ਨਿਊਯਾਰਕ, 31 ਜੁਲਾਈ (ਰਾਜੂ ਸਹਿਬਾਜ਼ਪੁਰਾ )-ਮੇਅਰ ਜੋਹਰਾਨ ਮਮਦਾਨੀ ਨੇ ਕਿਹਾ ਹੈ ਕਿ ਸ਼ਹਿਰ ਵੱਲੋਂ ਨਵੇਂ ਨਿਯਮ ਸਖ਼ਤੀ ਨਾਲ ਲਾਗੂ ਕਰਨ ਤੋਂ ਬਾਅਦ ਫੂਡ ਡਿਲਿਵਰੀ ਵਰਕਰਾਂ ਨੂੰ ਲਗਭਗ 104 ਮਿਲੀਅਨ ਡਾਲਰ ਵਾਧੂ ਬਖਸ਼ੀਸ਼ਾ (ਟਿਪਾਂ) ਮਿਲੀਆਂ ਹਨ। ਇਨ੍ਹਾਂ ਨਿਯਮਾਂ ਤਹਿਤ ਊਬਰ ਅਤੇ ਡੌਰਡੈਸ਼ ਵਰਗੀਆਂ ਐਪਾਂ ਨੂੰ ਆਰਡਰ ਦਿੰਦੇ ਸਮੇਂ ਟਿਪ ਦਾ ਵਿਕਲਪ ਸਾਫ਼ ਦਿਖਾਉਣਾ ਪੈਂਦਾ ਹੈ। ਗਾਹਕ ਆਪਣੀ ਮਰਜ਼ੀ ਨਾਲ ਟਿਪ ਦੇ ਸਕਦਾ ਹੈ ਜਾਂ ਬਿਨਾਂ ਟਿਪ ਦੇ ਵੀ ਆਰਡਰ ਕਰ ਸਕਦਾ ਹੈ।ਮਮਦਾਨੀ ਨੇ ਇਸ ਨੂੰ ਆਪਣੇ ਪ੍ਰਸ਼ਾਸਨ ਦੀ ਵੱਡੀ ਕਾਮਯਾਬੀ ਦੱਸਿਆ, ਪਰ ਵਿਰੋਧੀਆਂ ਨੇ ਉਸ ’ਤੇ ਕਿਸੇ ਹੋਰ ਦੇ ਕੰਮ ਦਾ ਸਿਹਰਾ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮਮਦਾਨੀ ਦੇ ਮੇਅਰ ਬਣਨ ਤੋਂ ਪਹਿਲਾਂ ਹੀ ਸਿਟੀ ਕੌਂਸਲ ਵੱਲੋਂ ਪਾਸ ਕੀਤਾ ਗਿਆ ਸੀ। ਹਾਲਾਂਕਿ ਇਸ ਨੂੰ ਲਾਗੂ ਕਰਨ ਅਤੇ ਪਾਲਣਾ ਕਰਵਾਉਣ ਦਾ ਕੰਮ ਮਮਦਾਨੀ ਪ੍ਰਸ਼ਾਸਨ ਨੇ ਕੀਤਾ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਬਦਲਾਅ ਨਾਲ ਗਾਹਕਾਂ ਦਾ ਖ਼ਰਚਾ ਵਧ ਸਕਦਾ ਹੈ, ਜਦਕਿ ਕੁਝ ਦਾ ਕਹਿਣਾ ਹੈ ਕਿ ਇਸ ਨਾਲ ਮਿਹਨਤ ਕਰਨ ਵਾਲੇ ਹਜ਼ਾਰਾਂ ਡਿਲਿਵਰੀ ਵਰਕਰਾਂ ਦੀ ਕਮਾਈ ਵਿੱਚ ਸੁਧਾਰ ਹੋਇਆ ਹੈ।