ਨਵੀਂ ਦਿੱਲੀ, 14 ਫਰਵਰੀ (ਮਿਸਰਦੀਪ ਭਾਟੀਆ)-ਪੰਜਾਬੀ ਅਕਾਦਮੀ ਦਿੱਲੀ ਅਤੇ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ ਵਲੋਂ ਸਾਂਝੇ ਤੌਰ 'ਤੇ 13 ਫਰਵਰੀ 2026 ਨੂੰ ਅੰਤਰਰਾਸ਼ਟਰੀ ਪ੍ਰਸਿੱਧ ਚਿੱਤਰਕਾਰਾ ਅਰਪਨਾ ਕੌਰ ਦਾ ਰੂਬਰੂ ਮਾਤਾ ਗੁਜਰੀ ਹਾਲ ਵਿਚ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਪੰਜਾਬੀ ਅਕਾਦਮੀ ਦਾ ਮਹੀਨਾਵਾਰੀ ਪ੍ਰੋਗਰਾਮ 'ਸਾਹਿਤਕ ਮਿਲਣੀ' ਦੀ ਲੜੀਵਾਰਤਾ ਤਹਿਤ ਕਾਲਜ ਵਿਚ ਵਿਦਿਆਰਥੀਆਂ ਲਈ ਆਯੋਜਨ ਕੀਤਾ | ਕਾਲਜ ਦੀ ਪਿ੍ੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਆਖਿਆ ਕਿ ਅਰਪਨਾ ਕੌਰ ਨੂੰ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰੂਬਰੂ ਕਰ ਕੇ ਅਸੀਂ ਵੱਖਰੀ ਦੁਨੀਆ ਅਤੇ ਰੰਗਾਂ ਦੇ ਮਨੋਵਿਗਿਆਨ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਕਿਉਂਕਿ ਉਨ੍ਹਾਂ ਦੇ ਚਿੱਤਰਾਂ ਵਿਚ ਉਸ ਭਾਸ਼ਾ ਸ਼ੈਲੀ ਨੂੰ ਰੰਗਾਂ ਦੇ ਸੁਮੇਲ ਰਾਹੀਂ ਚਿੱਤਰਿਆ ਗਿਆ ਹੈ ਜਿਸ ਵਿਚ ਸੰਬੰਧਿਤ ਵਿਸ਼ੇ ਦੀ ਰੂਹ ਵੀ ਸ਼ਾਮਿਲ ਹੋ ਜਾਂਦੀ ਹੈ | ਸਾਡੇ ਸਮਾਜ ਵਿਚ ਅੱਜ ਭਾਵੇਂ ਔਰਤਾਂ ਵੱਡੇ-ਵੱਡੇ ਖੇਤਰਾਂ ਵਿਚ ਕਾਰਜਸ਼ੀਲ ਹਨ ਪਰ ਕਲਾ ਕੇ ਖੇਤਰ ਵਿਚ ਉਨ੍ਹਾਂ ਦੀ ਸ਼ਮੂਲੀਅਤ ਬਹੁਤ ਘੱਟ ਹੈ | ਸਾਡੇ ਸਮਾਜ ਦੀਆਂ ਔਰਤਾਂ ਆਰਥਿਕ ਤੌਰ 'ਤੇ ਸੰਪੰਨ ਤਾਂ ਹੋ ਜਾਂਦੀਆਂ ਹਨ ਪਰ ਉਨ੍ਹਾਂ ਦੇ ਅੰਦਰ ਦਾ ਖਲਾਅ, ਇੱਛਾਵਾਂ ਦਾ ਇਤਿਹਾਸ, ਰੰਗਾਂ ਦਾ ਸੁਮੇਲ, ਸ਼ਬਦਾਂ ਦੀ ਤਰਤੀਬ ਅਤੇ ਸੰਵੇਦਨਾ ਕਿਤੇ ਨਾ ਕਿਤੇ ਅਣਗੌਲੀ ਰਹਿ ਜਾਂਦੀ ਹੈ | ਅਰਪਨਾ ਕੌਰ ਦੇ ਇਨ੍ਹਾਂ ਚਿੱਤਰਾਂ ਦੀ ਸੀਰੀਜ਼ ਨੇ ਸਾਡੇ ਨਾਇਕਾਂ ਗੁਰੂ ਨਾਨਕ, ਕਬੀਰ ਸਾਹਿਬ, ਸਾਕਾ 1947, ਸਾਕਾ 1984, ਭਗਤ ਸਿੰਘ ਅਤੇ ਹੋਰ ਸੀਰੀਜ਼ ਰਾਹੀਂ ਉਨ੍ਹਾਂ ਦੇ ਅੰਦਰਲੇ ਸੰਸਾਰ ਦੇ ਸਾਨੂੰ ਰੂਬਰੂ ਕਰਵਾਇਆ ਹੈ | ਅਰਪਨਾ ਕੌਰ ਨੇ ਮਾਤਾ ਸੁੰਦਰੀ ਕਾਲਜ ਦੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਇਹ ਆਖਿਆ ਕਿ ਉਨ੍ਹਾਂ ਦੀ ਪਿਛਲੇ ਪੰਜ ਦਹਾਕਿਆਂ ਦੇ ਚਿੱਤਰ ਹੀ ਉਨ੍ਹਾਂ ਦੇ ਪਰਿਵਾਰ ਅਤੇ ਨਿੱਜੀ ਜੀਵਨ ਦਾ ਇਤਿਹਾਸ ਹੈ ਜਿਸ ਵਿਚੋਂ ਮੈਂ ਕਦੇ ਵੀ ਆਪਣੇ ਆਪ ਨੂੰ ਮਨਫ਼ੀ ਕਰਕੇ ਨਹੀਂ ਦੇਖ ਸਕਦੀ | ਜੋ ਘਟਨਾਵਾਂ, ਚੀਜ਼ਾਂ ਅਤੇ ਸਮਾਜ ਦਾ ਮਾਹੌਲ ਦੇਖਿਆ ਤੇ ਹੰਢਾਇਆ ਉਨ੍ਹਾਂ ਨੂੰ ਹੀ ਮੈਂ ਆਪਣੇ ਰੰਗਾਂ ਰਾਹੀਂ ਜ਼ੁਬਾਨ ਦਿੱਤੀ ਹੈ | ਇਹ ਮੈਨੂੰ ਆਪਣੇ ਵਿਰਸੇ ਵਿਚੋਂ ਹਾਸਿਲ ਹੋਇਆ ਹੈ ਕਿ ਕਿਸੇ ਵੀ ਚੀਜ਼ ਨੂੰ ਜ਼ਿਆਦਾਤਰ ਪਰੰਪਰਕ ਹੋ ਕੇ ਦੇਖਣ ਦੀ ਜ਼ਰੂਰਤ ਨਹੀਂ | ਇਸ ਕਰਕੇ ਮੈਂ ਸਾਕਾ 1947 ਅਤੇ 1984, ਗੁਰੂ ਨਾਨਕ, ਕਬੀਰ ਸਾਹਿਬ ਅਤੇ ਔਰਤ ਦੇ ਅੰਦਰਲੇ ਸੰਸਾਰ ਨੂੰ ਆਪਣੇ ਰੰਗਾਂ ਵਿਚ ਚਿਤਰਣ ਦਾ ਯਤਨ ਕੀਤਾ ਹੈ | ਇਸ ਦੌਰਾਨ ਹੀ ਅਰਪਨਾ ਕੌਰ ਨੇ ਆਪਣੇ ਚਿੱਤਰਾਂ ਦੀ ਨੁਮਾਇਸ਼ ਅਤੇ ਸ਼ੈਲੀ ਬਾਰੇ ਖੁੱਲ੍ਹੀਆਂ ਗੱਲਾਂਬਾਤਾਂ ਕੀਤੀਆਂ | ਪੰਜਾਬੀ ਅਕਾਦਮੀ ਅਤੇ ਕਾਲਜ ਵਲੋਂ ਸਾਂਝੇ ਤੌਰ 'ਤੇ ਅਰਪਨਾ ਕੌਰ ਦਾ ਗੁਲਦਸਤਾ, ਕਾਫੀ ਟੇਬਲ ਕਿਤਾਬ, ਮਾਤਾ ਸੁੰਦਰੀ ਜੀ ਦੇ ਹੁਕਮਨਾਮੇ ਦਾ ਸਨਮਾਨ ਚਿੰਨ੍ਹ ਉਨ੍ਹਾਂ ਨੂੰ ਭੇਟ ਕੀਤਾ | ਇਸ ਦੌਰਾਨ ਮਾਤਾ ਸੁੰਦਰੀ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਤੇ ਉਨ੍ਹਾਂ ਅਧਿਆਪਕਾਂ ਨੇ ਅਰਪਨਾ ਕੌਰ ਨਾਲ ਸਵਾਲ-ਜਵਾਬ ਦਾ ਖੂਬਸੂਰਤ ਸੈਸ਼ਨ ਚਲਾਇਆ | ਪੰਜਾਬੀ ਅਕਾਦਮੀ ਵਲੋਂ ਪ੍ਰੋਗਰਾਮ ਇੰਚਾਰਜ ਸੁਖਵਿੰਦਰ ਸਿੰਘ, ਅਕਾਊਾਟ ਅਫਸਰ ਚਰਨਜੀਤ ਸਿੰਘ ਅਤੇ ਕਾਲਜ ਦੇ ਕਾਮਰਸ, ਅੰਗਰੇਜ਼ੀ, ਪੰਜਾਬੀ, ਇਤਿਹਾਸ, ਰਾਜਨੀਤੀ, ਵਿਗਿਆਨ ਦੇ ਅਧਿਆਪਕ ਅਤੇ ਵਿਦਿਆਰਥੀ ਵੱਡੀ ਪੱਧਰ 'ਤੇ ਸ਼ਾਮਿਲ ਹੋਏ | ਮੰਚ ਸੰਚਾਲਨ ਡਾ. ਹਰਵਿੰਦਰ ਸਿੰਘ ਨੇ ਬਾਖੂਬੀ ਅਦਾ ਕੀਤਾ |