ਅੰਮਿ੍ਤਸਰ, 28 ਅਪ੍ਰੈਲ (ਸੁਰਿੰਦਰ ਕੋਛੜ)-ਐਕਸਪੋ ਸੈਂਟਰ ਲਾਹੌਰ ਵਿਖੇ ਪੰਜਾਬ ਟੂਰਿਜ਼ਮ ਐਂਡ ਇਨਵੈਸਟਮੈਂਟ ਐਕਸਪੋ 2026 ਦੌਰਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਜ਼ਿਲ੍ਹਾ ਚਕਵਾਲ ਸਥਿਤ ਸ੍ਰੀ ਕਟਾਸਰਾਜ ਤੀਰਥ, ਮੁਲਤਾਨ ਦੇ ਮੁਸਲਿਮ ਤੇ ਹਿੰਦੂ ਧਾਰਮਿਕ ਸਥਾਨਾਂ ਤੋਂ ਇਲਾਵਾ ਹਿਰਨ ਮੀਨਾਰ ਦੇ ਮਾਡਲ ਪ੍ਰਦਰਸ਼ਿਤ ਕੀਤੇ ਗਏ | ਇਨ੍ਹਾਂ 'ਚੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੇ ਕਟਾਸਰਾਜ ਤੀਰਥ ਦੇ ਮਾਡਲ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ | ਮਹਿਕਮਾ ਉਕਾਫ਼ ਬੋਰਡ ਪੰਜਾਬ ਦੇ ਸਕੱਤਰ ਤੇ ਮੁੱਖ ਪ੍ਰਸ਼ਾਸਕ ਡਾ. ਅਹਿਸਾਨ ਭੁੱਟਾ ਨੇ ਐਕਸਪੋ 2026 ਦੌਰਾਨ 'ਪੰਜਾਬ ਦੇ ਧਾਰਮਿਕ ਟੂਰਿਜ਼ਮ ਸਰਕਟ: ਅਨਲੌਕਿੰਗ ਇਨਵੈਸਟਮੈਂਟ, ਕਨੈਕਟੀਵਿਟੀ ਅਤੇ ਸੱਭਿਆਚਾਰਕ ਰਾਜਧਾਨੀ' ਸਿਰਲੇਖ ਵਾਲੀ ਪੈਨਲ ਚਰਚਾ 'ਚ ਬੋਲਦਿਆਂ ਕਿਹਾ ਕਿ ਲਹਿੰਦਾ ਪੰਜਾਬ ਧਾਰਮਿਕ ਸੈਰ-ਸਪਾਟਾ ਅੰਤਰ-ਧਰਮ ਸਦਭਾਵਨਾ ਨੂੰ ਉਤਸ਼ਾਹਿਤ ਕਰਨ, ਆਰਥਿਕ ਵਿਕਾਸ ਨੂੰ ਤੇਜ਼ ਕਰਨ ਤੇ ਸੂਬੇ ਦੀ ਅਮੀਰ ਅਧਿਆਤਮਿਕ ਵਿਰਾਸਤ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕਰਨ ਦੀ ਵਿਸ਼ਾਲ ਸੰਭਾਵਨਾ ਰੱਖਦਾ ਹੈ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਅਗਵਾਈ ਹੇਠ ਸੂਬਾਈ ਸਰਕਾਰ ਧਾਰਮਿਕ ਸੈਰ-ਸਪਾਟੇ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ |