ਸਾਨ ਫਰਾਂਸਿਸਕੋ, 29 ਮਾਰਚ (ਐਸ. ਅਸ਼ੋਕ ਭੌਰਾ)-ਅਮਰੀਕਾ ਇਸ ਸਾਲ ਜੁਲਾਈ 'ਚ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮਨਾ ਰਿਹਾ ਹੈ | ਵਿਦੇਸ਼ ਵਿਭਾਗ ਇਸ ਇਤਿਹਾਸਕ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਸੀਮਤ ਗਿਣਤੀ 'ਚ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਿਆ ਅਮਰੀਕੀ ਪਾਸਪੋਰਟ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚਿਹਰਾ ਅੰਦਰੂਨੀ ਕਵਰ 'ਤੇ ਅਤੇ ਹੋਰ ਤਸਵੀਰਾਂ ਸ਼ਾਮਿਲ ਹਨ | ਯਾਦਗਾਰੀ ਪਾਸਪੋਰਟ 'ਚ ਆਜ਼ਾਦੀ ਦੇ ਐਲਾਨਨਾਮੇ 'ਤੇ ਟਰੰਪ ਦੀ ਤਸਵੀਰ, ਜਿਸ ਦੇ ਅੰਦਰਲੇ ਕਵਰ 'ਤੇ ਸੁਨਹਿਰੀ ਰੰਗ 'ਚ ਦਸਤਖ਼ਤ ਹਨ ਅਤੇ ਨਾਲ ਹੀ ਆਜ਼ਾਦੀ ਦੇ ਐਲਾਨਨਾਮੇ 'ਤੇ ਦਸਤਖਤ ਕਰਨ ਵਾਲੇ ਸੰਸਥਾਪਕਾਂ ਦੀ ਤਸਵੀਰ ਵਾਲਾ ਇਕ ਪੰਨਾ ਦਿਖਾਇਆ ਗਿਆ ਹੈ | ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਦੱਸਿਆ ਕਿ ਪਾਸਪੋਰਟਾਂ 'ਚ ਉਹੀ ਵਿਸ਼ੇਸ਼ਤਾਵਾਂ ਹੋਣਗੀਆਂ ਜੋ ਅਮਰੀਕੀ ਪਾਸਪੋਰਟ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਦਸਤਾਵੇਜ਼ ਬਣਾਉਂਦੀਆਂ ਹਨ | ਵਿਦੇਸ਼ ਵਿਭਾਗ ਅਨੁਸਾਰ ਪਾਸਪੋਰਟ ਪ੍ਰਾਪਤ ਕਰਨ ਲਈ ਕੋਈ ਵਾਧੂ ਫੀਸ ਨਹੀਂ ਹੋਵੇਗੀ |