ਟੋਹਾਣਾ/ਜਾਖ਼ਲ, 13 ਫ਼ਰਵਰੀ (ਮਨਜੀਤ ਸਿੰਘ)-ਬਲਾਕ ਜਾਖ਼ਲ ਦੇ ਕਰਨਲ ਪਬਲਿਕ ਸਕੂਲ ਚੂੜਲ ਕਲਾਂ ਵਿਖੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ | ਪਾਰਟੀ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ, ਸੇਵਾਮੁਕਤ ਕਰਨਲ ਓ. ਪੀ. ਰਾਠੀ, ਮੈਡਮ ਚੰਦਰ ਕਲਾ ਰਾਠੀ, ਸਕੂਲ ਪਿ੍ੰਸੀਪਲ ਸੰਜੀਵ ਡਬਰਾਲ, ਵਾਈਸ ਪਿ੍ੰਸੀਪਲ ਕਿ੍ਸ਼ਨ ਕੁਮਾਰ, ਮੈਨੇਜਰ ਨਰੇਸ਼ ਰਾਠੀ ਤੇ ਬੀ. ਐੱਡ. ਕਾਲਜ ਪਿ੍ੰਸੀਪਲ ਡਾ. ਪੂਜਾ ਰਾਠੀ ਦੁਆਰਾ ਦੀਵਾ ਜਗਾਉਣ ਨਾਲ ਹੋਈ | ਬੱਚਿਆਂ ਦੇ ਮਨੋਰੰਜਨ ਲਈ ਬੈਲੂਨ ਗੇਮਜ਼ ਤੇ ਕੁਇਜ਼ ਰਾਊਾਡ ਵੀ ਕਰਵਾਏ ਗਏ | ਬੱਚਿਆਂ ਨੇ ਸਕੂਲ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਕੂਲ ਪ੍ਰਬੰਧਨ ਤੇ ਸਟਾਫ਼ ਨੇ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਇਕ ਸਕਾਰਾਤਮਿਕ ਮਾਹੌਲ ਬਣਾਇਆ ਹੈ, ਨਾਲ ਹੀ ਉਨ੍ਹਾਂ ਨੂੰ ਚੰਗੇ ਗੁਣ ਪੈਦਾ ਕਰਨ ਦੀ ਸਿੱਖਿਆ ਵੀ ਦਿੱਤੀ ਹੈ | ਇਸ ਤੋਂ ਬਾਅਦ ਵਿਦਿਆਰਥੀਆਂ ਵਿਚ ਮਿਸ ਫੇਅਰਵੈੱਲ ਅਤੇ ਮਿਸਟਰ ਫੇਅਰਵੈੱਲ ਮੁਕਾਬਲਾ ਕਰਵਾਇਆ, ਜਿਸ ਵਿਚ 12ਵੀਂ ਜਮਾਤ ਦੇ ਵਿਦਿਆਰਥੀਆਂ ਸੁਪਿੰਦਰ ਸਿੰਘ ਨੂੰ ਮਿਸਟਰ ਫੇਅਰਵੈੱਲ ਤੇ ਗੁਰਪ੍ਰੀਤ ਕੌਰ ਨੂੰ ਮਿਸ ਫੇਅਰਵੈੱਲ ਦਾ ਖ਼ਿਤਾਬ ਦਿੱਤਾ ਗਿਆ | ਇਸ ਮੌਕੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਤੋਹਫ਼ੇ ਭੇਟ ਕੀਤੇ | ਅੰਤ 'ਚ ਸਕੂਲ ਪ੍ਰਬੰਧਨ ਨੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ |