25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਨਿਊਯਾਰਕ ’ਚ ਮਮਦਾਨੀ ਦਾ ਦਬਦਬਾ, ਮੇਰੀਲੈਂਡ ’ਚ ਵੈਸ ਮੂਰ ਅੱਗੇ

ਅਜੀਤ ਡੈਸਕ 25-06-2026
ਨਿਊਯਾਰਕ, 24 ਜੂਨ (ਰਾਜੂ ਸਹਿਬਾਜ਼ਪੁਰਾ ) – ਅਮਰੀਕਾ ਵਿਚ ਹੋਈਆਂ ਤਾਜ਼ਾ ਪ੍ਰਾਇਮਰੀ ਚੋਣਾਂ ਨੇ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਦੋਵਾਂ ਪਾਰਟੀਆਂ ਦੇ ਅੰਦਰ ਚੱਲ ਰਹੀਆਂ ਸਿਆਸੀ ਤਾਕਤਾਂ ਦਾ ਨਵਾਂ ਚਿੱਤਰ ਪੇਸ਼ ਕੀਤਾ ਹੈ। ਨਿਊਯਾਰਕ ਵਿਚ ਮੇਅਰ ਜੋਹਰਾਨ ਮਮਦਾਨੀ ਨੇ ਆਪਣਾ ਵਧਦਾ ਸਿਆਸੀ ਪ੍ਰਭਾਵ ਸਾਬਤ ਕਰ ਦਿੱਤਾ, ਜਦਕਿ ਮੇਰੀਲੈਂਡ ਵਿੱਚ ਮੌਜੂਦਾ ਗਵਰਨਰ ਵੈਸ ਮੂਰ ਨੇ ਡੈਮੋਕ੍ਰੈਟਿਕ ਪ੍ਰਾਇਮਰੀ ਜਿੱਤ ਕੇ ਦੂਜੇ ਕਾਰਜਕਾਲ ਵੱਲ ਮਜ਼ਬੂਤ ਕਦਮ ਵਧਾਇਆ ਹੈ।ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਮਮਦਾਨੀ ਦੀ ਹਮਾਇਤ ਵਾਲੇ ਤਿੰਨ ਪ੍ਰਗਤੀਸ਼ੀਲ ਉਮੀਦਵਾਰਾਂ ਨੇ ਡੈਮੋਕ੍ਰੈਟਿਕ ਹਾਊਸ ਪ੍ਰਾਇਮਰੀਆਂ ਵਿੱਚ ਜਿੱਤ ਦਰਜ ਕੀਤੀ। ਇਨ੍ਹਾਂ ਵਿਚ ਕਲੇਅਰ ਵੈਲਡੇਜ਼, ਡੈਰੀਅਲਾਈਜ਼ਾ ਐਵੀਲਾ ਸ਼ੇਵਾਲੀਅਰ ਅਤੇ ਬ੍ਰੈਡ ਲੈਂਡਰ ਸ਼ਾਮਲ ਹਨ। ਇਨ੍ਹਾਂ ਜਿੱਤਾਂ ਨੂੰ ਮਮਦਾਨੀ ਦੀ ਵਧਦੀ ਸਿਆਸੀ ਪਕੜ ਅਤੇ ਪ੍ਰਗਤੀਸ਼ੀਲ ਧੜੇ ਦੀ ਮਜ਼ਬੂਤੀ ਵਜੋਂ ਦੇਖਿਆ ਜਾ ਰਿਹਾ ਹੈ।
ਇਸੇ ਦੌਰਾਨ ਮੇਰੀਲੈਂਡ ਵਿਚ ਡੈਮੋਕ੍ਰੈਟਿਕ ਗਵਰਨਰ ਵੈਸ ਮੂਰ ਨੇ ਆਪਣੀ ਪਾਰਟੀ ਦੀ ਪ੍ਰਾਇਮਰੀ ਆਸਾਨੀ ਨਾਲ ਜਿੱਤ ਲਈ। ਮੂਰ ਨੂੰ 2028 ਦੀ ਰਾਸ਼ਟਰਪਤੀ ਦੌੜ ਦੇ ਸੰਭਾਵੀ ਡੈਮੋਕ੍ਰੈਟਿਕ ਉਮੀਦਵਾਰਾਂ ਵਿਚ ਵੀ ਗਿਣਿਆ ਜਾਂਦਾ ਹੈ। ਹੁਣ ਉਹ ਨਵੰਬਰ ਵਿੱਚ ਰਿਪਬਲਿਕਨ ਉਮੀਦਵਾਰ ਡੈਨ ਕਾਕਸ ਦਾ ਸਾਹਮਣਾ ਕਰਨਗੇ, ਜਿਨ੍ਹਾਂ ਨੇ ਆਪਣੀ ਪਾਰਟੀ ਦੀ ਪ੍ਰਾਇਮਰੀ ਜਿੱਤ ਲਈ ਹੈ।ਦੂਜੇ ਪਾਸੇ, ਸਾਊਥ ਕੈਰੋਲਾਈਨਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਮਰਥਨ ਵਾਲੇ ਉਮੀਦਵਾਰ ਐਲਨ ਵਿਲਸਨ ਨੇ ਰਿਪਬਲਿਕਨ ਰਨਆਫ਼ ਚੋਣ ਜਿੱਤ ਲਈ। ਇਹ ਜਿੱਤ ਟਰੰਪ ਲਈ ਰਾਹਤ ਵਾਲੀ ਮੰਨੀ ਜਾ ਰਹੀ ਹੈ ਕਿਉਂਕਿ ਇਸ ਮਹੀਨੇ ਉਨ੍ਹਾਂ ਦੇ ਕੁਝ ਸਮਰਥਿਤ ਉਮੀਦਵਾਰ ਹੋਰ ਰਾਜਾਂ ਵਿੱਚ ਹਾਰ ਗਏ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਨਿਊਯਾਰਕ, ਮੇਰੀਲੈਂਡ ਅਤੇ ਸਾਊਥ ਕੈਰੋਲਾਈਨਾ ਦੇ ਇਹ ਨਤੀਜੇ ਨਵੰਬਰ 2026 ਦੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਅਮਰੀਕੀ ਰਾਜਨੀਤੀ ਵਿੱਚ ਵੱਡੇ ਬਦਲਾਅ ਦੇ ਸੰਕੇਤ ਦੇ ਰਹੇ ਹਨ। ਅਮਰੀਕੀ ਸਿਆਸਤ ਦੇ ਇਹ ਨਤੀਜੇ ਆਉਣ ਵਾਲੇ ਮਹੀਨਿਆਂ ਵਿੱਚ ਕਾਂਗਰਸ ਅਤੇ ਵਾਈਟ ਹਾਊਸ ਦੀ ਰਾਜਨੀਤੀ ‘ਤੇ ਡੂੰਘਾ ਅਸਰ ਪਾ ਸਕਦੇ ਹਨ।
ਪਿਛਲੀ ਖ਼ਬਰ ਵਿਕਟੋਰੀਆ ’ਚ ਟੈਕਸੀ ਚਾਲਕਾਂ ਲਈ ਨਿਯਮ ਹੋਏ ਸ਼ਖਤ ਅਗਲੀ ਖ਼ਬਰ ਇਕੋ ਹੀ ਘਰ ’ਚੋਂ 6 ਲੋਕ ਮ੍ਰਿਤਕ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।