02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਐਲਬਨੀ ਦੇ ਸਟੋਰ ’ਤੇ 15 ਲੱਖ ਡਾਲਰ ਦੇ ਫੂਡ ਸਟੈਂਪ ਘੁਟਾਲੇ ਦਾ ਦੋਸ਼, ਤਿੰਨ ਗ੍ਰਿਫ਼ਤਾਰ

ਅਜੀਤ ਡੈਸਕ 01-08-2026
ਨਿਊਯਾਰਕ, 31 ਜੁਲਾਈ (ਰਾਜੂ ਸਹਿਬਾਜ਼ਪੁਰਾ )-ਐਲਬਨੀ ਦੇ ਆਰਬਰ ਹਿੱਲ ਇਲਾਕੇ ਵਿੱਚ ਸਥਿਤ 35 ਟੌਪ 10 ਡੇਲੀ ਐਂਡ ਗ੍ਰੋਸਰੀ ਦੇ ਸੰਚਾਲਕਾਂ ਉੱਤੇ ਸਰਕਾਰੀ ਫੂਡ ਸਟੈਂਪ ਯੋਜਨਾ ਨਾਲ ਕਰੀਬ 15 ਲੱਖ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। ਸੰਘੀ ਏਜੰਟਾਂ ਅਤੇ ਨਿਊਯਾਰਕ ਸਟੇਟ ਪੁਲਿਸ ਨੇ ਸਟੋਰ ’ਤੇ ਛਾਪਾ ਮਾਰ ਕੇ 20 ਹਜ਼ਾਰ ਡਾਲਰ ਨਕਦ, ਕਾਰੋਬਾਰੀ ਰਿਕਾਰਡ ਅਤੇ 15 ਮੋਬਾਈਲ ਫੋਨ ਬਰਾਮਦ ਕੀਤੇ। ਇਸ ਮਾਮਲੇ ਵਿੱਚ ਅਨਵਰ ਅਲਾਮਾਰੀ ਅਤੇ ਸਟੋਰ ਦੇ ਦੋ ਕਰਮਚਾਰੀਆਂ ਰਹਿਮੇਲ ਬ੍ਰਾਇੰਟ ਤੇ ਕੇਂਡਲ ਗੋਵਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਟੋਰ ਦਾ ਮਾਲਕ ਬੰਦਰ ਅਲਾਮਾਰੀ ਵੀ ਇਸ ਕੇਸ ਵਿੱਚ ਮੁਲਜ਼ਮ ਬਣਾਇਆ ਗਿਆ ਹੈ, ਪਰ ਅਧਿਕਾਰੀਆਂ ਅਨੁਸਾਰ ਉਹ ਪਿਛਲੇ ਸਾਲ ਤੋਂ ਯਮਨ ਵਿੱਚ ਰਹਿ ਰਿਹਾ ਹੈ। ਜਾਂਚ ਏਜੰਸੀਆਂ ਦਾ ਦੋਸ਼ ਹੈ ਕਿ ਦੂਜੇ ਰਾਜਾਂ ਦੇ ਲੋਕਾਂ ਦੇ ਚੋਰੀ ਹੋਏ ਫੂਡ ਸਟੈਂਪ ਕਾਰਡ ਨੰਬਰ ਮਸ਼ੀਨ ਵਿੱਚ ਹੱਥੀਂ ਭਰ ਕੇ ਵੱਡੀ ਰਕਮ ਦੇ ਲੈਣ-ਦੇਣ ਕੀਤੇ ਗਏ। ਨਵੰਬਰ 2023 ਤੋਂ ਦਸੰਬਰ 2025 ਤੱਕ ਇਸ ਛੋਟੇ ਸਟੋਰ ਨੇ 16 ਲੱਖ ਡਾਲਰ ਤੋਂ ਵੱਧ ਦੇ SNAP ਲੈਣ-ਦੇਣ ਕੀਤੇ। ਇਹ ਰਕਮ ਇਸੇ ਤਰ੍ਹਾਂ ਦੇ ਆਮ ਸਟੋਰਾਂ ਨਾਲੋਂ ਕਈ ਗੁਣਾ ਵੱਧ ਸੀ।
