ਲੰਡਨ, 9 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਅੱਜ ਹਾਈ ਕਮਿਸ਼ਨਰ ਪੀ. ਕੁਮਾਰਨ ਨੇ ਰਸਮੀ ਤੌਰ 'ਤੇ ਮਹਾਰਾਜਾ ਚਾਰਲਸ ਤੀਜੇ ਨੂੰ ਆਪਣੇ ਪ੍ਰਮਾਣ ਪੱਤਰ ਸੌਂਪ ਦਿੱਤੇ ਹਨ | ਇਸ ਦੇ ਨਾਲ ਹੀ ਬਰਤਾਨੀਆ 'ਚ ਉਨ੍ਹਾਂ ਦੇ ਡਿਪਲੋਮੈਟਿਕ ਕਾਰਜਕਾਲ ਦੀ ਅਧਿਕਾਰਤ ਸ਼ੁਰੂਆਤ ਹੋ ਗਈ ਹੈ, ਜਿਸ ਨੂੰ ਭਾਰਤ-ਬਰਤਾਨੀਆ ਸਬੰਧਾਂ ਦੇ ਲਿਹਾਜ਼ ਨਾਲ ਇਕ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ | 1992 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਤਜਰਬੇਕਾਰ ਅਧਿਕਾਰੀ ਪੇਰੀਆਸਾਮੀ ਕੁਮਾਰਨ ਲੰਡਨ ਸਥਿਤ ਇੰਡੀਆ ਹਾਊਸ 'ਚ ਬਤੌਰ ਹਾਈਕਮਿਸ਼ਨਰ ਦੇ ਅਹਿਮ ਜ਼ਿੰਮੇਵਾਰੀ ਸੰਭਾਲ ਰਹੇ ਹਨ | ਉਹਨਾਂ ਨੇ ਵਿਕਰਮ ਦੋਰਾਈਸਵਾਮੀ ਦੀ ਜਗ੍ਹਾ ਲਈ ਹੈ, ਜੋ ਹੁਣ ਚੀਨ 'ਚ ਭਾਰਤ ਦੇ ਰਾਜਦੂਤ ਵਜੋਂ ਨਿਯੁਕਤ ਹੋਏ ਹਨ | ਮਹਰਾਜਾ ਚਾਰਲਸ ਨੂੰ ਸ਼ਾਹੀ ਮਹਿਲ ਵਿਖੇ ਆਪਣਾ ਪ੍ਰਮਾਣ ਪੱਤਰ ਸੌਂਪਣ ਮੌਕੇ ਐਚ.ਸੀ.ਪੀ. ਕੁਮਾਰਨ ਆਪਣੀ ਪਤਨੀ ਨਾਲ ਸ਼ਾਹੀ ਬੱਘੀ ਤੇ ਸਰਕਾਰੀ ਸਨਮਾਨਾਂ ਨਾਲ ਪਹੁੰਚੇ | ਜ਼ਿਕਰਯੋਗ ਹੈ ਕਿ ਹਾਈ ਕਮਿਸ਼ਨਰ ਕੁਮਾਰਨ ਕੋਲ ਕੂਟਨੀਤੀ ਦਾ ਲੰਬਾ ਤਜਰਬਾ ਹੈ, ਇਸ ਤੋਂ ਪਹਿਲਾਂ ਉਹ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਸਨ | ਉਹ 2020 ਤੋਂ 2023 ਤੱਕ ਸਿੰਗਾਪੁਰ ਵਿਚ ਭਾਰਤ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਹਨ | 2016 ਤੋਂ 2020 ਤੱਕ ਕਤਰ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾਵਾਂ ਦਿੱਤੀਆਂ | ਇਸ ਤੋਂ ਪਹਿਲਾਂ ਉਹ ਇਸਲਾਮਾਬਾਦ, ਵਾਸ਼ਿੰਗਟਨ ਡੀ.ਸੀ., ਕੋਲੰਬੋ, ਕਾਹਿਰਾ, ਤਿ੍ਪੋਲੀ ਅਤੇ ਬ੍ਰਸੇਲਜ਼ ਵਰਗੇ ਅਹਿਮ ਵਿਦੇਸ਼ੀ ਮਿਸ਼ਨਾਂ ਵਿੱਚ ਵੀ ਵੱਖ-ਵੱਖ ਅਹੁਦਿਆਂ 'ਤੇ ਰਹਿ ਚੁੱਕੇ ਹਨ | ਆਰਥਿਕ ਸਬੰਧਾਂ ਤੋਂ ਲੈ ਕੇ ਖੇਤਰੀ ਸੁਰੱਖਿਆ ਤੱਕ ਦੇ ਮਾਮਲਿਆਂ 'ਤੇ ਡੂੰਘੀ ਪਕੜ ਰੱਖਣ ਵਾਲੇ ਪੀ. ਕੁਮਾਰਨ ਦਾ ਇਹ ਕਾਰਜਕਾਲ ਅਜਿਹੇ ਨਾਜ਼ੁਕ ਮੋੜ 'ਤੇ ਸ਼ੁਰੂ ਹੋ ਰਿਹਾ ਹੈ, ਜਦੋਂ ਭਾਰਤ ਅਤੇ ਯੂ ਕੇ ਵਿਚਾਲੇ ਮੁਕਤ ਵਪਾਰ ਸਮਝੌਤੇ ਤੇ ਰਣਨੀਤਕ ਸਾਂਝੇਦਾਰੀ ਨੂੰ ਵਧਾਉਣ ਲਈ ਅਹਿਮ ਗੱਲਬਾਤ ਚੱਲ ਰਹੀ ਹੈ |
ਭਾਰਤ ਦੇ ਹਾਈ ਕਮਿਸ਼ਨਰ ਪੀ. ਕੁਮਾਰਨ ਨੇ ਅਧਿਕਾਰਤ ਅਹੁਦਾ ਸੰਭਾਲਣ ਲਈ ਮਹਾਰਾਜਾ ਚਾਰਲਸ ਨੂੰ ਨਿਯੁਕਤੀ ਪੱਤਰ ਸੌਂਪੇ
ਅਜੀਤ ਡੈਸਕ
10-06-2026