ਕਾਨਪੁਰ, 28 ਫਰਵਰੀ (ਏਜੰਸੀ)-ਕਾਨਪੁਰ 'ਚ ਇਕ ਹਾਦਸੇ ਤੋਂ ਬਾਅਦ ਜ਼ਬਤ ਕੀਤੀ ਗਈ ਲਗਜ਼ਰੀ ਲੈਂਬੋਰਗਿਨੀ ਸਪੋਰਟਸ ਕਾਰ ਨੂੰ 8.30 ਕਰੋੜ ਰੁਪਏ ਦੇ ਜ਼ਮਾਨਤੀ ਬਾਂਡ 'ਤੇ ਰਿਹਾਅ ਕਰ ਦਿੱਤਾ ਗਿਆ | ਅਦਾਲਤ ਦੀ ਪ੍ਰਵਾਨਗੀ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਕਾਰ ਉਸ ਦੇ ਮਾਲਕ ਹਵਾਲੇ ਕਰ ਦਿੱਤੀ | ਜ਼ਿਲ੍ਹਾ ਸਰਕਾਰੀ ਵਕੀਲ (ਅਪਰਾਧ) ਦਲੀਪ ਅਵਸਥੀ ਨੇ ਦੱਸਿਆ ਕਿ ਚੀਫ਼ ਜੁਡੀ ਸ਼ੀਅਲ ਮੈਜਿਸਟ੍ਰੇਟ ਸੂਰਜ ਮਿਸ਼ਰਾ ਨੇ ਕਾਰੋਬਾਰੀ ਕੇ.ਕੇ. ਮਿਸ਼ਰਾ ਦੇ ਬੇਟੇ ਸ਼ਿਵਮ ਮਿਸ਼ਰਾ ਦੀ ਲਗਜ਼ਰੀ ਕਾਰ ਨੂੰ ਛੱਡਣ ਦਾ ਆਦੇਸ਼ ਦਿੱਤਾ | ਅਵਸਥੀ ਨੇ ਦੱਸਿਆ ਕਿ ਅਦਾਲਤ ਨੇ ਕਾਰ ਛੱਡਣ ਸਮੇਂ ਕੁਝ ਸ਼ਰਤਾਂ ਲਗਾਈਆਂ, ਜਿਨ੍ਹਾਂ 'ਚ ਕਿਹਾ ਗਿਆ ਕਿ ਕਾਰ ਨੂੰ ਵੇਚਿਆ ਜਾਂ ਤਬਦੀਲ ਨਹੀਂ ਕੀਤਾ ਜਾ ਸਕਦਾ, ਇਸ ਦੇ ਰੰਗ, ਇੰਜਣ ਜਾਂ ਚੈੱਸੀ ਨੰਬਰ 'ਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ ਤੇ ਜਦੋਂ ਵੀ ਜ਼ਰੂਰਤ ਹੋਵੇ ਮਾਲਕ ਨੂੰ ਆਪਣੇ ਖਰਚੇ 'ਤੇ ਗੱਡੀ ਨੂੰ ਅਦਾਲਤ ਜਾਂ ਜਾਂਚ ਅਧਿਕਾਰੀ ਸਾਹਮਣੇ ਪੇਸ਼ ਕਰਨਾ ਹੋਵੇਗਾ | ਬਚਾਅ ਪੱਖ ਦੇ ਵਕੀਲ ਧਰਮੇਂਦਰ ਸਿੰਘ ਉਰਫ਼ ਧਰਮੂ ਨੇ ਦੱਸਿਆ ਕਿ ਰਿਹਾਈ ਲਈ ਅਦਾਲਤ 'ਚ ਕਰੀਬ 7.5 ਕਰੋੜ ਰੁਪਏ ਦੀ ਸਕਿਓਰਟੀਜ਼ ਤੇ ਕਰੀਬ 1 ਕਰੋੜ ਰੁਪਏ ਦੀਆਂ ਦੋ ਗੱਡੀਆਂ ਦੇ ਦਸਤਾਵੇਜ਼ ਜਮ੍ਹਾਂ ਕੀਤੇ ਗਏ | 8 ਫਰਵਰੀ ਨੂੰ ਤੇਜ਼ ਰਫ਼ਤਾਰ ਲੈਂਬੋਰਗਿਨੀ ਨੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ ਸੀ, ਜਦੋਂ ਕਿ ਸ਼ਿਵਮ ਮਿਸ਼ਰਾ ਨੂੰ 12 ਫਰਵਰੀ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਪਰ ਕੁਝ ਹੀ ਸਮੇਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ |