ਕਾਲਾਂਵਾਲੀ/ਸਿਰਸਾ, 14 ਫਰਵਰੀ (ਭੁਪਿੰਦਰ ਪੰਨੀਵਾਲੀਆ)-ਬਿਸ਼ਨਾ ਮੱਲ ਜੈਨ ਸਰਸਵਤੀ ਵਿਦਿਆ ਮੰਦਰ ਕਾਲਾਂਵਾਲੀ ਵਿਖੇ ਵੈਲੇਨਟਾਈਨ ਡੇ ਦੀ ਬਜਾਏ ਮਾਤਾ ਤੇ ਪਿਤਾ ਦਿਵਸ ਮਨਾਇਆ | ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਤੇ ਕਦਰਾਂ-ਕੀਮਤਾਂ ਨਾਲ ਜੋੜਨ, ਉਨ੍ਹਾਂ ਨੂੰ ਪੱਛਮੀ ਸੱਭਿਆਚਾਰ ਤੋਂ ਦੂਰ ਕਰਨ ਦੇ ਉਦੇਸ਼ ਨਾਲ ਵੈਲੇਨਟਾਈਨ ਡੇ ਦੀ ਬਜਾਏ ਇਸ ਦਿਨ ਨੂੰ ਮਾਤਾ ਪਿਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ | ਸਕੂਲ ਦੇ ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਇਸ ਮੌਕੇ 'ਤੇ ਬੱਚਿਆਂ ਵਿਚ ਆਪਣੇ ਮਾਪਿਆਂ ਪ੍ਰਤੀ ਜ਼ਿੰਮੇਵਾਰੀ, ਸਤਿਕਾਰ ਤੇ ਭਾਵਨਾਵਾਂ ਦੀ ਮਹੱਤਤਾ ਪੈਦਾ ਕਰਨ ਲਈ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ | ਮਾਤਾ ਅਤੇ ਪਿਤਾ ਦਿਵਸ 'ਤੇ ਬੱਚਿਆਂ ਨੇ ਆਪਣੇ ਮਾਪਿਆਂ ਦੇ ਪੈਰ ਛੂਹੇ, ਤਿਲਕ ਲਗਾਇਆ, ਆਰਤੀ ਕੀਤੀ ਤੇ ਤੋਹਫ਼ੇ ਭੇਟ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ | ਕਮੇਟੀ ਦੇ ਪ੍ਰਧਾਨ ਦਰਸ਼ਨ ਕੁਮਾਰ ਸਿੰਗਲਾ ਤੇ ਮੈਨੇਜਰ ਸੁਭਾਸ਼ ਚੰਦਰ ਅਰੋੜਾ ਨੇ ਦੱਸਿਆ ਕਿ ਵੈਲੇਟਾਈਨ ਡੇ ਦੀ ਥਾਂ ਮਾਤਾ ਤੇ ਪਿਤਾ ਦਿਵਸ ਮਨਾਉਣਾ ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਹੈ | ਉਨ੍ਹਾਂ ਕਿਹਾ ਕਿ ਮਾਪੇ ਬੱਚਿਆਂ ਦੇ ਪਹਿਲੇ ਅਧਿਆਪਕ ਹਨ, ਜਿਸ ਕਰਕੇ ਉਨ੍ਹਾਂ ਦਾ ਸਤਿਕਾਰ ਕਰਨਾ ਸੱਭਿਆਚਾਰ ਹੈ | ਇਸ ਮੌਕੇ ਕੋਆਰਡੀਨੇਟਰ ਸਰਿਤਾ ਮੁੰਜਾਲ, ਸਿਮਰਨ ਜੀਤ, ਪ੍ਰਭਜੋਤ, ਸੁਮਨ ਬਾਲਾ, ਸ਼ਾਲੂ, ਮੋਨਿਕਾ ਗੋਇਲ ਤੇ ਸਾਰੇ ਆਚਾਰੀਆ ਮੌਜੂਦ ਸਨ |