ਲੰਡਨ, 27 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਕੁਝ ਸਮੇਂ ਤੋਂ ਸ਼੍ਰੋਮਣੀ ਕਮੇਟੀ 'ਤੇ ਉਠਾਏ ਜਾ ਰਹੇ ਸਵਾਲਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਝੰਜੋੜ ਕੇ ਰੱਖਿਆ ਹੈ | ਇਹ ਬਿਆਨ ਸਿੱਖ ਫੈਡਰੇਸ਼ਨ ਯੂ.ਕੇ. ਦੇ ਆਗੂ ਭਾਈ ਅਮਰੀਕ ਸਿੰਘ ਗਿੱਲ ਤੇ ਭਾਈ ਦਬਿੰਦਰਜੀਤ ਸਿੰਘ ਨੇ ਪ੍ਰਗਟ ਕੀਤੇ | ਉੁਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਇਤਿਹਾਸਕ ਨਿਸ਼ਾਨੀਆਂ ਨਾਲ ਛੇੜਛਾੜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦਾ ਮਾਮਲਾ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਜੱਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਵਰਗੇ ਅਨੇਕਾਂ ਅਜੇਹੇ ਮਾਮਲੇ ਹਨ, ਜਿਹਨਾਂ ਨੂੰ ਸਿੱਖਾਂ ਨੇ ਮਿਲ ਬੈਠ ਕੇ ਹੱਲ ਕਰਨਾ ਹੈ ਪਰ ਅਫਸੋਸ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਆਪਸੀ ਮਸਲੇ ਹੀ ਸੁਲਝਾਉਣ ਦਾ ਯਤਨ ਨਹੀਂ ਕਰ ਰਹੀ | ਫਿਰ ਸਰਕਾਰਾਂ ਨਾਲ ਸਿੱਖਾਂ ਦੇ ਮਸਲੇ ਕਿੱਥੋਂ ਸੁਲਝਾਵੇਗੀ | ਸ਼੍ਰੋਮਣੀ ਕਮੇਟੀ ਨੂੰ ਉਕਤ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ | ਜੱਥੇਦਾਰ ਜਾਂ ਮੁੱਖ ਗ੍ਰੰਥੀ ਸਾਹਿਬਾਨਾਂ ਨੂੰ ਹਟਾਉਣ ਜਾਂ ਨਵੇਂ ਲਗਾਉਣ ਨਾਲ ਮਸਲੇ ਹੱਲ ਨਹੀਂ ਹੋਣੇ | ਸਿੱਖ ਫੈਡਰੇਸ਼ਨ ਨੇ ਇਹ ਵੀ ਕਿਹਾ ਕਿ 2 ਦਸੰਬਰ ਵਾਲੇ ਹੁਕਮਨਾਮੇਂ ਤੋਂ ਬਾਅਦ ਜੇ ਗਿਆਨੀ ਰਘਬੀਰ ਸਿੰਘ ਦਿ੍ੜਤਾ ਨਾਲ ਹਾਲਾਤਾਂ ਮੁਤਾਬਿਕ ਪੈਰਵਾਈ ਕਰਦੇ ਤਾਂ ਸ਼ਾਇਦ ਅੱਜ ਵਰਗੇ ਹਾਲਾਤ ਪੈਦਾ ਨਾ ਹੁੰਦੇ | ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਭੁੱਲ ਮੰਨ ਕੇ ਆਪਣਾ ਬਿਆਨ ਨੂੰ ਹੀ ਬਦਲ ਦਿੱਤਾ ਸੀ ਪਰ ਉਸ ਸਮੇਂ ਗਿਆਨੀ ਰਘਬੀਰ ਸਿੰਘ ਨੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ | ਦੂਜੇ ਪਾਸੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਤੇ ਕਾਰਜਕਾਰੀ ਕਮੇਟੀ ਵੱਲੋਂ ਵੀ ਗਿਆਨੀ ਰਘਬੀਰ ਸਿੰਘ ਨੂੰ ਸੇਵਾਮੁਕਤ ਕਰਨ ਵੇਲੇ ਮੁੜ ਪਹਿਲਾਂ ਵਾਲੀਆਂ ਗਲਤੀਆਂ ਨੂੰ ਹੀ ਦੁਹਾਰਾਇਆ ਹੈ | ਉਕਤ ਆਗੂਆਂ ਨੇ ਕਿਹਾ ਕਿ ਉਕਤ ਮਾਮਲਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਨੂੰ ਸ਼੍ਰੋਮਣੀ ਕਮੇਟੀ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ ਨਹੀਂ ਤਾਂ ਭਵਿੱਖ 'ਚ ਸਾਡੀਆਂ ਅਗਲੀਆਂ ਪੀੜੀਆਂ ਦਾ ਬਹੁਤ ਨੁਕਸਾਨ ਹੋਵੇਗਾ | ਕਿਉਂਕਿ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਨੂੰ ਖ਼ਤਮ ਕਰਨ 'ਤੇ ਤੁਲੀਆਂ ਹੋਈਆਂ ਹਨ |