21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

11-05-26

ਅਜੀਤ ਡੈਸਕ 11-05-2026

 ਸਹੀ ਵਰਤੋਂ ਜ਼ਰੂਰੀ
ਅੱਜ ਦੇ ਯੁੱਗ ਵਿਚ ਡਿਜੀਟਲ ਮੀਡੀਆ ਸਾਡੇ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਸਮਾਜਿਕ ਸੰਪਰਕ ਹੁਣ ਵੱਡੇ ਪੱਧਰ 'ਤੇ ਡਿਜੀਟਲ ਪਲੇਟਫਾਰਮਾਂ 'ਤੇ ਨਿਰਭਰ ਹੋ ਗਏ ਹਨ, ਜਿੱਥੇ ਲੋਕ ਦੂਰੀਆਂ ਦੇ ਬਾਵਜੂਦ ਇੱਕ-ਦੂਜੇ ਨਾਲ ਜੁੜੇ ਰਹਿੰਦੇ ਹਨ। ਇਹ ਮੀਡੀਆ ਨਵੀਂ ਪੀੜ੍ਹੀ ਦੀ ਸੋਚ, ਜਾਣਕਾਰੀ ਪ੍ਰਾਪਤੀ ਅਤੇ ਆਤਮ-ਅਭਿਵਿਅਕਤੀ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ। ਪਰ ਇਸ ਦੇ ਨਾਲ ਕੁਝ ਚੁਣੌਤੀਆਂ ਵੀ ਸਾਹਮਣੇ ਆਈਆਂ ਹਨ ਜਿਵੇਂ ਕਿ ਗਲਤ ਜਾਣਕਾਰੀ ਦਾ ਫੈਲਾਅ ਅਤੇ ਸਮੇਂ ਦੀ ਬਰਬਾਦੀ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਡਿਜੀਟਲ ਮੀਡੀਆ ਦੀ ਸਹੀ ਅਤੇ ਸੰਤੁਲਿਤ ਵਰਤੋਂ ਕਰੀਏ। ਜੇ ਅਸੀਂ ਇਸਨੂੰ ਸੂਝ-ਬੂਝ ਨਾਲ ਵਰਤਾਂਗੇ, ਤਾਂ ਅਸੀਂ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਈ ਰੱਖ ਸਕਦੇ ਹਾਂ ਅਤੇ ਆਪਣੀ ਸੰਸਕ੍ਰਿਤੀ ਅਤੇ ਮੁੱਲਾਂ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ।

