ਨਵੀਂ ਦਿੱਲੀ, 29 ਅਪ੍ਰੈਲ (ਪੀ. ਟੀ. ਆਈ.)-ਭਾਰਤੀ ਗੋਲਫਰ ਵਿਜੇ ਕੁਮਾਰ (57) ਦਾ ਦਿਲ ਦਾ ਦੌਰਾ ਪੈਣ ਕਾਰਨ ਉਨਾਂ ਦੇ ਜੱਦੀ ਸ਼ਹਿਰ ਲਖਨਊ 'ਚ ਦਿਹਾਂਤ ਹੋ ਗਿਆ | 2002 ਦੇ ਇੰਡੀਅਨ ਓਪਨ ਦੇ ਜੇਤੂ ਅਤੇ ਚਾਰ ਵਾਰ ਆਰਡਰ ਆਫ਼ ਮੈਰਿਟ ਚੈਂਪੀਅਨ ਵਿਜੇ ਭਾਰਤੀ ਪੇਸ਼ੇਵਰ ਗੋਲਫ 'ਚ ਸਭ ਤੋਂ ਵੱਧ ਸਫ਼ਲ ਅਤੇ ਸਤਿਕਾਰਤ ਨਾਵਾਂ 'ਚੋਂ ਇਕ ਸਨ | ਵਿਜੇ ਨੇ 1988 'ਚ ਪੇਸ਼ੇਵਰ ਗੋਲਫ ਖੇਡਣਾ ਸ਼ੁਰੂ ਕੀਤਾ | ਉਸ ਨੇ 1990 ਦੇ ਦਹਾਕੇ ਦੇ ਮੱਧ ਤੋਂ ਅਗਲੇ ਦਹਾਕੇ ਦੇ ਸ਼ੁਰੂਆਤੀ ਹਿੱਸੇ ਤੱਕ ਭਾਰਤੀ ਘਰੇਲੂ ਗੋਲਫ 'ਚ ਦਬਦਬਾ ਬਣਾਇਆ | 2002 ਦੇ ਇੰਡੀਅਨ ਓਪਨ 'ਚ ਵਿਜੇ ਦੀ ਪ੍ਰਤੀਕ ਜਿੱਤ ਭਾਰਤੀ ਗੋਲਫ 'ਚ ਇਕ ਇਤਿਹਾਸਕ ਮੀਲ ਪੱਥਰ ਹੈ | ਉਹ ਇੰਡੀਅਨ ਓਪਨ ਜਿੱਤਣ ਵਾਲੇ ਸਿਰਫ਼ 9 ਭਾਰਤੀ ਗੋਲਫਰਾਂ 'ਚੋਂ ਇੱਕ ਹੈ | ਵਿਜੇ ਨੇ ਸਕਾਟਲੈਂਡ ਦੇ ਸੇਂਟ ਐਂਡਰਿਊਜ਼ ਵਿਖੇ ਖੇਡੇ ਗਏ ਐਲਫ੍ਰੇਡ ਡਨਹਿਲ ਕੱਪ 1999 'ਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ |