ਨਿਊਯਾਰਕ, 30 ਅਪ੍ਰੈਲ (ਪੀ. ਟੀ. ਆਈ.)-ਅਮਰੀਕਾ ਨੇ ਭਾਰਤ ਨੂੰ ਲਗਭਗ 1.4 ਕਰੋੜ ਅਮਰੀਕੀ ਡਾਲਰ ਦੀਆਂ 657 ਪੁਰਾਤਨ ਵਸਤੂਆਂ ਵਾਪਸ ਕੀਤੀਆਂ ਹਨ | ਇਹ ਵਸਤੂਆਂ ਨਿਊਯਾਰਕ 'ਚ ਭਾਰਤ ਦੇ ਕੌਂਸਲੇਟ ਜਨਰਲ ਦੀ ਕੌਂਸਲ ਰਾਜਲਕਸ਼ਮੀ ਕਦਮ ਦੀ ਮੌਜੂਦਗੀ 'ਚ ਇਕ ਸਮਾਗਮ ਦੌਰਾਨ ਵਾਪਸ ਕੀਤੀਆਂ ਗਈਆਂ | ਵਾਪਸ ਕੀਤੀਆਂ ਗਈਆਂ ਵਸਤੂਆਂ ਵਿਚ 'ਅਵਲੋਕਿਤੇਸ਼ਵਰ' ਦੀ 20 ਲੱਖ ਡਾਲਰ ਦੀ ਕਾਂਸੀ ਦੀ ਮੂਰਤੀ ਸ਼ਾਮਿਲ ਹੈ, ਜੋ ਕਿ ਇਕ ਉੱਕਰੇ ਹੋਏ ਦੋਹਰੇ-ਕਮਲ ਦੇ ਅਧਾਰ 'ਤੇ ਸ਼ੇਰਾਂ ਵਾਲੇ ਸਿੰਘਾਸਣ 'ਤੇ ਬਿਰਾਜਮਾਨ ਹੈ | ਇਸ ਸ਼ਿਲਾਲੇਖ ਦੇ ਕਾਰੀਗਰ ਦੀ ਪਛਾਣ ਛੱਤੀਸਗੜ੍ਹ 'ਚ ਅਜੋਕੇ ਰਾਏਪੁਰ ਦੇ ਨੇੜੇ ਸਥਿਤ ਸਿਪੁਰ ਦੇ ਦ੍ਰੋਣਾਦਿਤਿਆ ਵਜੋਂ ਕਰਦਾ ਹੈ | ਅਵਲੋਕਿਤੇਸ਼ਵਰ ਦੀ ਮੂਰਤੀ 1939 'ਚ ਲਕਸ਼ਮਣ ਮੰਦਰ ਦੇ ਨੇੜੇ ਮਿਲੇ ਕਾਂਸੀ ਦੇ ਇਕ ਵੱਡੇ ਭੰਡਾਰ 'ਚੋਂ ਇਕ ਸੀ ਅਤੇ ਇਹ 1952 ਤੱਕ ਮਹੰਤ ਘਾਸੀਦਾਸ ਮੈਮੋਰੀਅਲ ਮਿਊਜ਼ੀਅਮ, ਰਾਏਪੁਰ ਦੇ ਸੰਗ੍ਰਹਿ 'ਚ ਸ਼ਾਮਿਲ ਹੋ ਗਈ ਸੀ | ਇਹ ਮੂਰਤੀ ਅਜਾਇਬ ਘਰ ਤੋਂ ਚੋਰੀ ਹੋ ਗਈ ਸੀ ਅਤੇ 1982 ਤੱਕ ਅਮਰੀਕਾ 'ਚ ਤਸਕਰੀ ਕਰ ਦਿੱਤੀ ਗਈ ਸੀ, ਜੋ ਆਖਿਰਕਾਰ 2014 ਤੱਕ ਨਿਊਯਾਰਕ 'ਚ ਇਕ ਨਿੱਜੀ ਸੰਗ੍ਰਹਿ 'ਚ ਪਹੁੰਚ ਗਈ | ਕਾਂਸੀ ਦੀ ਇਸ ਕਲਾਕਿ੍ਤੀ ਨੂੰ 2025 'ਚ ਮੈਨਹਟਨ ਡਿਸਟਿ੍ਕਟ ਅਟਾਰਨੀ ਦੇ ਦਫ਼ਤਰ ਵਲੋਂ ਉਸ ਸੰਗ੍ਰਹਿ ਤੋਂ ਲੱਭਿਆ ਅਤੇ ਜ਼ਬਤ ਕੀਤਾ ਗਿਆ ਸੀ | ਇਸ ਤੋਂ ਇਲਾਵਾ ਨੱਚਦੇ ਹੋਏ 'ਗਣੇਸ਼' ਦੀ ਇਕ ਰੇਤਲੇ ਪੱਥਰ ਦੀ ਮੂਰਤੀ ਵੀ ਹੈ, ਜਿਸ ਨੂੰ ਸਾਲ 2000 'ਚ ਮੱਧ ਪ੍ਰਦੇਸ਼ ਦੇ ਇਕ ਮੰਦਰ ਤੋਂ ਬਦਨਾਮ ਕਲਾ ਡੀਲਰ ਸੁਭਾਸ਼ ਕਪੂਰ ਦੇ ਇੱਕ ਸਾਥੀ ਰਣਜੀਤ ਕੰਵਰ ਨੇ ਲੁੱਟਿਆ ਸੀ |