ਲੈਸਟਰ (ਇੰਗਲੈਂਡ), 17 ਜੂਨ (ਸੁਖਜਿੰਦਰ ਸਿੰਘ ਢੱਡੇ)- ਜੀ ਐਨ ਜੀ ਫੁਟਬਲ ਕਲੱਬ ਲੈਸਟਰ ਵੱਲੋਂ 4 ਅਤੇ 5 ਜੁਲਾਈ ਨੂੰ ਐਲੇਸਟੋਨ ਪਲੇਇੰਗ ਫੀਲਡਜ਼, ਬਰਾਊਨਸਟੋਨ ਲੇਨ ਈਸਟ ਵਿਖੇ ਕਰਵਾਏ ਜਾਣ ਵਾਲੇ ਲੈਸਟਰ ਫੁੱਟਬਾਲ ਟੂਰਨਾਮੈਂਟ 2026 ਦੀਆਂ ਤਿਆਰੀਆਂ ਸਬੰਧੀ ਇੱਕ ਅਹਿਮ ਮੀਟਿੰਗ ਕਲੱਬ ਦੇ ਕੋਆਰਡੀਨੇਟਰ ਅਤੇ ਲੈਸਟਰ ਸਿਟੀ ਕੌਂਸਲ ਦੇ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਕਲੱਬ ਦੇ ਅਹੁਦੇਦਾਰਾਂ, ਪ੍ਰਬੰਧਕਾਂ ਅਤੇ ਵਲੰਟੀਅਰਾਂ ਨੇ ਸ਼ਮੂਲੀਅਤ ਕਰਦਿਆਂ ਟੂਰਨਾਮੈਂਟ ਦੀ ਸਫਲਤਾ ਲਈ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੀ ਰਜਿਸਟ੍ਰੇਸ਼ਨ, ਖੇਡ ਮੈਦਾਨਾਂ ਦੀ ਤਿਆਰੀ, ਸੁਰੱਖਿਆ ਪ੍ਰਬੰਧਾਂ, ਪਾਰਕਿੰਗ, ਮੈਡੀਕਲ ਸਹੂਲਤਾਂ ਅਤੇ ਦਰਸ਼ਕਾਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਕੁਲਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਜੀ ਐਨ ਜੀ ਫੁੱਟਬਾਲ ਕਲੱਬ ਦਾ ਇਹ ਟੂਰਨਾਮੈਂਟ ਮਿਡਲੈਂਡਜ਼ ਖੇਤਰ ਦੇ ਸਭ ਤੋਂ ਵੱਡੇ ਅਤੇ ਪ੍ਰਸਿੱਧ ਫੁੱਟਬਾਲ ਟੂਰਨਮੈਟਾ ਵਿੱਚੋਂ ਇੱਕ ਬਣ ਚੁੱਕਾ ਹੈ, ਜਿਸ ਦੀ ਉਡੀਕ ਖਿਡਾਰੀ ਅਤੇ ਖੇਡ ਪ੍ਰੇਮੀ ਹਰ ਸਾਲ ਬੇਸਬਰੀ ਨਾਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਟੂਰਨਾਮੈਂਟ ਵਿੱਚ ਵੈਟਰਨਜ਼, ਸੀਨੀਅਰਜ਼, ਯੂਥ, ਜੂਨੀਅਰਜ਼ ਅਤੇ ਗਰਲਜ਼ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਟੀਮਾਂ ਭਾਗ ਲੈਣਗੀਆਂ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਉਨ੍ਹਾਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨਾ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨਾ ਹੈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਆਪੋ-ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਭਰੋਸਾ ਦਿੱਤਾ। ਇਸ ਮੌਕੇ ਸਾਰੇ ਖੇਡ ਪ੍ਰੇਮੀਆਂ ਨੂੰ 4 ਅਤੇ 5 ਜੁਲਾਈ ਨੂੰ ਐਲੇਸਟੋਨ ਪਲੇਇੰਗ ਫੀਲਡਜ਼ ਵਿਖੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਅਪੀਲ ਵੀ ਕੀਤੀ ਗਈ।