- ਸਾਇਰਾ ਖਾਨ, ਸਰਹਿੰਦ

ਗ਼ੈਰ ਵਿੱਦਿਅਕ ਕੰਮਾਂ ਦਾ ਪਰਛਾਵਾਂ
ਅਜੋਕੇ ਸਮੇਂ ਵਿਚ ਅਧਿਆਪਕਾਂ ਨੂੰ ਪੜ੍ਹਾਈ ਦੇ ਮੂਲ ਕਾਰਜ ਤੋਂ ਲਾਂਭੇ ਕਰ ਕੇ ਗ਼ੈਰ-ਵਿੱਦਿਅਕ ਸਰਕਾਰੀ ਡਿਊਟੀਆਂ/ਕਾਰਜਾਂ 'ਚ ਉਲਝਾਉਣਾ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਜਿਸ ਦਾ ਸਿੱਧਾ ਤੇ ਵਿਨਾਸ਼ਕਾਰੀ ਪ੍ਰਭਾਵ ਵਿਦਿਆਰਥੀਆਂ ਦੇ ਭਵਿੱਖ ਤੇ ਦੇਸ਼ ਦੀ ਤਰੱਕੀ 'ਤੇ ਪੈ ਰਿਹਾ ਹੈ। ਜਦੋਂ ਕਿਸੇ ਅਧਿਆਪਕ ਨੂੰ ਕਲਾਸਰੂਮ 'ਚੋਂ ਕੱਢ ਕੇ ਵੋਟਾਂ ਬਣਾਉਣ, ਜਨਗਣਨਾ ਕਰਨ, ਅਨਾਜ ਵੰਡਣ ਜਾਂ ਵੱਖ-ਵੱਖ ਸਰਵੇਖਣਾਂ ਲਈ ਗਲੀਆਂ-ਮੁਹੱਲਿਆਂ ਵਿਚ ਭੇਜਿਆ ਜਾਂਦਾ ਹੈ ਤਾਂ ਵਿਦਿਆਰਥੀਆਂ ਲਈ ਸਿੱਖਣ ਦਾ ਸੁਖਾਵਾਂ ਮਾਹੌਲ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਸਿੱਖਿਆ ਇਕ ਨਿਰੰਤਰ ਸਿੱਖਣ ਤੇ ਸਿਖਾਉਣ ਦੀ ਪ੍ਰਕਿਰਿਆ ਹੋਣ ਕਰਕੇ ਅਧਿਆਪਕਾਂ ਦੀ ਕਲਾਸਰੂਮ 'ਚੋਂ ਗੈਰ-ਹਾਜ਼ਰੀ ਕਾਰਨ ਬੱਚਿਆਂ ਦੀ ਪੜ੍ਹਾਈ ਵਿਚ ਅਜਿਹਾ ਪਾੜਾ ਪੈਂਦਾ ਹੈ ਕਿ ਜਿਸ ਨੂੰ ਬਾਅਦ ਵਿਚ ਪੂਰਾ ਕਰਨਾ ਅਸੰਭਵ ਹੁੰਦਾ ਹੈ। ਇਸ ਵਰਤਾਰੇ ਕਾਰਨ ਸਿਰਫ਼ ਸਿਲੇਬਸ ਹੀ ਅਧੂਰਾ ਨਹੀਂ ਰਹਿੰਦਾ, ਸਗੋਂ ਵਿਦਿਆਰਥੀਆਂ 'ਚ ਅਨੁਸ਼ਾਸਨ ਦੀ ਕਮੀ ਵੀ ਆਉਂਦੀ ਹੈ । ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਗੰਭੀਰਤਾ ਘਟ ਜਾਂਦੀ ਹੈ ਤੇ ਉਹ ਬੁਨਿਆਦੀ ਭਾਸ਼ਾਈ ਗਿਆਨ ਤੇ ਗਣਿਤ ਵਰਗੇ ਅਹਿਮ ਵਿਸ਼ਿਆਂ ਵਿਚ ਪਛੜ ਜਾਂਦੇ ਹਨ। ਜੇਕਰ ਦੇਸ਼ ਦੇ ਪੱਧਰ 'ਤੇ ਦੇਖਿਆ ਜਾਵੇ ਤਾਂ ਇਹ ਰੁਝਾਨ ਰਾਸ਼ਟਰ ਦੇ ਮਨੁੱਖੀ ਸਰੋਤਾਂ ਦਾ ਘਾਣ ਕਰ ਰਿਹਾ ਹੈ ਕਿਉਂਕਿ ਸਰਕਾਰੀ ਸਕੂਲਾਂ 'ਚ ਬਹੁਤੇ ਗਰੀਬ ਤੇ ਮੱਧਵਰਗੀ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ, ਜਦੋਂ ਉਨ੍ਹਾਂ ਨੂੰ ਮਿਆਰੀ ਸਿੱਖਿਆ ਨਹੀਂ ਮਿਲਦੀ ਤਾਂ ਸਮਾਜ ਵਿਚ ਵਿੱਦਿਅਕ ਤੇ ਆਰਥਿਕ ਨਾਬਰਾਬਰੀ ਹੋਰ ਵੀ ਡੂੰਘੀ ਹੋ ਜਾਂਦੀ ਹੈ। ਅਧਿਆਪਕਾਂ ਨੂੰ ਕਲਰਕ ਬਣਾ ਕੇ ਸਰਕਾਰਾਂ ਥੋੜ੍ਹੇ ਸਮੇਂ ਲਈ ਪ੍ਰਸ਼ਾਸਨਿਕ ਕੰਮ ਤਾਂ ਸਸਤੇ 'ਚ ਕਰਵਾ ਲੈਂਦੀਆਂ ਹਨ, ਪਰ ਇਸ ਦੀ ਵੱਡੀ ਕੀਮਤ ਦੇਸ਼ ਨੂੰ ਬੌਧਿਕ ਪਛੜੇਪਨ ਦੇ ਰੂਪ 'ਚ ਚੁਕਾਉਣੀ ਪੈਂਦੀ ਹੈ। ਜੇ ਭਾਰਤ ਨੇ ਸੱਚਮੁੱਚ ਇਕ ਵਿਕਸਤ ਰਾਸ਼ਟਰ ਬਣਨਾ ਹੈ, ਤਾਂ ਅਧਿਆਪਕਾਂ ਨੂੰ ਹਰ ਤਰ੍ਹਾਂ ਦੇ ਗ਼ੈਰ-ਵਿੱਦਿਅਕ ਕਾਰਜਾਂ ਤੋਂ ਮੁਕਤ ਕਰਨਾ ਜ਼ਰੂਰੀ ਹੈ ਤਾਂ ਜੋ ਉਹ ਆਪਣੀ ਪੂਰੀ ਮਾਨਸਿਕ ਸਮਰੱਥਾ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਕੇ ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਤਿਆਰ ਕਰ ਸਕਣ। ਵਿੱਦਿਆ ਉਹ ਚਾਨਣ ਮੁਨਾਰਾ ਹੈ ਜੋ ਸਮਾਜ ਨੂੰ ਹਨੇਰੇ 'ਚੋਂ ਕੱਢਦਾ ਹੈ, ਇਸ ਮੁਨਾਰੇ ਦੇ ਰਾਖੇ (ਅਧਿਆਪਕ) ਨੂੰ ਹੋਰ ਕੰਮਾਂ ਵਿਚ ਉਲਝਾਉਣਾ ਠੀਕ ਨਹੀਂ। ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਦਰਅਸਲ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਂਗ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕੰਮਾਂ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਨ ਤਾਂ ਜੋ ਉਹ ਆਪਣਾ ਪੂਰਾ ਧਿਆਨ ਤੇ ਸਮਰੱਥਾ ਬੱਚਿਆਂ ਨੂੰ ਸਿੱਖਿਅਤ ਕਰਨ ਵਿਚ ਲਗਾ ਸਕਣ।

- ਸੁਖਵੰਤ ਸਿੰਘ ਧੀਮਾਨ
ਵਧੀਕ ਨਿਗਰਾਨ ਇੰਜੀਨੀਅਰ, ਦਿੜ੍ਹਬਾ।

ਪਾਣੀ ਦਾ ਸੰਕਟ
ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਾਫੀ ਡੂੰਘਾ ਹੋਣ ਦੇ ਨਾਲ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਲੁਧਿਆਣਾ 'ਚ ਬੁੱਢੇ ਨਾਲੇ ਦਾ ਪਾਣੀ ਅੱਗੇ ਜਾ ਕੇ ਸਤਲੁਜ ਦਰਿਆ ਵਿਚ ਪੈ ਰਿਹਾ ਹੈ ਅਤੇ ਇਹ ਪਾਣੀ ਨਹਿਰ ਦੁਆਰਾ ਮੁਕਤਸਰ ਸ਼ਹਿਰ ਤੱਕ ਪਹੁੰਚਦਾ ਹੈ। ਜਿਸ ਨਾਲ ਘਰਾਂ ਵਿਚ ਗੰਦਾ ਪਾਣੀ ਜਾਣ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਸ ਕਰਕੇ ਪਬਲਿਕ ਹੈਲਥ ਅਧਿਕਾਰੀਆਂ ਵਲੋਂ ਸ਼ਹਿਰ ਵਾਸੀਆਂਲਈ ਇਸ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਇਸ ਕਰਕੇ ਸੰਬੰਧਿਤ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਪੀਣ ਵਾਲੇ ਅਤੇ ਸਾਫ਼ ਪਾਣੀ ਦਾ ਜਲ ਸੰਕਟ ਤੁਰੰਤ ਹੱਲ ਕੀਤਾ ਜਾਵੇ ਤਾਂ ਕਿ ਸ਼ਹਿਰ ਨਿਵਾਸੀਆਂ ਨੂੰ ਰਾਹਤ ਮਿਲ ਸਕੇ।

