ਲੰਡਨ, 1 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਨੇ ਪੱਛਮੀ ਏਸ਼ੀਆ ਵਿਚ 'ਵਧ ਰਹੇ ਅੰਨ੍ਹੇਵਾਹ' ਹਮਲਿਆਂ ਲਈ ਈਰਾਨ ਦੀ ਨਿੰਦਾ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਯੂ.ਕੇ. ਖੇਤਰ ਦੀ ਰੱਖਿਆ ਨੂੰ ਪੂਰੀ ਸਰਗਰਮੀ ਨਾਲ ਮਜ਼ਬੂਤ ਕਰ ਰਿਹਾ ਹੈ | ਈਰਾਨ ਦੇ ਨੇਤਾ ਅਯਾਤੁੱਲਾ ਅਲੀ ਖਮੇਨੀ ਦੇ ਅਮਰੀਕੀ-ਇਜ਼ਰਾਈਲੀ ਹਮਲਿਆਂ ਵਿਚ ਮਾਰੇ ਜਾਣ ਤੋਂ ਬਾਅਦ ਯੂ.ਕੇ. ਦੇ ਰੱਖਿਆ ਮੰਤਰੀ ਜੌਨ ਹੀਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਹੁਤ ਘੱਟ ਲੋਕ ਉਸਦੀ ਮੌਤ 'ਤੇ ਸੋਗ ਮਨਾਉਣਗੇ ਕਿਉਂਕਿ ਉਨ੍ਹਾਂ ਦੀ ਅਗਵਾਈ ਵਾਲਾ ਸ਼ਾਸਨ 'ਬੁਰਾਈ ਦਾ ਸਰੋਤ' ਸੀ | ਉਹਨਾ ਕਿਹਾ ਕਿ ਸਾਡੀਆਂ ਕੋਸ਼ਿਸ਼ਾਂ ਖੇਤਰ 'ਚ ਬਰਤਾਨਵੀ ਕਰਮਚਾਰੀਆਂ, ਲੋਕਾਂ, ਫੌਜ ਤੇ ਨਾਗਰਿਕਾਂ ਲਈ ਵੱਧ ਰਹੇ ਖਤਰਿਆਂ 'ਤੇ ਕੇਂਦਿ੍ਤ ਹਨ | ਹੀਲੀ ਨੇ ਕਿਹਾ ਕਿ ਖਾਮੇਨੀ ਦਾ ਸ਼ਾਸਨ ਦਹਾਕਿਆਂ ਤੋਂ ਬੁਰਾਈ ਦੇ ਸਰੋਤ ਵਜੋਂ ਚੱਲਿਆ ਹੈ, ਇਸਨੇ ਆਪਣੇ ਹੀ ਨਾਗਰਿਕਾਂ ਦਾ ਕਤਲ ਕੀਤਾ ਹੈ ਤੇ ਅੱਤਵਾਦ ਫੈਲਾਇਆ ਹੈ | ਉਹਨਾਂ ਕਿਹਾ ਕਿ ਈਰਾਨ ਅੰਨ੍ਹੇਵਾਹ ਹਮਲੇ ਕਰ ਰਿਹਾ ਹੈ ਜਿਸ ਨੂੰ ਲੈ ਕੇ ਲੋਕ ਚਿੰਤਤ ਹਨ | ਇਰਾਨ ਵੱਲੋਂ ਕੁਵੈਤ ਦੇ ਨਾਗਰਿਕ ਹਵਾਈ ਅੱਡੇ, ਦੁਬਈ ਤੇ ਬਹਿਰੀਨ ਦੇ ਹੋਟਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਯੂ.ਕੇ. ਦੇ ਹਵਾਈ ਹਮਲੇ ਖੇਤਰੀ ਸਥਿਰਤਾ ਨੂੰ ਮਜ਼ਬੂਤ ਕਰਨ ਲਈ ਹਨ ਤੇ ਰਾਇਲ ਏਅਰ ਫੋਰਸ ਇਹ ਕਰਨਾ ਜਾਰੀ ਰੱਖੇਗੀ ਤੇ ਭਵਿੱਖ ਵਿਚ ਤਣਾਅ ਦੇ ਖਤਰੇ ਨੂੰ ਘਟਾਉਣ ਦੀ ਕੋਸ਼ਿਸ਼ ਕਰੇਗੀ | ਹੀਲੀ ਨੇ ਦੱਸਿਆ ਕਿ ਆਰ ਏ.ਐਫ. ਜੈੱਟ ਕਤਰ ਤੇ ਸਾਈਪ੍ਰਸ ਤੋਂ ਉਡਾਣ ਭਰ ਰਹੇ ਹਨ ਤੇ ਇਨ੍ਹਾਂ ਦੋਵਾਂ ਦੇਸ਼ਾਂ ਵੱਲ ਕੀਤੇ ਗਏ ਈਰਾਨੀ ਮਿਜ਼ਾਈਲਾਂ ਜਾਂ ਡਰੋਨ ਹਮਲਿਆਂ ਤੋਂ ਬਚਾਅ ਕਰ ਰਹੇ ਹਨ |