ਨਵੀਂ ਦਿੱਲੀ, 10 ਅਗਸਤ (ਪੀ.ਟੀ.ਆਈ.)-ਪੁਰਸ਼ਾਂ ਤੇ ਮਹਿਲਾਵਾਂ ਦੋਵਾਂ ਦੇ ਵਿਅਕਤੀਗਤ ਮੁਕਾਬਲਿਆਂ ’ਚ ਦਬਦਬਾ ਬਣਾਉਂਦੇ ਹੋਏ, ਭਾਰਤ ਨੇ ਲਾਗੋਸ, ਨਾਈਜੀਰੀਆ ’ਚ ਚੱਲ ਰਹੀ ਅੰਡਰ-23 ਕਾਮਨਵੈਲਥ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ 17 ਤਗਮੇ ਜਿੱਤੇ, ਜਿਨ੍ਹਾਂ ਵਿਚ ਚਾਰ ਸੋਨ ਤਗਮੇ ਸ਼ਾਮਲ ਹਨ। ਐਤਵਾਰ ਨੂੰ ਸ਼ੁਰੂ ਹੋਏ ਤੇ 14 ਅਗਸਤ ਤੱਕ ਚੱਲਣ ਵਾਲੇ ਮੁਕਾਬਲੇ ਦੇ ਪਹਿਲੇ ਦਿਨ, ਭਾਰਤੀ ਟੀਮ ਨੇ 4 ਸੋਨ, 4 ਚਾਂਦੀ ਅਤੇ 9 ਕਾਂਸੀ ਤਗਮੇ ਜਿੱਤੇ। ਭਾਰਤ ਦੀ ਤਲਵਾਰਬਾਜ਼ੀ ਐਸੋਸੀਏਸ਼ਨ ਦੁਆਰਾ ਜਾਰੀ ਇਕ ਰਿਲੀਜ਼ ਅਨੁਸਾਰ, ਦੇਸ਼ ਨੇ ਸਾਬਰ, ਫੋਇਲ ਤੇ ਏਪੀ ਸ਼੍ਰੇਣੀਆਂ ਵਿਚ ਸਾਰੇ 6 ਵਿਅਕਤੀਗਤ ਮੁਕਾਬਲਿਆਂ ਵਿਚ ਘੱਟੋ-ਘੱਟ ਇਕ ਤਗਮਾ ਜਿੱਤਿਆ। ਪੁਰਸ਼ਾਂ ਦੇ ਸਾਬਰ ਈਵੈਂਟ ਵਿਚ, ਨਿਖਿਲ ਵਾਘ ਨੇ ਸੋਨ ਤਗਮਾ ਜਿੱਤਿਆ। ਲਕਸ਼ਯ ਬਦਸਰ ਨੇ ਚਾਂਦੀ, ਜਦੋਂ ਕਿ ਅਸ਼ਵਨੀ ਆਰੀਆ ਅਤੇ ਲੈਸ਼ਰਾਮ ਮੋਰੰਬਾ ਨੇ ਕਾਂਸੀ ਤਗਮਾ ਜਿੱਤਿਆ। ਪੁਰਸ਼ਾਂ ਦੇ ਫਾਇਲ ਈਵੈਂਟ ’ਚ, ਤੇਜਸ ਪਾਟਿਲ ਨੇ ਚਾਂਦੀ ਅਤੇ ਹੇਮਾਸ਼ ਸੰਸਮ ਨੇ ਕਾਂਸੀ ਤਗਮਾ ਜਿੱਤਿਆ। ਪੁਰਸ਼ਾਂ ਦੇ ਏ.ਪੀ. ਈਵੈਂਟ ਵਿਚ, ਲੋਕੇਸ਼ ਵੇਮਾਨੀ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਸ਼ੌਰਿਆ ਅਸ਼ਵਨੀ ਅਤੇ ਗੋਡਵਿਨ ਅਨਬਕੇਸ਼ ਨੇ ਕਾਂਸੀ ਦਾ ਤਗਮਾ ਜਿੱਤਿਆ। ਜੋਇਸ ਅਸ਼ੀਤਾ ਨੇ ਔਰਤਾਂ ਦੇ ਫੋਇਲ ਈਵੈਂਟ ਵਿਚ ਸੋਨ ਤਗਮਾ ਜਿੱਤਿਆ, ਜਦੋਂ ਕਿ ਕਾਨਾਗਲਕਸ਼ਮੀ ਨੇ ਚਾਂਦੀ ਦਾ ਤਗਮਾ ਜਿੱਤਿਆ। ਔਰਤਾਂ ਦੇ ਏਪੀ ਈਵੈਂਟ ਵਿੱਚ, ਪ੍ਰਾਚੀ ਲੋਹਾਨ ਨੇ ਸੋਨ ਤਗਮਾ ਜਿੱਤਿਆ, ਜਦੋਂ ਕਿ ਨਿਵੇਦਿਆ ਨਾਇਰ ਤੇ ਅਨੁਪ੍ਰਿਆ ਨੇ ਕਾਂਸੀ ਦੇ ਤਗਮੇ ਜਿੱਤੇ। ਮਹਿਲਾਵਾਂ ਦੇ ਸਾਬਰੇ ਈਵੈਂਟ ’ਚ, ਜੇਫਰਲਿਨ ਨੇ ਸੋਨ ਤਗਮਾ, ਅਖਾਰੀ ਨੇ ਚਾਂਦੀ ਦਾ ਤਗਮਾ ਅਤੇ ਸ਼੍ਰੇਆ ਗੁਪਤਾ ਨੇ ਕਾਂਸੀ ਦਾ ਤਗਮਾ ਜਿੱਤਿਆ।