06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬੈਂਕ ਆਫ਼ ਇੰਗਲੈਂਡ ਨੇ ਵਿਆਜ ਦਰ 3.75 ਫ਼ੀਸਦੀ ਤੋਂ ਵਧਾ ਕੇ 4 ਫ਼ੀਸਦੀ ਕੀਤੀ

ਬੈਂਕ ਆਫ਼ ਇੰਗਲੈਂਡ ਨੇ ਵਿਆਜ ਦਰ 3.75 ਫ਼ੀਸਦੀ ਤੋਂ ਵਧਾ ਕੇ 4 ਫ਼ੀਸਦੀ ਕੀਤੀ

ਅਜੀਤ ਡੈਸਕ 06-11-2026

ਅਗਸਤ 2023 ਤੋਂ ਬਾਅਦ ਪਹਿਲੀ ਵਾਰ ਵਿਆਜ ਦਰਾਂ ’ਚ ਵਾਧਾ, ਮੌਰਗੇਜ ਵਾਲਿਆਂ ਦੀਆਂ ਮੁਸ਼ਕਲਾਂ ਵਧਣ ਦਾ ਖ਼ਦਸ਼ਾ
ਲੰਡਨ, 5 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਕੇਂਦਰੀ ਬੈਂਕ ‘ਬੈਂਕ ਆਫ਼ ਇੰਗਲੈਂਡ’ ਨੇ ਅੱਜ ਆਪਣੀ ਮੁੱਖ ਵਿਆਜ ਦਰ 3.75 ਫ਼ੀਸਦੀ ਤੋਂ ਵਧਾ ਕੇ 4 ਫ਼ੀਸਦੀ ਕਰ ਦਿੱਤੀ ਹੈ। ਅਗਸਤ 2023 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਬੈਂਕ ਨੇ ਵਿਆਜ ਦਰਾਂ ’ਚ ਵਾਧਾ ਕੀਤਾ ਹੈ। ਬੈਂਕ ਦੇ ਇਸ ਫ਼ੈਸਲੇ ਦੀ ਅਰਥਸ਼ਾਸਤਰੀਆਂ ਅਤੇ ਵਿੱਤੀ ਮਾਹਿਰਾਂ ਵੱਲੋਂ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ। ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਤੇਲਅਤੇ ਗੈਸ ਦੀਆਂ ਕੀਮਤਾਂ ਵਧਣ ਨਾਲ ਬਰਤਾਨੀਆ ’ਚ ਮਹਿੰਗਾਈ ਦਾ ਦਬਾਅ ਲਗਾਤਾਰ ਵਧ ਰਿਹਾ ਹੈ। ਆਉਣ ਵਾਲੇ ਸਰਦੀਆਂ ਦੇ ਮਹੀਨਿਆਂ ਦੌਰਾਨ ਘਰੇਲੂ ਊਰਜਾ ਬਿੱਲਾਂ ਦੀ ਸੀਮਾ ਵਿਚ ਵਾਧੇ ਦੀ ਸੰਭਾਵਨਾ ਨੇ ਵੀ ਆਮ ਪਰਿਵਾਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਵਿਆਜ ਦਰ ਵਧਣ ਨਾਲ ਘਰ ਖ਼ਰੀਦਣ ਲਈ ਮੌਰਗੇਜ ਲੈਣ ਵਾਲਿਆਂ ਅਤੇ ਮੌਜੂਦਾ ਕਰਜ਼ਿਆਂ ਦੀਆਂ ਸ਼ਰਤਾਂ ਨਵਿਆਉਣ ਵਾਲਿਆਂ ਨੂੰ ਵੱਧ ਵਿਆਜ ਦਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਵਿੱਤੀ ਮਾਹਿਰਾਂ ਅਨੁਸਾਰ ਬੈਂਕਾਂ ਵੱਲੋਂ ਕਈ ਵਾਰ ਅਜਿਹੇ ਸੰਭਾਵੀ ਵਾਧੇ ਨੂੰ ਸਰਕਾਰੀ ਐਲਾਨ ਤੋਂ ਪਹਿਲਾਂ ਹੀ ਆਪਣੀਆਂ ਮੌਰਗੇਜ ਪੇਸ਼ਕਸ਼ਾਂ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਦੂਜੇ ਪਾਸੇ, ਬੱਚਤ ਖਾਤਿਆਂ ਵਿੱਚ ਪੈਸਾ ਰੱਖਣ ਵਾਲਿਆਂ ਲਈ ਇਹ ਫ਼ੈਸਲਾ ਲਾਭਦਾਇਕ ਸਾਬਤ ਹੋ ਸਕਦਾ ਹੈ। ਜੇਕਰ ਬੈਂਕ ਅਤੇ ਬਿਲਡਿੰਗ ਸੁਸਾਇਟੀਆਂ ਆਪਣੀਆਂ ਬੱਚਤ ਵਿਆਜ ਦਰਾਂ ਵਿੱਚ ਵਾਧਾ ਕਰਦੀਆਂ ਹਨ ਤਾਂ ਖਾਤਾਧਾਰਕਾਂ ਨੂੰ ਆਪਣੀ ਜਮ੍ਹਾਂ ਰਕਮ ਉੱਤੇ ਵਧੇਰੇ ਵਿਆਜ ਮਿਲ ਸਕਦਾ ਹੈ। ਬੈਂਕ ਆਫ਼ ਇੰਗਲੈਂਡ ਦੀ ਮੌਦਰਿਕ ਨੀਤੀ ਕਮੇਟੀ ਦੇ ਨੌਂ ਮੈਂਬਰਾਂ ਵਿੱਚੋਂ ਅੱਠ ਨੇ ਵਿਆਜ ਦਰ 0.25 ਫ਼ੀਸਦੀ ਅੰਕ ਵਧਾਉਣ ਦੇ ਹੱਕ ਵਿਚ ਵੋਟ ਦਿੱਤੀ, ਜਦਕਿ ਇੱਕ ਮੈਂਬਰ ਨੇ ਇਸ ਨੂੰ 4.25 ਫ਼ੀਸਦੀ ਕਰਨ ਦੀ ਹਮਾਇਤ ਕੀਤੀ। ਬੈਂਕ ਨੇ ਚਿਤਾਵਨੀ ਦਿੱਤੀ ਹੈ ਕਿ ਸਤੰਬਰ 2026 ਵਿਚ 3.5 ਫ਼ੀਸਦੀ ਰਹੀ ਮਹਿੰਗਾਈ ਦਰ 2027 ਦੇ ਮੱਧ ਤੱਕ ਲਗਭਗ 5 ਫ਼ੀਸਦੀ ਪਹੁੰਚ ਸਕਦੀ ਹੈ। ਬੈਂਕ ਦਾ ਮੁੱਖ ਟੀਚਾ ਮਹਿੰਗਾਈ ਨੂੰ ਮੁੜ 2 ਫ਼ੀਸਦੀ ਤੱਕ ਲਿਆਉਣਾ ਹੈ। ਵਿਆਜ ਦਰਾਂ ਬਾਰੇ ਅਗਲਾ ਫ਼ੈਸਲਾ 17 ਦਸੰਬਰ 2026 ਨੂੰ ਕੀਤਾ ਜਾਵੇਗਾ।

ਪਿਛਲੀ ਖ਼ਬਰ ਡਾਕਟਰਾਂ ਦੇ ਕੁਝ ਰਹੱਸਮਈ ਸਿਹਤ ਮੰਤਰ ਅਗਲੀ ਖ਼ਬਰ ਇਰਾਨੀ ਤੇਲ ਜਹਾਜ਼ਾਂ ਨੂੰ ਜਾਅਲੀ ਦਸਤਾਵੇਜ਼ ਦੇਣ ’ ਤੇ ਚੰਡੀਗੜ੍ਹ ਦੇ ਜੋੜੇ ’ ਤੇ ਅਮਰੀਕੀ ਪਾਬੰਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।