ਨਵੀਂ ਦਿੱਲੀ, 28 ਅਪ੍ਰੈਲ (ਇੰਟ.)-ਦੇਸ਼ ਦੀਆਂ ਪ੍ਰਮੁੱਖ ਏਅਰਲਾਈਨਾਂ ਏਅਰ ਇੰਡੀਆ, ਇੰਡੀਗੋ ਅਤੇ ਸਪਾਈਸਜੈੱਟ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ ਕਿ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐਫ.) ਦੀਆਂ ਵਧਦੀਆਂ ਕੀਮਤਾਂ ਕਾਰਨ ਏਅਰਲਾਈਨ ਉਦਯੋਗ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਇਸ ਨਾਲ ਕੰਮਕਾਜ ਪੂਰੀ ਤਰ੍ਹਾਂ ਮੁਅੱਤਲ ਹੋ ਸਕਦਾ ਹੈ | ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ (ਐਫ.ਆਈ.ਏ.) (ਇਹਨਾਂ ਤਿੰਨਾਂ ਕੈਰੀਅਰਾਂ ਦੀ ਨੁਮਾਇੰਦਗੀ ਕਰਨ ਵਾਲੀ ਇਕ ਸੰਸਥਾ) ਨੇ ਸਿਵਲ ਏਵੀਏਸ਼ਨ ਮੰਤਰਾਲੇ ਨੂੰ ਪੱਤਰ ਲਿਖ ਕੇ ਏ.ਟੀ.ਐਫ. ਦੀਆਂ ਕੀਮਤਾਂ ਦੇ ਨਾਲ-ਨਾਲ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ | ਫੈਡਰੇਸ਼ਨ ਨੇ ਕਿਹਾ ਕਿ ਮੱਧ ਪੂਰਬ 'ਚ ਚੱਲ ਰਹੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ | ਇਸ ਤੋਂ ਇਲਾਵਾ, ਵੱਖ-ਵੱਖ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ ਲੰਬੀ ਦੂਰੀ ਦੀਆਂ ਉਡਾਣਾਂ ਲਈ ਸੰਚਾਲਨ ਲਾਗਤਾਂ 'ਚ ਕਾਫ਼ੀ ਵਾਧਾ ਹੋਇਆ ਹੈ | ਏਅਰਲਾਈਨਾਂ ਨੇ ਏ.ਟੀ.ਐਫ. ਕੀਮਤ ਨੂੰ ਤਰਕਸੰਗਤ ਬਣਾਉਣ, ਘਰੇਲੂ ਕਾਰਜਾਂ ਲਈ ਏ.ਟੀ.ਐਫ. 'ਤੇ ਲਗਾਈ ਗਈ 11 ਫ਼ੀਸਦ ਐਕਸਾਈਜ਼ ਡਿਊਟੀ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਤੇ ਮੁੱਖ ਰਾਜਾਂ ਵਿਚ ਵੈਟ ਦਰਾਂ 'ਚ ਕਮੀ ਦੀ ਮੰਗ ਕੀਤੀ ਹੈ | ਐਫ.ਆਈ.ਏ. ਅਨੁਸਾਰ ਦਿੱਲੀ, ਜੋ ਕਿ ਭਾਰਤ ਦਾ ਸਭ ਤੋਂ ਵੱਡਾ ਹਵਾਬਾਜ਼ੀ ਕੇਂਦਰ ਹੈ, 25 ਫ਼ੀਸਦ ਵੈਟ ਲਗਾਉਂਦਾ ਹੈ, ਜਿਸ ਨਾਲ ਇਹ ਦੇਸ਼ 'ਚ ਦੂਜਾ ਸਭ ਤੋਂ ਵੱਧ ਵੈਟ ਦਰ ਵਾਲਾ ਸ਼ਹਿਰ ਬਣ ਜਾਂਦਾ ਹੈ | ਤਾਮਿਲਨਾਡੂ 29 ਫ਼ੀਸਦ ਦੀ ਦਰ ਨਾਲ ਰਾਜਾਂ 'ਚ ਪਹਿਲੇ ਸਥਾਨ 'ਤੇ ਹੈ | ਮੁੰਬਈ, ਬੈਂਗਲੁਰੂ, ਹੈਦਰਾਬਾਦ ਤੇ ਕੋਲਕਾਤਾ ਵਰਗੇ ਹੋਰ ਪ੍ਰਮੁੱਖ ਹਵਾਬਾਜ਼ੀ ਕੇਂਦਰਾਂ ਵਿਚ, ਵੈਟ ਦਰਾਂ 16 ਫ਼ੀਸਦ ਤੋਂ 20 ਫ਼ੀਸਦ ਦੇ ਵਿਚਕਾਰ ਹਨ | ਇਹ ਸ਼ਹਿਰ ਸਮੂਹਿਕ ਤੌਰ 'ਤੇ ਭਾਰਤ ਦੇ ਅੰਦਰ ਸਾਰੇ ਘਰੇਲੂ ਹਵਾਈ ਜਹਾਜ਼ ਸੰਚਾਲਨ ਦਾ 50 ਫ਼ੀਸਦ ਤੋਂ ਵੱਧ ਹਿੱਸਾ ਪਾਉਂਦੇ ਹਨ |