ਲੰਡਨ, 18 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੇ ਲੇਬਰ ਪਾਰਟੀ ਦੇ ਕੌਂਸਲਰ ਤੁਸ਼ਾਰ ਕੁਮਾਰ ਨੇ ਯੂਨਾਈਟਿਡ ਕਿੰਗਡਮ ਦੇ ਇਤਿਹਾਸ ਵਿਚ ਸਭ ਤੋਂ ਘੱਟ ਉਮਰ ਦੇ ਭਾਰਤੀ ਮੂਲ ਦੇ ਮੇਅਰ ਬਣ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ | ਮਹਿਜ਼ 23 ਸਾਲ ਦੀ ਉਮਰ ਵਿਚ, ਉਨ੍ਹਾਂ ਨੂੰ ਹਰਟਫੋਰਡਸ਼ਾਇਰ (ਲੰਡਨ ਦੇ ਬਿਲਕੁਲ ਉੱਤਰ ਵਿਚ) ਦੇ ਇਕ ਕਸਬੇ, ਐਲਸਟ੍ਰੀ ਅਤੇ ਬੋਰਹੈਮਵੁੱਡ ਦਾ ਨਵਾਂ ਮੇਅਰ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਦੀ ਪੁਸ਼ਟੀ ਬੋਰਹੈਮਵੁੱਡ ਦੇ ਫੇਅਰਵੇਅ ਹਾਲ ਵਿਖੇ ਹੋਏ ਸਾਲਾਨਾ 'ਮੇਅਰ ਮੇਕਿੰਗ ਸਮਾਰੋਹ' ਦੌਰਾਨ ਕੀਤੀ ਗਈ | ਤੁਸ਼ਾਰ ਕੁਮਾਰ ਨੇ ਕਿੰਗਜ਼ ਕਾਲਜ ਲੰਡਨ ਤੋਂ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕੀਤੀ ਹੈ | ਉਹ ਯੂ.ਕੇ. ਦੇ ਡਿਪਾਰਟਮੈਂਟ ਫਾਰ ਵਰਕ ਐਂਡ ਪੈਨਸ਼ਨਜ਼ ਵਿਚ ਪਾਲਿਸੀ ਐਡਵਾਈਜ਼ਰ ਵਜੋਂ ਵੀ ਕੰਮ ਕਰ ਚੁੱਕੇ ਹਨ | ਉਹ 20 ਸਾਲ ਦੀ ਉਮਰ ਵਿਚ ਪਹਿਲੀ ਵਾਰ ਕੌਂਸਲਰ ਚੁਣੇ ਗਏ ਸਨ, ਜੋ ਕਿ ਉਸ ਸਮੇਂ ਵੀ ਇਕ ਰਿਕਾਰਡ ਸੀ | ਮੇਅਰ ਬਣਨ ਤੋਂ ਪਹਿਲਾਂ ਉਹ ਡਿਪਟੀ ਮੇਅਰ ਵਜੋਂ ਸੇਵਾਵਾਂ ਨਿਭਾ ਰਹੇ ਸਨ | ਤੁਸ਼ਾਰ ਦੀ ਮਾਤਾ, ਕੌਂਸਲਰ ਪਰਵੀਨ ਰਾਣੀ (ਜੋ ਖੁਦ ਸਾਬਕਾ ਡਿਪਟੀ ਮੇਅਰ ਰਹਿ ਚੁੱਕੇ ਹਨ), ਉਨ੍ਹਾਂ ਦੀ ਸਿਆਸੀ ਪ੍ਰੇਰਨਾ ਸਰੋਤ ਰਹੇ ਹਨ | ਤੁਸ਼ਾਰ ਨੇ ਕਿਹਾ ਕਿ ਕਿੰਗਜ਼ ਕਾਲਜ ਲੰਡਨ ਵਿੱਚ ਰਾਜਨੀਤਕ ਸ਼ਾਸਤਰ ਦੀ ਪੜ੍ਹਾਈ ਕਰਨ ਤੋਂ ਲੈ ਕੇ ਮੇਅਰ ਦੇ ਅਹੁਦੇ ਤੱਕ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਰਿਹਾ ਹੈ | ਮੇਅਰ ਵਜੋਂ ਮੇਰਾ ਮੁੱਖ ਮਕਸਦ ਸਥਾਨਕ ਲੋਕਾਂ ਅਤੇ ਸੰਸਥਾਵਾਂ ਦੀ ਮਦਦ ਕਰਨਾ ਅਤੇ ਨੌਜਵਾਨਾਂ ਨੂੰ ਜਨਤਕ ਸੇਵਾਵਾਂ ਵਿਚ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਹੈ |