ਨਿਊਯਾਰਕ, 17 ਜੂਨ੍ (ਰਾਜੂ ਸਹਿਬਾਜ਼ਪੁਰਾ )-ਫੀਫਾ ਵਿਸ਼ਵ ਕੱਪ ਦੇ ਮੈਚਾਂ ਨੇ ਅੱਜ ਬੋਸਟਨ, ਨਿਊ ਜਰਸੀ, ਨਿਊਯਾਰਕ, ਪੈਨਸਿਲਵੇਨੀਆ, ਕਨੇਟੀਕਟ ਅਤੇ ਮੈਸਾਚੂਸੇਟਸ ਸਮੇਤ ਕਈ ਰਾਜਾਂ ਦੀ ਰੋਜ਼ਾਨਾ ਜ਼ਿੰਦਗੀ ‘ਤੇ ਡੂੰਘਾ ਅਸਰ ਪਾਇਆ। ਸਰਕਾਰੀ ਦਫ਼ਤਰ, ਕਾਰੋਬਾਰ ਅਤੇ ਹੋਰ ਅਦਾਰੇ ਖੁੱਲ੍ਹੇ ਰਹੇ, ਪਰ ਕੰਮਕਾਜ ਦੀ ਰਫ਼ਤਾਰ ਆਮ ਦਿਨਾਂ ਨਾਲੋਂ ਕਾਫ਼ੀ ਹੌਲੀ ਨਜ਼ਰ ਆਈ। ਸ਼ਾਮ ਦੇ ਸਮੇਂ, ਜਦੋਂ ਆਮ ਤੌਰ ‘ਤੇ ਸੜਕਾਂ ‘ਤੇ ਬੰਪਰ-ਟੂ-ਬੰਪਰ ਟਰੈਫਿਕ ਹੁੰਦੀ ਹੈ, ਉੱਥੇ ਹੈਰਾਨੀਜਨਕ ਤੌਰ ‘ਤੇ ਸੁੰਨਾਪਣ ਦੇਖਣ ਨੂੰ ਮਿਲਿਆ। ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਸਟੇਡੀਅਮਾਂ ਦਾ ਰੁਖ ਕਰਦੇ ਨਜ਼ਰ ਆਏ, ਜਦਕਿ ਹਜ਼ਾਰਾਂ ਲੋਕ ਵੱਡੀਆਂ ਸਕਰੀਨਾਂ ਅੱਗੇ ਇਕੱਠੇ ਹੋ ਕੇ ਮੈਚਾਂ ਦਾ ਆਨੰਦ ਮਾਣਦੇ ਰਹੇ। ਰੈਸਟੋਰੈਂਟਾਂ, ਸਪੋਰਟਸ ਬਾਰਾਂ ਅਤੇ ਜਨਤਕ ਥਾਵਾਂ ‘ਤੇ ਫੁੱਟਬਾਲ ਦਾ ਖੁਮਾਰ ਸਿਰ ਚੜ੍ਹ ਕੇ ਬੋਲਦਾ ਰਿਹਾ। ਖੇਡ ਪ੍ਰੇਮੀਆਂ ਦੇ ਇਸ ਜ਼ਬਰਦਸਤ ਉਤਸ਼ਾਹ ਨੇ ਕਈ ਸ਼ਹਿਰਾਂ ਵਿੱਚ ਅਜਿਹਾ ਮਾਹੌਲ ਪੈਦਾ ਕਰ ਦਿੱਤਾ, ਜਿਵੇਂ ਕਰਫ਼ਿਊ ਲੱਗਿਆ ਹੋਵੇ। ਅੱਜ ਮੰਗਲਵਾਰ ਦਾ ਦਿਨ ਐਤਵਾਰ ਵਰਗਾ ਲੱਗ ਰਿਹਾ ਸੀ। ਫੀਫਾ ਦਾ ਜਾਦੂ ਲੋਕਾਂ ਨੂੰ ਘਰਾਂ ਅਤੇ ਮੈਚ ਵੇਖਣ ਵਾਲੀਆਂ ਥਾਵਾਂ ਤੱਕ ਸੀਮਤ ਕਰਨ ਵਿੱਚ ਸਫਲ ਰਿਹਾ।