01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

60 ਸੰਸਦ ਮੈਂਬਰਾਂ ਨੇ ਭਾਰਤੀ ਜੇਲ੍ਹ ਵਿਚ ਬੰਦ ਜੱਗੀ ਜੌਹਲ ਮਾਮਲੇ ’ਚ ਬ੍ਰਿਟੇਨ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ

ਅਜੀਤ ਡੈਸਕ 19-06-2026
ਗਲਾਸਗੋ, 18 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਬ੍ਰਿਟੇਨ ਦੇ ਲਗਭਗ 60 ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨੂੰ ਚਿੱਠੀ ਲਿਖ ਕੇ ਭਾਰਤ ਵਿੱਚ ਕੈਦ ਬ੍ਰਿਟਿਸ਼-ਸਕਾਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਦੇ ਮਾਮਲੇ ਵਿੱਚ ਮਜ਼ਬੂਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਜੋਹਲ ਲਗਭਗ ਨੌਂ ਸਾਲਾਂ ਤੋਂ ਭਾਰਤ ਵਿੱਚ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਦਾ ਕੇਸ ਲੰਬੇ ਸਮੇਂ ਤੋਂ ਅਟਕਿਆ ਹੋਇਆ ਹੈ। ਸੰਸਦ ਮੈਂਬਰਾਂ ਨੇ ਦਲੀਲ ਦਿੱਤੀ ਕਿ ਬ੍ਰਿਟੇਨ ਸਰਕਾਰ ਸਿਰਫ਼ ਕੂਟਨੀਤਿਕ ਪੱਧਰ ‘ਤੇ ਮਾਮਲਾ ਉਠਾਉਣ ਦੀ ਬਜਾਏ ਹੋਰ ਸਿੱਧਾ ਅਤੇ ਪ੍ਰਭਾਵਸ਼ਾਲੀ ਦਬਾਅ ਬਣਾਏ। ਜਗਤਾਰ ਸਿੰਘ ਜੋਹਲ ਨੂੰ 2017 ਵਿੱਚ ਪੰਜਾਬ ਵਿੱਚ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨਾਲ ਹਿਰਾਸਤ ਦੌਰਾਨ ਤਸ਼ੱਦਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਬਰਦਸਤੀ ਇਕਬਾਲੀਆ ਬਿਆਨ ਦੇਣ ਲਈ ਮਜਬੂਰ ਕੀਤਾ ਗਿਆ। ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਬ੍ਰਿਟਿਸ਼ ਸੰਸਦ ਵਿੱਚ ਇਸ ਮਾਮਲੇ ਨੂੰ ਕਈ ਵਾਰ ਉਠਾਇਆ ਗਿਆ ਹੈ। ਲੇਬਰ ਸੰਸਦ ਮੈਂਬਰ ਡਗਲਸ ਮੈਕਲਿਸਟਰ ਨੇ ਇਸ ਸਾਲ ਕਿਹਾ ਸੀ ਕਿ ਜੋਹਲ ਦੀ ਹਿਰਾਸਤ ਮਨਮਾਨੀ ਹੈ ਅਤੇ ਉਹ ਇੱਕੋ ਸਬੂਤਾਂ ਦੇ ਆਧਾਰ ‘ਤੇ ਕਈ ਮਿਲਦੇ-ਜੁਲਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਵਿਦੇਸ਼ ਦਫ਼ਤਰ ਦੇ ਮੰਤਰੀ ਹਮੀਸ਼ ਫਾਲਕਨਰ ਨੇ ਸੰਸਦ ਨੂੰ ਦੱਸਿਆ ਸੀ ਕਿ ਬ੍ਰਿਟੇਨ ਸਰਕਾਰ ਹਰ ਉਚਿਤ ਮੌਕੇ ‘ਤੇ ਭਾਰਤ ਸਰਕਾਰ ਨਾਲ ਜੋਹਲ ਦੀ ਲੰਬੀ ਹਿਰਾਸਤ ਬਾਰੇ ਚਿੰਤਾ ਜਤਾਉਂਦੀ ਰਹੀ ਹੈ ਅਤੇ ਕੇਸਾਂ ਦੇ ਤੁਰੰਤ, ਪੂਰੇ ਅਤੇ ਨਿਆਂਪੂਰਨ ਹੱਲ ਦੀ ਮੰਗ ਕਰਦੀ ਰਹੀ ਹੈ। ਹੁਣ 60 ਸੰਸਦ ਮੈਂਬਰਾਂ ਦੇ ਸਾਂਝੇ ਦਬਾਅ ਨਾਲ ਬ੍ਰਿਟੇਨ ਸਰਕਾਰ ‘ਤੇ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਉਹ ਇਸ ਮਾਮਲੇ ਵਿੱਚ ਸਿਰਫ਼ ਕੂਟਨੀਤਿਕ ਸੰਪਰਕਾਂ ਤੱਕ ਸੀਮਤ ਰਹੇਗੀ ਜਾਂ ਭਾਰਤ ਨਾਲ ਉੱਚ ਪੱਧਰੀ ਗੱਲਬਾਤ ਰਾਹੀਂ ਹੋਰ ਸਖ਼ਤ ਰੁਖ ਅਪਣਾਏਗੀ।
ਪਿਛਲੀ ਖ਼ਬਰ ਸੈਂਟਰਲ ਪਾਰਕ ਵਿੱਚ ਟਾਂਗੇ (ਘੋੜਾ ਗੱਡੀ ) ਹਾਦਸੇ ਦੌਰਾਨ 18 ਸਾਲਾ ਭਾਰਤੀ ਰੋਮਾਂਚ ਮਹਾਜਨ ਦੀ ਮੌਤ ਅਗਲੀ ਖ਼ਬਰ -ਹਾਕੀ ਪ੍ਰੋ ਲੀਗ- ਭਾਰਤ ਨੂੰ ਜਰਮਨੀ ਤੋਂ 1-2 ਨਾਲ ਮਿਲੀ ਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।