ਲੰਡਨ, 18 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੇਬਰ ਪਾਰਟੀ ਦੇ ਅੰਦਰੂਨੀ ਵਿਰੋਧ ਤੇ ਲੀਡਰਸ਼ਿਪ ਨੂੰ ਮਿਲ ਰਹੀ ਚੁਣੌਤੀ ਦੇ ਵਿਚਕਾਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਇਕ ਵਾਰ ਫਿਰ ਸਖ਼ਤ ਤੇ ਦਿ੍ੜ ਰੁਖ ਅਖਤਿਆਰ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ ਤੇ ਅਗਲੀ ਆਮ ਚੋਣ 'ਚ ਪਾਰਟੀ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ | ਸਥਾਨਕ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਜਿੱਥੇ ਪਾਰਟੀ ਦੇ ਅੰਦਰੋਂ ਹੀ ਲਗਭਗ 90 ਤੋਂ ਵੱਧ ਸੰਸਦ ਮੈਂਬਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ, ਉੱਥੇ ਹੀ ਸਟਾਰਮਰ ਨੇ 'ਪਿੱਛੇ ਹਟਣ' 'ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ | ਪ੍ਰਧਾਨ ਮੰਤਰੀ ਸਟਾਰਮਰ ਨੇ ਕਿਹਾ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਨਹੀਂ ਹਾਂ | ਸਟਾਰਮਰ ਨੇ ਦੁਹਰਾਇਆ ਕਿ ਉਹ ਪੰਜ ਸਾਲਾਂ ਦੇ ਕਾਰਜਕਾਲ ਲਈ ਚੁਣੇ ਗਏ ਹਨ ਤੇ ਉਹ ਅਗਲੀ ਆਮ ਚੋਣ ਵਿਚ ਮੁੜ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਮੈਦਾਨ ਵਿਚ ਉਤਰਨਗੇ |