ਗਲਾਸਗੋ, 17 ਮਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਿੰਘ ਸਭਾ ਸੈਂਟਰਲ ਗੁਰਦੁਆਰਾ ਸਾਹਿਬ ਗਲਾਸਗੋ ਦੀ ਨਵੀਂ ਇਮਾਰਤ ਨੂੰ 15 ਮਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸੰਗਤਾਂ ਲਈ ਖੋਲਿਆ ਗਿਆ ਸੀ | ਇਹ ਗੁਰਦੁਆਰਾ ਸਾਹਿਬ ਸਕਾਟਲੈਂਡ ਦਾ ਸਭ ਤੋਂ ਵੱਡਾ ਗੁਰਦੁਆਰਾ ਵੀ ਹੈ | ਗਲਾਸਗੋ ਸ਼ਹਿਰ ਦੇ ਸੈਂਟਰ ਵਿਚ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਦਾ ਅਸਮਾਨ ਛੂੰਹਦਾ ਗੁੰਬਦ ਤੇ ਨਿਸ਼ਾਨ ਸਾਹਿਬ ਦੂਰ-ਦੂਰ ਤੋਂ ਦੇਖਿਆ ਜਾ ਸਕਦਾ ਹੈ | ਅੱਜ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ ਤੇ ਗੁਰਦੁਆਰਾ ਸਾਹਿਬ ਦੀ ਦਸਵੀਂ ਵਰ੍ਹੇਗੰਢ ਮਨਾਈ ਗਈ | ਗੁਰੂ ਰਾਮਦਾਸ ਕੀਰਤਨ ਅਕੈਡਮੀ ਦੇ ਜੱਥੇ, ਹਜ਼ੂਰੀ ਰਾਗੀ ਮਨਿੰਦਰ ਸਿੰਘ, ਭਾਈ ਜਗਦੀਪ ਸਿੰਘ ਨੇ ਕਥਾ ਤੇ ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ | ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਦਸਵੀਂ ਵਰ੍ਹੇਗੰਢ ਦਾ ਕੇਕ ਵੀ ਕੱਟਿਆ | ਇਸ ਸਿੱਖ ਇਤਿਹਾਸ ਸਬੰਧੀ ਸ਼ਸਤਰ, ਕਲਾ, ਕਿਤਾਬਾਂ ਦੇ ਸਟਾਲ ਅਤੇ ਪ੍ਰਦਰਸ਼ਨੀ ਲਗਾਈ ਗਈ | ਸੰਗਤਾਂ ਲਈ ਖਾਸ ਤੌਰ 'ਤੇ ਬਾਜ ਅਤੇ ਘੋੜਾ, ਬੱਚਿਆਂ ਲਈ ਬਾਉਸੀ ਕੈਸਲ ਲਗਾਈ ਗਈ | ਇਸ ਸਮੇਂ ਗੁਰਦੁਆਰਾ ਸਾਹਿਬ ਦੇ 10 ਸਾਲਾਂ ਦੇ ਇਤਿਹਾਸ ਦੀ ਤਸਵੀਰ ਬੂਥ ਪ੍ਰਦਰਸ਼ਨੀ ਵੀ ਲਗਾਈ ਗਈ |
ਸਿੰਘ ਸਭਾ ਸੈਂਟਰਲ ਗੁਰਦੁਆਰਾ ਸਾਹਿਬ ਗਲਾਸਗੋ ਦੀ 10ਵੀਂ ਵਰ੍ਹੇਗੰਢ ਮਨਾਈ ਗਈ
ਅਜੀਤ ਡੈਸਕ
18-05-2026