ਲੈਸਟਰ (ਇੰਗਲੈਂਡ), 30 ਜੁਲਾਈ ( ਸੁਖਜਿੰਦਰ ਸਿੰਘ ਢੱਡੇ)-ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਮਾਤਾ ਖੀਵੀ ਜੀ ਸਿੱਖ ਸੇਵਾ ਸੁਸਾਇਟੀ ਯੂ.ਕੇ. ਵੱਲੋਂ ਸਿਟੀ ਹਾਲ ਲੈਸਟਰ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਲੈਸਟਰ ਦੇ ਪਹਿਲੇ ਸਿੱਖੀ ਸਰੂਪ ਵਾਲੇ ਲਾਰਡ ਮੇਅਰ ਸ੍ਰ. ਕੁਲਵਿੰਦਰ ਸਿੰਘ ਜੌਹਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਨੂੰ ਸਮਰਪਿਤ ‘ਗੁਰਮਤਿ ਪ੍ਰਕਾਸ਼’ ਦਾ ਵਿਸ਼ੇਸ਼ ਸੈਮੀਨਾਰ ਕਿਤਾਬਚਾ ਅਤੇ ਪ੍ਰਸਿੱਧ ਲੇਖਕ-ਕਾਰ ਗਿਆਨੀ ਰਣਧੀਰ ਸਿੰਘ ਸੰਭਲ ਦੀਆਂ ਪ੍ਰਕਾਸ਼ਿਤ ਧਾਰਮਿਕ ਰਚਨਾਵਾਂ ਵਿੱਚੋਂ ਪੰਜ ਇਤਿਹਾਸਕ ਪੁਸਤਕਾਂ ਭੇਟ ਕੀਤੀਆਂ ਗਈਆਂ। ਸਮਾਗਮ ਦੌਰਾਨ ਉੱਘੇ ਸੰਗੀਤਕਾਰ, ਸਮਾਜ ਸੇਵੀ ਅਤੇ ਕੌਂਸਲਰ ਸ੍ਰ. ਸੰਤੋਖ ਸਿੰਘ ਅਠਵਾਲ ਨੂੰ ਵੀ ਲਾਰਡ ਮੇਅਰ ਸ੍ਰ. ਕੁਲਵਿੰਦਰ ਸਿੰਘ ਜੌਹਲ ਵੱਲੋਂ ਗਿਆਨੀ ਰਣਧੀਰ ਸਿੰਘ ਸੰਭਲ ਦੀਆਂ ਦੋ ਪੁਸਤਕਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਅਣਥੱਕ ਪੰਥਕ ਵਰਕਰ ਬੁੱਕਣ ਸਿੰਘ, ਬੀਬੀ ਕੁਲਵਿੰਦਰ ਕੌਰ ਅਤੇ ਕੌਂਸਲਰ ਸ੍ਰ. ਸੰਤੋਖ ਸਿੰਘ ਅਠਵਾਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਆਪਣੇ ਸੰਬੋਧਨ ਦੌਰਾਨ ਲਾਰਡ ਮੇਅਰ ਸ੍ਰ. ਕੁਲਵਿੰਦਰ ਸਿੰਘ ਜੌਹਲ ਨੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਿੱਖ ਵਿਰਾਸਤ ਅਤੇ ਗੁਰਮਤਿ ਵਿਚਾਰਧਾਰਾ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅੰਤ ਵਿੱਚ ਕੌਂਸਲਰ ਸ੍ਰ. ਸੰਤੋਖ ਸਿੰਘ ਅਠਵਾਲ ਨੇ ਲਾਰਡ ਮੇਅਰ ਦਾ ਧੰਨਵਾਦ ਕੀਤਾ।