ਟੋਰਾਂਟੋ, 19 ਮਈ (ਹਰਜੀਤ ਸਿੰਘ ਬਾਜਵਾ)-ਮਿਸੀਸਾਗਾ ਦੇ ਸਵਾਗਤ ਬੈਕੁੰਟ ਹਾਲ 'ਚ ਸਈਅਦ ਸੁਮੈਰ ਆਲਮ ਅਤੇ ਕੌਕਟੇਲ ਇੰਟਰਨੈਸ਼ਨਲ ਸੰਸਥਾ ਵੱਲੋਂ ਆ ਰਹੇ ਈਦ ਦੇ ਤਿਉਹਾਰ ਦੇ ਮੱਦੇਨਜ਼ਰ ਸਮਾਗਮ ਕਰਵਾਇਆ ਗਿਆ, ਇਸ ਸਮਾਗਮ ਦੌਰਾਨ ਜਿੱਥੇ ਹਰ ਭਾਈਚਾਰੇ ਦੇ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਉੱਥੇ ਹੀ ਇਸ ਸਬੰਧੀ ਮੁਫਤ 'ਚ ਗਿਫਟ, ਫੇਸ ਪੇਂਟਿੰਗ ਅਤੇ ਹੋਰ ਵੀ ਬਹੁਤ ਸਾਰੇ ਇੰਤਜ਼ਾਮ ਕੀਤੇ ਗਏ ਸਨ, ਜਿਸ ਬਾਰੇ ਸਈਅਦ ਸੁਮੈਰ ਆਲਮ ਨੇ ਦੱਸਿਆ ਕਿ ਸਾਡੇ ਇਸ ਸਮਾਗਮ ਦਾ ਮਕਸਦ ਆਪਣੇ ਸੱਭਿਆਚਾਰਕ ਅਤੇ ਧਾਰਮਿਕ ਵਸੀਲਿਆਂ ਰਾਹੀਂ ਮਨੁੱਖੀ ਸਾਂਝਾਂ ਨੂੰ ਜਾਤਾਂ ਪਾਤਾਂ, ਮਜ਼ਹਬਾਂ ਅਤੇ ਵੱਖੋ-ਵੱਖੋ ਦੇਸ਼ਾਂ ਦੀਆਂ ਸੌੜੀਆਂ ਸੋਚਾਂ ਅਤੇ ਪਾਬੰਦੀਆਂ ਤੋਂ ਉੱਤੇ ਉੱਠ ਕੇ ਹੋਰ ਮਜ਼ਬੂਤ ਕਰਨਾ ਹੈ | ਉਨ੍ਹਾਂ ਹੋਰ ਆਖਿਆ ਕਿ ਇਹ ਮੇਲੇ ਅਤੇ ਸਮਾਗਮ ਇਨਸਾਨੀਅਤ ਸਾਂਝਾਂ ਨੂੰ ਵੀ ਮਜ਼ਬੂਤ ਕਰਦੇ ਹਨ ਜਿਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ |