ਮੀਟਰ ਦੀ ਉਚਾਈ ਨੂੰ ਪਾਰ ਕੀਤਾ। ਹਾਲਾਂਕਿ, ਉਹ 1.87 ਮੀਟਰ ਦੀ ਉਚਾਈ ਪਾਰ ਕਰਨ ਵਿਚ ਤਿੰਨ ਵਾਰ ਅਸਫ਼ਲ ਰਹੀ ਪਰ 1.84 ਮੀਟਰ ਤੱਕ ਉਸ ਦਾ ਬੇਦਾਗ ਪ੍ਰਦਰਸ਼ਨ ‘ਕਾਊਂਟਬੈਕ’ ਨਿਯਮ ਤਹਿਤ ਕਾਂਸੀ ਦਾ ਤਗਮਾ ਪੱਕਾ ਕਰਨ ਲਈ ਕਾਫ਼ੀ ਸੀ।ਚਾਰ ਹੋਰ ਖਿਡਾਰਨਾਂ ਨੇ ਵੀ 1.84 ਮੀਟਰ ਦੀ ਉਚਾਈ ਸਫ਼ਲਤਾਪੂਰਵਕ ਪਾਰ ਕੀਤੀ, ਜਿਸ ਨਾਲ ਤਗਮਾ ਜਿੱਤਣ ਦੀ ਦੌੜ ਕਾਫ਼ੀ ਸਖ਼ਤ ਹੋ ਗਈ।ਪੂਜਾ ਏਸ਼ਿਆਈ ਚੈਂਪੀਅਨ ਵਜੋਂ ਇਨ੍ਹਾਂ ਖੇਡਾਂ ਵਿਚ ਉਤਰੀ ਸੀ। ਉਸ ਨੇ 2025 ਏਸ਼ਿਆਈ ਚੈਂਪੀਅਨਸ਼ਿਪ ਜਿੱਤੀ ਸੀ ਅਤੇ 2026 ਏਸ਼ਿਆਈ ਇਨਡੋਰ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਵੀ ਹਾਸਲ ਕੀਤਾ ਸੀ।2026 ਵਿਚ 1.93 ਮੀਟਰ ਦੀ ਉਸ ਦੀ ਸਰਬੋਤਮ ਛਾਲ ਕੌਮੀ ਰਿਕਾਰਡ ਅਤੇ ਏਸ਼ਿਆਈ ਅੰਡਰ-20 ਰਿਕਾਰਡ ਹੈ।
ਉੱਚੀ ਛਾਲ ’ਚ ਭਾਰਤ ਨੂੰ ਪਹਿਲਾ ਤਗਮਾ
ਉੱਚੀ ਛਾਲ ’ਚ ਭਾਰਤ ਨੂੰ ਪਹਿਲਾ ਤਗਮਾ
ਅਜੀਤ ਡੈਸਕ
30-09-2026