ਕਸ਼ਮੀਰੀ ਲਾਲ ਚਾਵਲਾ,
-822 ਕੱਚਾ ਫਿਰੋਜ਼ਪੁਰ ਰੋਡ ਮੁਕਤਸਰ

ਗੁੜ ਤੇ ਖੰਡ 'ਚ ਫ਼ਰਕ
ਖੰਡ ਬਣਾਉਣ ਵਾਸਤੇ ਗੰਨੇ ਦੇ ਰਸ ਨੂੰ 30 ਕੈਮੀਕਲਾਂ ਨਾਲ ਨਿਖਾਰਕੇ ਚਿੱਟੇ ਰੰਗ ਦੀ ਖੰਡ ਬਣਾਈ ਜਾਂਦੀ ਹੈ।
ਜੋ ਸਰੀਰ 'ਚ ਕਦੇ ਪੱਚਦੀ ਨਹੀਂ ਤੇ ਸਿੱਧੀ ਖੂਨ ਵਿਚ ਨਸਾਂ ਦੁਆਰਾ ਸੋਖ ਲਈ ਜਾਂਦੀ ਹੈ ਅਤੇ ਸ਼ੂਗਰ ਦਾ ਕਾਰਨ ਬਣਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ, ਅੱਖਾਂ ਦੀ ਨਜ਼ਰ ਘੱਟਣਾ ਤੇ ਗੋਡਿਆਂ ਦੇ ਰੋਗ ਵਧਦੇ ਹਨ। ਜਦਕਿ ਗੁੜ ਸ਼ੱਕਰ ਇਕ ਕੁਦਰਤੀ ਮਿੱਠਾ ਹੈ, ਜੋ ਗੰਨੇ ਦੇ ਰਸ ਨੂੰ ਕੁਦਰਤੀ ਵਾਤਾਵਰਣ ਵਿਚ ਅੱਗ 'ਤੇ ਪਕਾ ਕੇ ਤਿਆਰ ਕੀਤਾ ਜਾਂਦਾ ਹੈ, ਮਨੁੱਖਹਜਾਰਾਂ ਸਾਲ ਤੋਂ ਇਸ ਨੂੰ ਵਰਤਦਾ ਆ ਰਿਹਾ ਹੈ।
ਇਸ ਕੁਦਰਤੀ ਮਿੱਠੇ ਵਿਚ ਵਿਟਾਮਿਨ ਮਿਨਰਲ, ਫਾਸਫੋਰਸ ਤੇ ਲੋਹਾ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਮਨੁੱਖ ਦੀ ਉਮਰ ਵਧਾਉਦਾ ਹੈ ਤੇ ਲੰਬਾ ਸਮਾਂ ਜਵਾਨ ਤੰਦਰੁਸਤ ਰੱਖਦਾ ਹੈ।

