ਲੰਡਨ, 16 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਹਿਰ ਬ੍ਰਾਈਟਨ ਵਿੱਚ ਪਹਿਲੀ ਵਿਸ਼ਵ ਯੁੱਧ ਦੇ ਬ੍ਰਿਟਿਸ਼ ਭਾਰਤੀ ਫੌਜ ਦੇ ਸਿੱਖ, ਹਿੰਦੂ, ਮੁਸਲਿਮ ਸ਼ਹੀਦਾਂ ਦੀ ਯਾਦ ਵਿਚ ਬਣਾਈ ਗਈ ਸ਼ਹੀਦੀ ਯਾਦਗਾਰ ‘ਛਤਰੀ’ ਤੇ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਪਹੁੰਚੇ ਭਾਰਤੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਬਰਤਾਨਵੀ ਫੌਜ ਦੇ ਭਾਰਤੀ ਮੂਲ ਦੇ ਅਧਿਕਾਰੀ, ਭਾਰਤੀ ਦੂਤਾਵਾਸ ਲੰਡਨ ਦੇ ਅਧਿਕਾਰੀ, ਜਗਦੇਵ ਸਿੰਘ ਵਿਰਦੀ, ਡਾ. ਤੇਜਪਾਲ ਸਿੰਘ ਰਲਮਿਲ, ਮਨਜੀਤ ਸਿੰਘ ਸ਼ਾਲਾਪੁਰੀ ਅਤੇ ਯੂ.ਕੇ. ਦੀਆਂ ਪ੍ਰਮੁੱਖ ਭਾਰਤੀ ਮੂਲ ਦੀਆਂ ਸਖਸ਼ੀਅਤਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜਿਕਰਯੋਗ ਹੈ ਕਿ ਬਰਤਾਨਵੀ ਸ਼ਹਿਰ ਬ੍ਰਾਈਟਨ ਸਥਿਤ ਪਹਿਲੇ ਵਿਸ਼ਵ ਯੁੱਧ ਦੇ ਸਿਪਾਹੀਆਂ ਦੇ ਇਲਾਜ਼ ਲਈ ਵੱਡਾ ਮੈਡੀਕਲ ਕੇਂਦਰ ਬਣਾਇਆ ਗਿਆ ਸੀ, ਇਲਾਜ਼ ਤੇ ਜੰਗ ਦੌਰਾਨ ਸ਼ਹੀਦ ਹੋਏ ਸਿਪਾਹੀਆਂ ਦੀਆਂ ਇਥੇ ਉਹਨਾਂ ਦੇ ਧਾਰਮਿਕ ਰੀਤਾਂ ਅਨੁਸਾਰ ਅੰਤਮ ਰਸਮਾਂ ਅਦਾ ਕੀਤੀਆਂ ਗਈਆਂ ਸਨ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੇ ਉਦਮ ਸਦਕਾ ਹੀ ਭਾਰਤੀ ਸਿਪਾਹੀਆਂ ਦੀ ਇਥੇ ਯਾਦ ਸਥਾਪਿਤ ਕੀਤੀ ਗਈ ਸੀ, ਜਿਸ ਨੂੰ ਛਤਰੀ ਦਾ ਨਾਮ ਦਿੱਤਾ ਗਿਆ ਸੀ। ਜੋ ਆਮ ਲੋਕਾਂ ਲਈ ਸਿਰਫ਼ ਸਾਲ ਵਿੱਚ ਇੱਕ ਵਾਰ ਹੀ ਖੁੱਲ੍ਹਦੀ ਹੈ।