ਅੰਮਿ੍ਤਸਰ, 30 ਅਪ੍ਰੈਲ (ਸੁਰਿੰਦਰ ਕੋਛੜ)-ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਕਵਾਮੇ ਮਮਦਾਨੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕਿੰਗ ਚਾਰਲਸ ਤੀਜੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤਾਂ ਉਹ ਮੰਗ ਕਰਨਗੇ ਕਿ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਕੀਤਾ ਜਾਵੇ | ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਸ਼ੇਰ ਸਿੰਘ ਦੇ ਮੌਜੂਦਾ ਵਾਰਿਸਾਂ ਕੰਵਰ ਕਰਵਿੰਦਰ ਪਾਲ ਸਿੰਘ, ਕੰਵਰ ਮੀਤ ਪਾਲ ਸਿੰਘ, ਸਾਬਕਾ ਏਅਰ ਮਾਰਸ਼ਲ ਕੰਵਰ ਦਲਿੰਦਰਜੀਤ ਸਿੰਘ ਅਤੇ ਕੰਵਰ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ 21 ਮਾਰਚ 2001 ਨੂੰ ਮਰਹੂਮ ਮਹਾਰਾਣੀ ਐਲਿਜ਼ਾਬੈੱਥ-2 ਨੂੰ ਪੱਤਰ ਭੇਜ ਕੇ ਕੋਹਿਨੂਰ ਹੀਰਾ, ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਣ, ਮਹਾਰਾਜਾ ਖੜਕ ਸਿੰਘ ਦਾ ਦੋ-ਧਾਰੀ ਸੁਨਹਿਰੀ ਖੰਡਾ ਅਤੇ ਮਹਾਰਾਜਾ ਸ਼ੇਰ ਸਿੰਘ ਦਾ ਹੀਰੇ ਨਾਲ ਜੜੀ ਪੇਟੀ ਵਾਪਸ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ | ਮਿਸਰ ਵਸਤੀ ਰਾਮ ਦੇ ਵਾਰਿਸ ਅਮਿੱਤ ਰਜਤ ਗੋਰੀ ਨੇ ਕਿਹਾ ਕਿ ਲਗਭਗ 160 ਸਾਲ ਪਹਿਲਾਂ ਅੰਗਰੇਜ਼ ਸ਼ਾਸਕਾਂ ਵਲੋਂ ਲਾਹੌਰ ਦਰਬਾਰ ਨਾਲ ਸੰਬੰਧਿਤ ਪਰਿਵਾਰਾਂ ਤੋਂ ਲੁੱਟੇ ਸ਼ਾਹੀ ਗਹਿਣੇ ਵੀ ਭਾਰਤ ਵਾਪਸ ਭੇਜੇ ਜਾਣ |