ਸਾਨ ਫਰਾਂਸਿਸਕੋ,30 ਅਪ੍ਰੈਲ (ਐਸ. ਅਸ਼ੋਕ ਭੌਰਾ)-ਰਾਸ਼ਟਰਪਤੀ ਟਰੰਪ ਦੀ ਹੱਤਿਆ ਦੀ ਕੋਸ਼ਿਸ਼, ਹਥਿਆਰ, ਗੋਲਾ ਬਰੂਦ ਤੇ ਹਿੰਸਾ ਦੇ ਦੋਸ਼ਾ ਦਾ ਸਾਹਮਣਾ ਕਰ ਰਹੇ ਕੈਲੀਫੋਰਨੀਆਂ ਵਾਸੀ ਸ਼ੱਕੀ ਕੋਲ ਐਲਨ ਵਿਰੁੱਧ ਜਾਂਚ ਕਰ ਰਹੇ ਸਰਕਾਰੀ ਵਕੀਲਾਂ ਨੇ ਉਸ ਦੀ ਸੈਲਫੀ ਵਾਲੀ ਤਸਵੀਰ ਦੇ ਨਾਲ-ਨਾਲ ਬੰਦੂਕਾਂ ਅਤੇ ਚਾਕੂਆਂ ਦੀਆਂ ਤਸਵੀਰਾਂ ਵੀ ਸ਼ਾਮਿਲ ਕੀਤੀਆਂ, ਜੋ ਉਹ ਕਥਿਤ ਤੌਰ 'ਤੇ ਹਮਲੇ ਲਈ ਨਾਲ ਲੈ ਕੇ ਜਾ ਰਿਹਾ ਸੀ, ਅਜਿਹਾ ਹੋਣ ਨਾਲ ਐਲਨ ਨੂੰ ਬਿਨਾਂ ਜ਼ਮਾਨਤ ਦੇ ਹਿਰਾਸਤ 'ਚ ਰੱਖੇ ਜਾਣ ਦਾ ਕਾਨੂੰਨੀ ਰਾਹ ਸਾਫ ਹੋ ਸਕਦਾ ਹੈ | ਵਾਸ਼ਿੰਗਟਨ ਸਮੇਂ ਅਨੁਸਾਰ ਅੱਜ ਵੀਰਵਾਰ ਨੂੰ 31 ਸਾਲਾ ਐਲਨ ਲਈ ਹਿਰਾਸਤ ਦੀ ਸੁਣਵਾਈ ਵਾਸ਼ਿੰਗਟਨ ਸਥਿਤ ਯੂ.ਐਸ. ਜ਼ਿਲ੍ਹਾ ਅਦਾਲਤ 'ਚ ਹੋਣੀ ਹੈ | ਦੂਜੇ ਪਾਸੇ, ਫੈਡਰਲ ਵਕੀਲਾਂ ਨੇ ਇਕ ਨਵੀਂ ਅਦਾਲਤੀ ਫਾਈਲਿੰਗ 'ਚ ਕਿਹਾ ਕਿ ਸਨਿਚਰਵਾਰ ਰਾਤ ਨੂੰ ਵਾਈਟ ਹਾਊਸ ਦੇ ਪੱਤਰਕਾਰਾਂ ਦੀ ਐਸੋਸੀਏਸ਼ਨ ਨੂੰ ਦਿੱਤੇ ਰਾਤ ਦੇ ਖਾਣੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਪੋਸਟ 'ਚੋਂ ਲੰਘਣ ਅਤੇ ਹੱਤਿਆ ਦੀ ਕੋਸ਼ਿਸ਼ ਕਰਨ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਕੋਲ ਐਲਨ ਨੇ ਆਪਣੇ ਵਾਸ਼ਿੰਗਟਨ ਹਿਲਟਨ ਹੋਟਲ ਦੇ ਕਮਰੇ 'ਚ ਇਕ ਸੈਲਫੀ ਲਈ ਸੀ ਅਤੇ ਇਸ ਤਸਵੀਰ 'ਚ ਐਲਨ ਕੋਲ ਗੋਲਾ ਬਾਰੂਦ ਵਾਲੀ ਬੈਲਟ ਪਹਿਨੀ ਦਿਖਾਈ ਦੇ ਰਿਹਾ ਹੈ ਅਤੇ ਇਹੀ ਬਾਅਦ 'ਚ ਉਸ ਕੋਲੋਂ ਬਰਾਮਦ ਹੋਈ | ਵਕੀਲਾਂ ਨੇ ਨਾਲ ਹੀ ਬੰਦੂਕਾਂ ਦੀਆਂ ਤਸਵੀਰਾਂ ਸ਼ਾਮਿਲ ਕੀਤੀਆਂ, ਜੋ ਐਲਨ ਕਥਿਤ ਤੌਰ 'ਤੇ ਸਨਿਚਰਵਾਰ ਨੂੰ ਲੈ ਕੇ ਜਾ ਰਿਹਾ ਸੀ | ਇਕ ਛੋਟਾ ਚਮੜੇ ਦਾ ਬੈਗ ਵੀ ਮਿਲਿਆ ਜੋ ਗੋਲਾ ਬਾਰੂਦ ਨਾਲ ਭਰਿਆ ਹੋਇਆ ਦਿਖਾਈ ਦੇ ਰਿਹਾ ਹੈ |