ਸਟੋਰ ਦੇ ਸੰਚਾਲਕਾਂ ਉੱਤੇ ਫੂਡ ਸਟੈਂਪ ਕਾਰਡਾਂ ਰਾਹੀਂ ਸ਼ਰਾਬ ਅਤੇ ਸਿਗਰਟਾਂ ਵੇਚਣ ਦੇ ਨਾਲ ਕੁਝ ਗਾਹਕਾਂ ਨੂੰ ਨਕਦ ਪੈਸੇ ਦੇਣ ਦੇ ਦੋਸ਼ ਵੀ ਹਨ। ਛਾਪੇ ਦੌਰਾਨ ਇੱਕ ਤਿਜੋਰੀ ਵਿੱਚ ਕਈ ਈ.ਬੀ.ਟੀ. ਕਾਰਡ ਨੰਬਰ ਲਿਖੇ ਹੋਏ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਸਰਕਾਰੀ ਵਕੀਲਾਂ ਮੁਤਾਬਕ ਕਥਿਤ ਧੋਖਾਧੜੀ ਨਾਲ ਮਿਲੇ ਕੁਝ ਪੈਸੇ ਵਿਦੇਸ਼ੀ ਖਾਤਿਆਂ ਵਿੱਚ ਭੇਜੇ ਗਏ ਜਾਂ ਕ੍ਰਿਪਟੋ ਕਰੰਸੀ ਵਿੱਚ ਬਦਲੇ ਗਏ।
ਅਦਾਲਤ ਨੇ ਅਨਵਰ ਅਲਾਮਾਰੀ ਨੂੰ ਕਰਫਿਊ, ਸੀਮਤ ਯਾਤਰਾ ਅਤੇ ਪੈਰ ਵਿੱਚ ਨਿਗਰਾਨੀ ਵਾਲਾ ਯੰਤਰ ਪਹਿਨਣ ਸਮੇਤ ਕਈ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਹੈ। ਉਸ ਨੂੰ ਸਟੋਰ ਵਿੱਚ ਜਾਣ, ਸਨੈਪ ਨਾਲ ਸਬੰਧਤ ਕੋਈ ਲੈਣ-ਦੇਣ ਕਰਨ ਅਤੇ ਕੇਸ ਦੇ ਗਵਾਹਾਂ ਜਾਂ ਹੋਰ ਮੁਲਜ਼ਮਾਂ ਨਾਲ ਸੰਪਰਕ ਕਰਨ ਤੋਂ ਰੋਕਿਆ ਗਿਆ ਹੈ। ਦੋਵੇਂ ਕਰਮਚਾਰੀਆਂ ਨੂੰ ਵੀ ਕੇਸ ਦੀ ਸੁਣਵਾਈ ਦੌਰਾਨ ਰਿਹਾਅ ਰੱਖਣ ਦਾ ਹੁਕਮ ਦਿੱਤਾ ਗਿਆ ਹੈ।ਇਹ ਸਾਰੇ ਦੋਸ਼ ਹਾਲੇ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ।
ਪਿਛਲੀ ਖ਼ਬਰ ਡਿਲਿਵਰੀ ਵਰਕਰਾਂ ਨੂੰ ਮਿਲੀਆਂ 104 ਮਿਲੀਅਨ ਡਾਲਰ ਤੋਂ ਵੱਧ ਦੀ ਬਖਸ਼ੀਸ਼ (ਟਿਪ ),ਮਮਦਾਨੀ ਦੇ ਦਾਅਵੇ ’ਤੇ ਵਿਵਾਦ ਅਗਲੀ ਖ਼ਬਰ ਯੂ.ਕੇ. ਦੀਆਂ ਤੀਜੀਆਂ ਸਿੱਖ ਖੇਡਾਂ ਬ੍ਰੂਨੈੱਲ ਯੂਨੀਵਰਸਿਟੀ ਲੰਡਨ ਵਿਖੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।