ਸਿਆਟਲ, 29 ਅਪ੍ਰੈਲ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਭਾਰਤੀ ਸਫ਼ਾਰਤਖਾਨੇ ਵਲੋਂ ਵਿਸਾਖੀ ਦਾ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਸਿਆਟਲ ਵਿਖੇ ਭਾਰਤੀ ਸਫ਼ਾਰਤਖਾਨੇ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਦੇ ਸੱਦੇ 'ਤੇ ਇਸ ਵਿਸ਼ੇਸ਼ ਸਮਾਗਮ ਵਿਚ ਬਤੌਰ ਵਿਸ਼ੇਸ਼ ਮਹਿਮਾਨਾਂ ਵਿਚ ਪਹੁੰਚੇ ਯੂ.ਐਸ. ਕਾਂਗਰਸਮੈਨ ਐਡਮ ਸਮਿੱਥ, ਕੈਂਟ ਸਿਟੀ ਦੀ ਮੇਅਰ ਡਾਨਾ ਗਾਲਿਫ਼, ਟਕਵੀਲਾ ਸਿਟੀ ਦੇ ਮੇਅਰ ਥੋਮਸ ਮੈਕਲੋਡ, ਇਸਕਕੋਆ ਸਿਟੀ ਦੇ ਮੇਅਰ ਮਾਰਕ ਮੁਲੀਟ ਆਦਿ ਸ਼ਾਮਿਲ ਸਨ | ਸਮਾਗਮ ਨੂੰ ਸੰਬੋਧਨ ਕਰਦਿਆਂ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਨੇ ਕਿਹਾ ਕਿ ਵਿਸਾਖੀ ਸਾਡੇ ਪੰਜਾਬੀਆਂ ਤੇ ਭਾਰਤੀਆਂ ਦਾ ਇਕ ਵਿਸ਼ੇਸ਼ ਤਿਉਹਾਰ ਹੈ, ਜਿਸ ਨੂੰ ਸਾਰੇ ਰਲ-ਮਿਲ ਕੇ ਮਨਾਉਂਦੇ ਹਨ | ਉਨ੍ਹਾਂ ਇਸ ਮੌਕੇ ਸਾਰੇ ਭਾਰਤੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ | ਇਸ ਮੌਕੇ ਭੰਗੜਾ, ਗਿੱਧਾ, ਗੀਤ, ਕਵਿਤਾਵਾਂ ਤੇ ਭਾਸ਼ਣ ਦੀ ਪੇਸ਼ਕਾਰੀ ਵੀ ਦਿੱਤੀ ਗਈ | ਕਾਂਗਰਸਮੈਨ ਆਦਿਮ ਸਮਿੱਥ ਨੇ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀਆਂ ਦੀ ਸ਼ਲਾਘਾ ਕਰਦੇ ਕਿਹਾ ਕਿ ਅਮਰੀਕਾ ਦੀ ਤਰੱਕੀ ਵਿਚ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਇਹ ਆਪਣੇ ਤਿਉਹਾਰ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਉਂਦੇ ਹਨ | ਇਸ ਸਾਰੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ 'ਚ ਸਿਆਟਲ ਦੇ ਪ੍ਰਸਿੱਧ ਕਾਰੋਬਾਰੀ ਸੈਮ ਵਿਰਕ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ | ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸਿਆਟਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ, ਜਿਨ੍ਹਾਂ ਵਿਚ ਸਿਆਟਲ ਦੇ ਧਨਾਢ ਕਿਸਾਨ ਆਗੂ ਚੇਤ ਸਿੰਘ ਸਿੱਧੂ, ਨੌਜਵਾਨ ਅਕਾਲੀ ਆਗੂ ਸੁਖਮਿੰਦਰ ਸਿੰਘ ਸੁੱਖੀ ਰੱਖੜਾ, ਰਸ਼ਪਾਲ ਸਿੰਘ ਸੰਧੂ, ਆਰ. ਐਸ. ਸ਼ਾਸਤਰੀ, ਗੁਰਵਿੰਦਰ ਸਿੰਘ ਧਾਲੀਵਾਲ, ਪੰਜਾਬੀ ਗਾਇਕ ਰਣਜੀਤ ਤੇਜੀ, ਪ੍ਰਸਿੱਧ ਲੇਖਕ ਹਰਦਿਆਲ ਸਿੰਘ ਚੀਮਾ, ਗੁਰਿੰਦਰ ਸਿੰਘ ਗਰੇਵਾਲ, ਗੁਰਦੀਪ ਸਿੱਧੂ, ਮਨਮੋਹਨ ਸਿੰਘ ਢਿੱਲੋਂ, ਪ੍ਰਸਿੱਧ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ, ਜਗਦੇਵ ਸਿੰਘ ਸੰਧੂ, ਗੁਰਮੇਲ ਸਿੰਘ ਗਿੱਲ ਤੇ ਅਮਿਤ ਜੁਨੇਜਾ ਸ਼ਾਮਿਲ ਸਨ |