ਮਿਲਾਨ (ਇਟਲੀ), 28 ਫਰਵਰੀ (ਹਰਦੀਪ ਸਿੰਘ ਕੰਗ)-ਉੱਤਰੀ ਇਟਲੀ ਦੇ ਮਿਲਾਨ ਸ਼ਹਿਰ 'ਚ ਸਥਿਤ ਇੰਡੀਅਨ ਕੌਂਸਲੇਟ ਜਨਰਲ ਆਪ ਮਿਲਾਨ ਵਲੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੌਂਸਲੇਟ ਜਨਰਲ ਦੇ ਮਿਲਾਨ ਦਫ਼ਤਰ ਵਿਖੇ ਵਿਸ਼ੇਸ਼ ਤੌਰ 'ਤੇ ਇਕ ਰੋਜ਼ਾ ਪਾਸਪੋਰਟ ਸੁਰੈਂਡਰ ਕੈਂਪ ਲਗਾਇਆ ਗਿਆ | ਜਿਸ 'ਚ 200 ਤੋਂ ਵੱਧ ਅਰਜ਼ੀਆਂ 'ਤੇ ਤੁਰੰਤ ਕਾਰਵਾਈ ਕੀਤੀ ਗਈ | ਇਸ ਵਾਰ ਇਹ ਕੈਂਪ ਵੈਨੇਤੋ ਸੂਬੇ ਨਾਲ ਸਬੰਧਿਤ ਸੀ, ਜਿਸ ਦੌਰਾਨ ਵੈਨੇਤੋ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ ਵਿਚ ਭਾਰਤੀ ਵਿਅਕਤੀ ਇਸ ਕੈਂਪ 'ਚ ਪਹੁੰਚੇ | ਕੈਂਪ ਦੌਰਾਨ ਬਹੁਤ ਹੀ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਗਿਆ | ਕੌਂਸਲੇਟ ਜਨਰਲ ਵਲੋਂ ਅਜਿਹੇ ਕੈਂਪ ਸਨਿਚਰਵਾਰ ਵਾਲੇ ਦਿਨ ਭਾਵ ਇਟਲੀ 'ਚ ਛੁੱਟੀ ਵਾਲੇ ਦਿਨ ਲੱਗਣ ਕਰਕੇ ਇੱਥੇ ਰਹਿਣ ਵਾਲੇ ਭਾਰਤੀਆਂ ਨੂੰ ਅਜਿਹੇ ਕੈਂਪਾਂ ਦਾ ਬਹੁਤ ਜ਼ਿਆਦਾ ਫ਼ਾਇਦਾ ਮਿਲ ਰਿਹਾ ਹੈ | ਕਿਉਂਕਿ ਇਸ ਤਰਾਂ ਉਨ੍ਹਾਂ ਨੂੰ ਆਪਣੇ ਕੰਮਾਂ-ਕਾਰਾਂ ਤੋਂ ਵਿਸ਼ੇਸ਼ ਛੁੱਟੀ ਨਹੀ ਕਰਨੀ ਪੈਂਦੀ | ਕੌਂਸਲੇਟ ਜਨਰਲ ਦੇ ਅਜਿਹੇ ਉਪਰਾਲਿਆਂ ਦੀ ਉੱਤਰੀ ਇਟਲੀ 'ਚ ਵੱਸਦੇ ਭਾਰਤੀ ਭਾਈਚਾਰੇ ਵਲੋਂ ਖੂਬ ਸ਼ਲਾਘਾ ਵੀ ਕੀਤੀ ਜਾ ਰਹੀ ਹੈ |