ਵਿਨੀਪੈਗ, 30 ਅਪ੍ਰੈਲ (ਵਰਿੰਦਰ ਸਿੰਘ ਰੰਧਾਵਾ)-ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਮੈਨੀਟੋਬਾ ਵਲੋਂ 8ਵਾਂ ਸ਼ਾਨਦਾਰ 'ਟੋਬਾ ਗੋਲਡ ਕੱਪ 2026' ਫ਼ੀਲਡ ਹਾਕੀ ਟੂਰਨਾਮੈਂਟ ਵਿਨੀਪੈਗ ਵਿਖੇ ਕਰਵਾਇਆ ਗਿਆ, ਜਿਸ 'ਚ ਕੈਨੇਡਾ ਦੀਆ ਪ੍ਰਸਿੱਧ ਅੱਠ ਟੀਮਾਂ ਨੇ ਹਿੱਸਾ ਲਿਆ | ਫਾਈਨਲ ਮੁਕਾਬਲਾ ਬਹੁਤ ਫਸਵਾਂ ਸੀ, ਜਿਸ 'ਚ ਟੋਬਾ ਵਾਰੀਅਰਜ਼ ਯੈਲੋ ਵਿਨੀਪੈਗ ਵਲੋਂ ਮੈਦਾਨੀ ਗੋਲ ਕਰਦਿਆਂ ਬੜਤ ਬਣਾਈ ਗਈ ਪਰ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਨੇ ਉਸ ਨੂੰ ਬਰਾਬਰ ਕਰ ਦਿੱਤਾ | ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ ਚਾਰ-ਚਾਰ ਗੋਲ ਨਾਲ ਬਰਾਬਰ ਰਹਿਣ ਤੋਂ ਬਾਅਦ ਸ਼ੂਟਆਊਟ ਨਾਲ ਮੈਚ ਦਾ ਨਤੀਜਾ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਦੇ ਹੱਕ ਗਿਆ, ਜਿਸ 'ਚ ਉਸ ਨੇ ਦੋ ਗੋਲਾਂ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਟੋਬਾ ਵਾਰੀਅਰਜ਼ ਯੈਲੋ ਵਿਨੀਪੈਗ ਨੂੰ ਹਰਾ ਕੇ 8ਵਾਂ '' ਟੋਬਾ ਗੋਲਡ ਕੱਪ ਆਪਣੇ ਨਾਂਅ ਕੀਤਾ | ਟੋਬਾ ਦੇ ਸੁਖਮੰਦਰ ਸਿੰਘ ਵਲੋਂ ਤਿੰਨ ਗੋਲ ਅਤੇ ਇਕ ਗੋਲ ਗੁਰਪ੍ਰੀਤ ਵਲੋਂ ਕੀਤਾ ਗਿਆ, ਜਦਕਿ ਅਕਾਲ ਟੀਮ ਵਲੋਂ ਤਨਵੀਰ ਨੇ ਦੋ ਗੋਲ, ਜਦੋਂਕਿ ਇਕ-ਇਕ ਗੋਲ ਜਤਿੰਦਰ ਅਤੇ ਦਵਿੰਦਰ ਵਲੋਂ ਕੀਤਾ ਗਿਆ | ਅਕਾਲ ਫ਼ੀਲਡ ਹਾਕੀ ਕਲੱਬ ਕੈਲਗਰੀ ਦੇ ਤਨਵੀਰ ਨੂੰ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ, ਜਦੋਂਕਿ ਵਾਰੀਅਰਜ਼ ਯੈਲੋ ਵਿਨੀਪੈਗ ਦਾ ਨਵਪ੍ਰੀਤ ਵਧੀਆ ਗੋਲਕੀਪਰ ਐਲਾਨਿਆ ਗਿਆ | ਜੂਨੀਅਰ ਵਰਗ ਵਿਚ ਯੂਥ ਫ਼ੀਲਡ ਹਾਕੀ ਕਲੱਬ ਐਡਮਿੰਟਨ ਨੇ ਵੋਲਵਰਾਈਨਜ਼ ਫ਼ੀਲਡ ਹਾਕੀ ਐਬਟਸਫੋਰਡ ਬਿ੍ਟਿਸ਼ ਕੋਲੰਬੀਆ ਨੂੰ ਫਾਈਨਲ ਵਿਚ ਹਰਾ ਕੇ ਜੂਨੀਅਰ ਟੋਬਾ ਕੱਪ ਆਪਣੇ ਨਾਂਅ ਕੀਤਾ, ਜਦਕਿ ਕੈਲਗਰੀ ਫ਼ੀਲਡ ਹਾਕੀ ਕਲੱਬ ਨੇ ਟੋਬਾ ਵਾਰੀਅਰਜ਼ ਵਿਨੀਪੈਗ ਦੀ ਟੀਮ ਨੂੰ ਸਿਫ਼ਰ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਮੈਨੀਟੋਬਾ ਦੇ ਉਘੇ ਕਾਰੋਬਾਰੀ ਰੁਪਿੰਦਰ ਬਰਾੜ, ਜੱਗੀ ਅਤੇ ਜਗਜੀਤ ਸਿੰਘ ਗਿੱਲ ਨੇ ਇਨਾਮਾਂ ਦੀ ਵੰਡ ਕੀਤੀ | ਵਿਨੀਪੈਗ ਕਰੂਸਡੌਕ ਵਲੋਂ ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 2500 ਡਾਲਰ, ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 2000 ਡਾਲਰ ਦੇ ਨਕਦ ਇਨਾਮਾਂ ਤੋਂ ਇਲਾਵਾ ਤਗਮੇ ਤੇ ਟਰਾਫ਼ੀਆਂ ਵੀ ਦਿੱਤੀਆਂ ਗਈਆਂ | ਤਾਸ਼ (ਸੀਪ) ਵਿਚ ਮਨਦੀਪ ਸਿੰਘ ਤੇ ਜਸਪਾਲ ਸਿੰਘ ਦੀ ਟੀਮ ਨੇ ਟਰਾਫ਼ੀ ਆਪਣੇ ਨਾਂਅ ਕੀਤੀ | ਇਸ ਦੌਰਾਨ ਉਘੀ ਹਾਕੀ ਖਿਡਾਰਨਾਂ ਸਤਵੀਰ ਕੌਰ ਅਤੇ ਰੁਪਿੰਦਰ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ 'ਚ ਮੈਨੀਟੋਬਾ ਸਰਕਾਰ ਦੇ ਮੰਤਰੀ ਮਿੰਟੂ ਸੰਧੂ ਅਤੇ ਵਿਧਾਇਕ ਦਲਜੀਤ ਪਾਲ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਵਿਨੀਪੈਗ ਦੇ ਮਸ਼ਹੂਰ ਕਚੌਰੀ ਰੈਸਟੋਰੈਂਟ ਵਲੋਂ ਵਿਸ਼ੇਸ਼ ਤੌਰ 'ਤੇ ਸਮੋਸੇ, ਪਕੌੜੇ, ਟਿੱਕੀ ਅਤੇ ਕਚੌਰੀ ਦੀ ਸੇਵਾ ਕੀਤੀ ਗਈ, ਜਦੋਂਕਿ ਗੁਰੂਘਰ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਟੋਬਾ ਵਾਰੀਅਰਜ਼ ਹਾਕੀ ਕਲੱਬ ਵਿਨੀਪੈਗ ਦੇ ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਜੂਨੀਅਰ ਹਾਕੀ ਲੜਕੇ ਤੇ ਲੜਕੀਆਂ ਦੀ ਟਰੇਨਿੰਗ ਵੀ ਚੱਲ ਰਹੀ ਹੈ | ਇਸ ਮੌਕੇ ਪ੍ਰਧਾਨ ਸਮਸ਼ੇਰ ਸਿੰਘ, ਕੋਚ ਸੁਰਿੰਦਰ ਮਾਵੀ, ਜੱਗੀ ਗਰੇਵਾਲ, ਐਮ. ਪੀ. ਸਿੰਘ ਆਦਿ ਵੀ ਹਾਜ਼ਰ ਸਨ |