-ਕੁਲਦੀਪ ਸਿੰਘ ਗੁਰਾਇਆ

ਇਨਸਾਨੀਅਤ ਸ਼ਰਮਸਾਰ
ਪੈਸੇ ਅਤੇ ਤਕਨਾਲੋਜੀ ਦੀ ਅੰਨ੍ਹੀ ਦੌੜ ਵਿਚ ਇਨਸਾਨੀਅਤ ਅਤੇ ਮਨੁੱਖਤਾ ਕਿਧਰੇ ਖੰਭ ਲਾ ਕੇ ਉੱਡ ਗਈ ਜਾਪਦੀ ਹੈ। ਨੈਤਿਕ ਕਦਰਾਂ ਕੀਮਤਾਂ,ਦਇਆ ਅਤੇ ਹਮਦਰਦੀ ਜਿਹੇ ਗੁਣ ਸਿਰਫ਼ ਪਾਠ ਪੁਸਤਕਾਂ ਦਾ ਹਿੱਸਾ ਬਣ ਕੇ ਰਹਿ ਗਏ ਹਨ। ਇਨਸਾਨ ਦੀ ਸੋਚ ਕਿੰਨੀ ਸੌੜੀ ਹੋ ਗਈ ਹੈ ਇਸਦਾ ਅੰਦਾਜ਼ਾ ਉਡੀਸਾ ਦੇ ਭੁਵਨੇਸ਼ਵਰ ਵਿਚ ਵਾਪਰੀ ਇੱਕ ਘਟਨਾ ਤੋਂ ਲਗਾਇਆ ਜਾ ਸਕਦਾ ਹੈ ਜਿਥੇ ਇੱਕ ਭਰਾ ਆਪਣੀ ਮਰੀ ਹੋਈ ਭੈਣ ਦੇ ਖਾਤੇ ਵਿਚ ਪਈ ਰਕਮ ਜੋ ਕਿ ਲੱਗਭਗ ਵੀਹ ਹਜ਼ਾਰ ਰੁਪਏ ਦੇ ਕਰੀਬ ਸੀ ਕਢਵਾਉਣਾ ਚਾਹੁੰਦਾ ਸੀ ਤਾਂ ਜੋ ਕੁੱਝ ਆਰਥਿਕ ਮਦਦ ਹੋ ਸਕੇ।
ਬੈਂਕ ਵਾਲਿਆਂ ਨੇ ਉਸ ਤੋਂ ਸਬੂਤ ਮੰਗਿਆ, ਤਾਂ ਵਿਚਾਰਾ ਪ੍ਰੇਸ਼ਾਨ ਹੋ ਕੇ ਆਪਣੀ ਮਰੀ ਹੋਈ ਭੈਣ ਦਾ ਪਿੰਜਰ ਹੀ ਕਬਰ 'ਚੋਂ ਕੱਢ ਕੱਪੜੇ ਵਿਚ ਵਲ੍ਹੇਟ ਕੇ ਲੈ ਗਿਆ ਅਤੇ ਬੈਂਕ ਵਾਲਿਆਂ ਨੂੰ ਕਹਿੰਦਾ ਲਉ ਜੀ ਸਬੂਤ। ਕਿਸੇ ਦਾ ਇਹੋ ਜਿਹਾ ਕੰਮ ਕਰਨ ਨੂੰ ਜੀਅ ਨਹੀਂ ਕਰਦਾ ਜੋ ਕਿਸੇ ਮਰੇ ਹੋਏ ਵਿਅਕਤੀ ਦੀ ਮਿੱਟੀ ਪਲੀਤ ਕਰੇ। ਉਸ ਵਿਅਕਤੀ 'ਤੇ ਕੀ ਬੀਤੀ ਹੋਵੇਗੀ ਇਹ ਤਾਂ ਓਹੀ ਜਾਣਦਾ ਹੈ, ਪਰੰਤੂ ਇਹ ਘਟਨਾ ਦੇਖ ਕੇ ਦਿਲ ਵਿਚ ਡੂੰਘੀ ਚੀਸ ਪੈਂਦੀ ਹੈ ਅਤੇ ਮਨ ਚਿੰਤਾ ਵਿਚ ਡੁੱਬ ਕੇ ਚਿੰਤਨ ਕਰਨ ਲਈ ਮਜ਼ਬੂਰ ਕਰਦਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਅਸੀਂ ਤਰੱਕੀ ਕਰਕੇ ਸਮੇਂ ਦੇ ਹਾਣੀ ਜਿਨ੍ਹਾਂ ਮਰਜ਼ੀ ਬਣ ਜਾਈਏ ਪ੍ਰੰਤੂ ਮਨੁੱਖਤਾ ਨੂੰ ਜਿਉਂਦੇ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਮਨੁੱਖ ਅਤੇ ਜਿਉਂਦੇ ਹੋਣ ਦਾ ਪੱਕਾ ਸਬੂਤ ਹੈ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ (ਬਠਿੰਡਾ)

ਪਿਛਲੀ ਖ਼ਬਰ ਲਿਖਤੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋਵੇਗਾ ਬਿਜਲੀ ਲਾਈਨਾਂ 'ਤੇ ਕੰਮ ਅਗਲੀ ਖ਼ਬਰ ਧਰਮ, ਸਿਆਸਤ ਤੇ ਵੋਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।