ਸਿਰਸਾ, 14 ਫਰਵਰੀ (ਭੁਪਿੰਦਰ ਪੰਨੀਵਾਲੀਆ)-ਪੁਲਿਸ ਨੇ ਇਕ ਕੰਪਨੀ ਡਾਇਰੈਕਟਰ ਨਾਲ ਸੰਬੰਧਤ 33 ਕਰੋੜ ਰੁਪਏ ਦੀ ਧੋਖਾਧੜੀ ਤੇ ਗਬਨ ਦੇ ਮਾਮਲੇ ਵਿਚ ਦਿੱਲੀ ਤੋਂ ਇਕ ਹੋਰ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਸਿਰਸਾ ਦੇ ਪੁਲਿਸ ਸੁਪਰਡੈਂਟ ਦੀਪਕ ਸਹਾਰਨ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਦਿੱਲੀ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਵਜੋਂ ਹੋਈ ਹੈ | ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਉਸ ਨੂੰ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ | ਐਸ. ਪੀ. ਨੇ ਦੱਸਿਆ ਕਿ ਇਹ ਮਾਮਲਾ ਚੌਲ ਮਿੱਲ ਮਸ਼ੀਨਰੀ ਉਪਕਰਨ ਬਣਾਉਣ ਵਾਲੀ ਕੰਪਨੀ ਐਸ. ਐਫ. ਫੂਡ ਪ੍ਰੋ. ਟੈਕ ਲਿਮਟਿਡ ਦੇ ਡਾਇਰੈਕਟਰ ਸੰਜੀਵ ਗੁਪਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ | ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਕੰਪਨੀ ਵਿੱਚ ਪਿਛਲੇ 15 ਸਾਲਾਂ ਤੋਂ ਬੁੱਕ ਕੀਪਰ ਵਜੋਂ ਕੰਮ ਕਰਨ ਵਾਲੇ ਸਾਕੇਤ ਕੁਮਾਰ ਨੇ ਕੰਪਨੀ ਦੇ ਖਾਤਿਆਂ ਤੋਂ ਕਰੋੜਾਂ ਰੁਪਏ ਦੂਜੇ ਮੁਲਜ਼ਮਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੇ | ਇਸ ਪੈਸੇ ਨੂੰ ਫਿਰ ਕਿ੍ਕਟ ਸੱਟੇਬਾਜ਼ੀ ਬਾਜ਼ਾਰ ਵਿਚ ਨਿਵੇਸ਼ ਕੀਤਾ | ਪੁਲਿਸ ਨੇ ਇਸ ਮਾਮਲੇ ਵਿਚ ਅਕਾਊਾਟੈਂਟ ਸਾਕੇਤ ਕੁਮਾਰ ਅਤੇ 9 ਹੋਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਂਚ ਤੋਂ ਪਤਾ ਲੱਗਿਆ ਹੈ ਕਿ ਗਿ੍ਫ਼ਤਾਰ ਕੀਤਾ ਮੁਲਜ਼ਮ ਹਰਜਿੰਦਰ ਸਿੰਘ ਕਿ੍ਕਟ ਸੱਟੇਬਾਜ਼ੀ ਬਾਜ਼ਾਰ ਵਿਚ ਸ਼ਾਮਲ ਹੈ ਅਤੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਸਾਜ਼ਿਸ਼ ਰਚਣ ਵਿਚ ਸਰਗਰਮ ਭੂਮਿਕਾ ਨਿਭਾ ਰਿਹਾ ਸੀ | ਸਬੂਤਾਂ ਤੇ ਮਹੱਤਵਪੂਰਨ ਸੁਰਾਗਾਂ ਦੇ ਆਧਾਰ 'ਤੇ ਪੁਲਿਸ ਟੀਮ ਨੇ ਮੁਲਜ਼ਮ ਨੂੰ ਦਿੱਲੀ ਦੇ ਆਨੰਦ ਵਿਹਾਰ ਖੇਤਰ ਵਿਚ ਗਿ੍ਫ਼ਤਾਰ ਕੀਤਾ | ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਟੀਮਾਂ ਗਬਨ ਕੀਤੇ ਫੰਡਾਂ ਨੂੰ ਬਰਾਮਦ ਕਰਨ ਅਤੇ ਨੈੱਟਵਰਕ ਵਿਚ ਸ਼ਾਮਿਲ ਹੋਰ ਵਿਅਕਤੀਆਂ ਦੀ ਭਾਲ ਲਈ ਲਗਾਤਾਰ ਕਾਰਵਾਈਆਂ ਕਰ ਰਹੀਆਂ ਹਨ |