ਮੈਨੀਟੋਬਾ ’ ਚ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ , 9 ਪੰਜਾਬੀ ਗ੍ਰਿਫ਼ਤਾਰ
ਵਿਨੀਪੈਗ, 11 ਨਵੰਬਰ (ਵਰਿੰਦਰ ਸਿੰਘ ਰੰਧਾਵਾ)-ਕੈਨੇਡਾ ਦੇ ਵੱਖ-ਵੱਖ ਸੂਬਿਆਂ ’ਚ ਫੈਲੇ ਨਸ਼ਾ ਤਸਕਰੀ ਦੇ ਇਕ ਵੱਡੇ ਕਥਿਤ ਨੈੱਟਵਰਕ ਵਿਰੁੱਧ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਦੌਰਾਨ ਵਿਨੀਪੈਗ ਤੇ ਓਂਟਾਰੀਓ ਤੋਂ 9 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਰਵਾਈ ਵਿਚ ਪੁਲਿਸ ਨੇ ਲਗਭਗ 9 ਲੱਖ 70 ਹਜ਼ਾਰ ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥ, 1 ਲੱਖ 26 ਹਜ਼ਾਰ ਡਾਲਰ ਨਕਦੀ, 6 ਹਥਿਆਰ, ਗੋਲਾ-ਬਾਰੂਦ ਤੇ 4 ਵਾਹਨ ਬਰਾਮਦ ਕੀਤੇ ਹਨ।
ਵਿਨੀਪੈਗ, 11 ਨਵੰਬਰ (ਵਰਿੰਦਰ ਸਿੰਘ ਰੰਧਾਵਾ)-ਕੈਨੇਡਾ ਦੇ ਵੱਖ-ਵੱਖ ਸੂਬਿਆਂ ’ਚ ਫੈਲੇ ਨਸ਼ਾ ਤਸਕਰੀ ਦੇ ਇਕ ਵੱਡੇ ਕਥਿਤ ਨੈੱਟਵਰਕ ਵਿਰੁੱਧ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਦੌਰਾਨ ਵਿਨੀਪੈਗ ਤੇ ਓਂਟਾਰੀਓ ਤੋਂ 9 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਰਵਾਈ ਵਿਚ ਪੁਲਿਸ ਨੇ ਲਗਭਗ 9 ਲੱਖ 70 ਹਜ਼ਾਰ ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥ, 1 ਲੱਖ 26 ਹਜ਼ਾਰ ਡਾਲਰ ਨਕਦੀ, 6 ਹਥਿਆਰ, ਗੋਲਾ-ਬਾਰੂਦ ਤੇ 4 ਵਾਹਨ ਬਰਾਮਦ ਕੀਤੇ ਹਨ। ਵਿਨੀਪੈਗ ਤੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਤਰੁਣਦੇਵ ਸਿੰਘ (32), ਦਵਿੰਦਰ ਸਿੰਘ (57), ਅਮਨਦੀਪ ਸਿੰਘ (47), ਮਨਦੀਪ ਸਿੰਘ ਦੁੱਤਾ (37), ਕਰਨਵੀਰ ਸਿੰਘ (24) ਤੇ ਮਗਨਪ੍ਰੀਤ ਬੋਪਾਰਾਏ (25) ਸ਼ਾਮਿਲ ਹਨ। ਇਸ ਤੋਂ ਇਲਾਵਾ ਓਂਟਾਰੀਓ ਤੋਂ ਤਰਨਵੀਰ ਸੰਧੂ (37), ਕਰਨ ਜੋਸ਼ੀ (34) ਅਤੇ ਮਨਜਿੰਦਰ ਸਿੰਘ ਸੱਗੂ (43) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ’ਚ 29 ਕਿਲੋਗ੍ਰਾਮ ਮੈਥਾਮਫੈਟਾਮੀਨ, 12 ਕਿਲੋਗ੍ਰਾਮ ਕੋਕੀਨ, 3 ਕਿਲੋਗ੍ਰਾਮ ਕੇਟਾਮਾਈਨ ਤੇ ਲਗਭਗ 25 ਹਜ਼ਾਰ ਨੁਸਖ਼ੇ ਵਾਲੀਆਂ ਓਪੀਔਇਡ ਤੇ ਹੋਰ ਨਿਯੰਤਰਿਤ ਪਦਾਰਥਾਂ ਦੀਆਂ ਗੋਲੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ ਐਮ.ਡੀ.ਐਮ.ਏ., ਐਲ.ਐਸ.ਡੀ., ਹੈਰੋਇਨ ਅਤੇ ਕੈਨਾਬਿਸ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਅਨੁਸਾਰ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਕਥਿਤ ਨੈੱਟਵਰਕ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਤੋਂ ਨਸ਼ੀਲੇ ਪਦਾਰਥ ਪ੍ਰਾਪਤ ਕਰਕੇ ਉਨ੍ਹਾਂ ਦੀ ਸਪਲਾਈ ਮੈਨੀਟੋਬਾ ’ਚ ਕਰਦਾ ਸੀ। ਪੁਲਿਸ ਵਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਕਾਨੂੰਨ ਅਨੁਸਾਰ ਅਦਾਲਤ ’ਚ ਦੋਸ਼ ਸਾਬਤ ਹੋਣ ਤੱਕ ਸਾਰੇ ਮੁਲਜ਼ਮ ਬੇਗੁਨਾਹ ਮੰਨੇ ਜਾਂਦੇ ਹਨ।