15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਬਜ਼ੁਰਗਾਂ ਨੇ ਹਰਿਆਵਲੇ ਪਹਾੜਾਂ ’ਚ ਮਨਾਈ ਪਿਕਨਿਕ ਖਾਣ ਪੀਣ ਅਤੇ ਸ਼ੇਅਰੋ-ਸ਼ਾਇਰੀ ਨਾਲ ਕੀਤਾ ਮਨਪ੍ਰਚਾਵਾ

ਅਜੀਤ ਡੈਸਕ 27-06-2026
ਵੈਨਕੂਵਰ, 26 ਜੂਨ (ਮਲਕੀਤ ਸਿੰਘ)-ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਹਰ ਸਾਲ ਦੀ ਤਰ੍ਹਾਂ ਤੀਸਰਾ ਪਿਕਨਿਕ ਟੂਰ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਬ੍ਰਿਟਿਸ਼ ਕੋਲੰਬੀਆਂ ਦੇ ਖੂਬਸੂਰਤ ਪਹਾੜਾਂ ਦੀ ਗੋਦ ’ਚ ਵਸੇ ਸਕੌਮਿਸ਼ ਵਿਖੇ ਲਾਇਆ ਗਿਆ। ਇਸ ਮਨੋਰੰਜਕ ਅਤੇ ਯਾਦਗਾਰੀ ਯਾਤਰਾ ਦੌਰਾਨ ਸੀਨੀਅਰ ਮੈਂਬਰਾਂ ਨੇ ਕੁਦਰਤ ਦੀ ਗੋਦ ਵਿੱਚ ਖੁਸ਼ਗਵਾਰ ਪਲ ਬਿਤਾਏ ਅਤੇ ਆਪਸੀ ਸਾਂਝ ਤੇ ਸੱਭਿਆਚਾਰਕ ਰੰਗਾਂ ਦਾ ਭਰਪੂਰ ਆਨੰਦ ਮਾਣਿਆ। ਮਿਥੇ ਦਿਨ ਤੇ ਸਵੇਰ ਵੇਲੇ ਅਵਤਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਬੱਸ ਰਾਹੀ ਰਵਾਨਾ ਹੋਇਆ ਇਹ ਟੂਰ ਹਰਿਆਵਲੇ ਪਹਾੜਾਂ ਦੀਆਂ ਚੋਟੀਆਂ ਅਤੇ ਸਮੁੰਦਰ ਦੇ ਨੀਲੇ ਪਾਣੀਆਂ ਦੇ ਕਿਨਾਰੇ ਨਾਗਵਲ ਦੀ ਆਕ੍ਰਿਤੀ ਵਾਂਗ ਬਣੇ ਮਨਮੋਹਕ ਰਸਤੇ ਰਾਹੀ ਹੁੰਦਾ ਹੋਇਆ ਪਹਿਲਾਂ ਸਕੋਮਿਸ ਸਥਿਤ ਸ਼ੈਨਨ ਫਾਲਜ਼ ਪ੍ਰੋਵਿੰਸ਼ਲ ਪਾਰਕ ਪਹੁੰਚਿਆ ਜਿੱਥੇ ਸਾਰਿਆਂ ਨੇ ਪਹਾੜਾਂ ਦੀ ਸਿਖਰ ਤੋਂ ਡਿੱਗਦੇ ਪਾਣੀ ਨੇ ਝਰਨਿਆਂ ਦੇ ਦਿਲਕਸ਼ ਨਜ਼ਾਰਿਆਂ ਦਾ ਆਨੰਦ ਮਾਣਿਆ ਅਤੇ ਯਾਦਗਾਰੀ ਤਸਵੀਰਾਂ ਖਿੱਚਵਾਈਆਂ। ਇਸ ਉਪਰੰਤ ਸਾਰੇ ਮੈਂਬਰ ਐਲਿਸ ਲੇਕ ਪ੍ਰੋਵਿੰਸ਼ਲ ਪਾਰਕ ਪਹੁੰਚੇ, ਜਿੱਥੇ ਕੁਦਰਤ ਦੀ ਸ਼ਾਂਤਮਈ ਫ਼ਿਜ਼ਾ ਵਿੱਚ ਸਜਾਈ ਕਾਵਿ-ਮਹਿਫ਼ਲ ਅਤੇ ਸ਼ੇਅਰੋ -ਸ਼ਾਇਰੀ ਨਾਲ ਮਾਹੌਲ ਰੰਗੀਨ ਬਣ ਗਿਆ ਇਸ ਮਹਿਫ਼ਲ ਦੀ ਸ਼ੁਰੂਆਤ ਜਗੀਰ ਸਿੰਘ ਲਾਲੀ ਨੇ ਕੀਤੀ। ਉਪਰੰਤ ਮਨਜੀਤ ਸਿੰਘ ਮੱਲ੍ਹਾ, ਬੇਅੰਤ ਸਿੰਘ ਢਿੱਲੋਂ, ਗੁਰਮੇਲ ਸਿੰਘ ਧਾਲੀਵਾਲ ਅਤੇ ਹਰਚੰਦ ਸਿੰਘ ਗਿੱਲ ਨੇ ਆਪਣੀਆਂ ਰਚਨਾਵਾਂ ਅਤੇ ਪੇਸ਼ਕਾਰੀਆਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਮਨਜੀਤ ਸਿੰਘ ਮੱਲ੍ਹਾ ਨੇ ਪ੍ਰਸਿੱਧ ਸ਼ਾਇਰ ਜਸਵਿੰਦਰ ਅਤੇ ਹਰਦਮ ਮਾਨ ਦੀਆਂ ਗ਼ਜ਼ਲਾਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕਰਕੇ ਖ਼ੂਬ ਵਾਹ-ਵਾਹ ਖੱਟੀ। ਸਮੁੱਚੀ ਮਹਿਫ਼ਲ ਦਾ ਸੁਚੱਜਾ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਕੀਤਾ। ਇਸ ਮੌਕੇ ਤੇ ਸਵਾਦਲੇ ਭੋਜਨ ਦਾ ਵੀ ਸਾਰਿਆਂ ਨੇ ਰਲ ਮਿਲ ਕੇ ਆਨੰਦ ਮਾਣਿਆ। ਟੂਰ ਨੂੰ ਸਫਲ ਬਣਾਉਣ ਵਿੱਚ ਬਲਦੇਵ ਸਿੰਘ ਬੀਰੀਆ, ਨਿਰੰਜਨ ਸਿੰਘ ਲਹਿਲ, ਸੁਸ਼ੀਲ ਚੌਧਰੀ, ਬਲਬੀਰ ਸਿੰਘ ਗਰਚਾ ਅਤੇ ਗੁਰਜੀਵਨ ਸਿੰਘ ਨੇ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ। ਸ਼ਾਮ ਵੇਲੇ ਐਲਿਸ ਲੇਕ ਪ੍ਰੋਵਿੰਸ਼ਲ ਪਾਰਕ ਤੋਂ ਵਾਪਸੀ ਲਈ ਰਵਾਨਾ ਹੋ ਕੇ ਸਾਰੇ ਸੀਨੀਅਰ ਮੈਂਬਰ ਸੁਖਦ ਯਾਦਾਂ ਨਾਲ ਭਰਪੂਰ ਮਨਾਂ ਨਾਲ ਸਰੀ ਸਥਿਤ ਸੀਨੀਅਰ ਸੈਂਟਰ ਪਹੁੰਚੇ। ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਟੂਰ ਨੂੰ ਸਫਲ ਬਣਾਉਣ ਲਈ ਸਮੂਹ ਮੈਂਬਰਾਂ, ਪ੍ਰਬੰਧਕਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਕਾਟਲੈਂਡ ’ਚ 25 ਜੂਨ ਰਿਹਾ ਸਾਲ ਦਾ ਸਭ ਤੋਂ ਗਰਮ ਦਿਨ ਅਗਲੀ ਖ਼ਬਰ ਅਮਰੀਕਾ ਵਿਚ ਮਹਿੰਗਾਈ ਪਿਛਲੇ 3 ਸਾਲਾਂ ਦੌਰਾਨ ਸਭ ਤੋਂ ਉੱਚੇ ਪੱਧਰ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।