ਮਮਦੋਟ, 14 ਫਰਵਰੀ (ਸੁਖਦੇਵ ਸਿੰਘ ਸੰਗਮ)-ਬੀਤੇ ਦਿਨੀਂ ਮਮਦੋਟ ਦੇ ਸਕੂਲ ਆਫ਼ ਐਮੀਨੈਂਸ ਨੇੜੇ ਜੋਧਪੁਰ ਦੇ ਬਾਹਰੋਂ ਵਿਦਿਆਰਥਣ ਵਲੋਂ ਖੜ੍ਹਾ ਕੀਤਾ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਦੁਆਰਾ ਆਪਣੇ ਕਥਿਤ ਨਾਦਰਸ਼ਾਹੀ ਫ਼ਰਮਾਨ ਤੋਂ ਯੂ ਟਰਨ ਲੈਂਦਿਆਂ ਵਿਦਿਆਰਥੀਆਂ ਦੇ ਵਹੀਕਲ ਸਕੂਲ ਕੰਪਲੈਕਸ 'ਚ ਖੜ੍ਹਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਕਰੀਬ ਇਕ ਹਫ਼ਤੇ ਤੋਂ ਪਹਿਲਾਂ ਤੱਕ ਸਕੂਲ ਆਫ਼ ਐਮੀਨੈਂਸ ਮਮਦੋਟ ਦੀ ਮੈਨੇਜਮੈਂਟ ਵਲੋਂ ਬਹੁ ਗਿਣਤੀ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਦੋ ਪਹੀਆਂ ਵਾਹਨ ਸਕੂਲ ਕੰਪਲੈਕਸ ਦੇ ਅੰਦਰ ਲਿਜਾਉਣ ਦੀ ਮਨਾਹੀ ਕੀਤੀ ਹੋਈ ਸੀ | ਅਕਸਰ ਹੀ ਉਨ੍ਹਾਂ ਬੱਚਿਆਂ ਦੇ ਵਾਹਨ ਸਕੂਲ ਦੀ ਚਾਰਦੀਵਾਰੀ ਤੋਂ ਬਾਹਰ ਮਮਦੋਟ ਖਾਈ ਮੁੱਖ ਸੜਕ ਕਿਨਾਰੇ 'ਤੇ ਬਿਨਾਂ ਕਿਸੇ ਸੁਰੱਖਿਆ ਦੇ ਛੁੱਟੀ ਹੋਣ ਤੱਕ ਖੜ੍ਹੇ ਰਹਿੰਦੇ ਸਨ | ਜਿਨ੍ਹਾਂ ਸੰਬੰਧੀ ਪਹਿਲਾਂ ਹੀ ਮੀਡੀਆ ਵਲੋਂ ਇਲਾਕੇ ਵਿਚ ਲਗਾਤਾਰ ਹੋ ਰਹੀਆਂ ਵਾਹਨ ਚੋਰੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਇਹ ਮਾਮਲਾ ਸਕੂਲ ਮੈਨੇਜਮੈਂਟ ਦੇ ਧਿਆਨ 'ਚ ਲਿਆਂਦਾ ਗਿਆ ਸੀ ਪਰ ਸਕੂਲ ਵਲੋਂ ਇਹ ਤਰਕ ਦਿੱਤਾ ਗਿਆ ਸੀ ਕਿ ਸਕੂਲ 'ਚ ਪੜ੍ਹਦੇ ਨਾਬਾਲਗ ਵਿਦਿਆਰਥੀਆਂ ਨੂੰ ਦੋ ਪਹੀਆ ਆਦਿਕ ਵਾਹਨ ਸਕੂਲ ਦੀ ਹਦੂਦ ਅੰਦਰ ਲਿਆਉਣ ਲਈ ਰੋਕਿਆ ਗਿਆ ਹੈ | ਪਰ ਹੁਣ ਜਦੋਂ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਸਕੂਲੀ ਵਿਦਿਆਰਥਣ ਦਾ ਮੋਟਰਸਾਈਕਲ ਸਕੂਲ ਪ੍ਰਬੰਧਕਾਂ ਦੀ ਕਥਿਤ ਲਾਪ੍ਰਵਾਹੀ ਕਾਰਨ ਚੋਰੀ ਹੋ ਗਿਆ ਤਾਂ ਸਕੂਲ ਦੁਆਰਾ ਆਪਣਾ ਫ਼ੈਸਲਾ ਵਾਪਸ ਲੈਂਦਿਆਂ ਵਿਦਿਆਰਥੀਆਂ ਦੇ ਵਹੀਕਲ ਅੰਦਰ ਪਾਰਕ ਕਰਨ ਦੀ ਹਾਮੀ ਤਾਂ ਭਰ ਦਿੱਤੀ ਗਈ ਹੈ ਪਰ ਆਮ ਲੋਕਾਂ 'ਚ ਇਹ ਸਵਾਲ ਉੱਠਣ ਲੱਗੇ ਹਨ ਕਿ ਉਕਤ ਘਟਨਾ ਤੋਂ ਬਾਅਦ ਕੀ ਸਕੂਲ ਵਿਚ ਪੜ੍ਹਦੇ ਸਾਰੇ ਹੀ ਵਿਦਿਆਰਥੀ ਬਾਲਗ ਹੋ ਗਏ ਹਨ, ਜਾਂ ਫਿਰ ਇਸ ਘਟਨਾ ਕਾਰਨ ਪੈਦਾ ਹੋਏ ਸਵਾਲਾਂ ਤੋਂ ਬਚਣ ਲਈ ਪ੍ਰਬੰਧਕਾਂ ਨੇ ਆਪਣੇ ਕਾਇਦੇ ਕਾਨੂੰਨ ਛੱਡ ਕੇ ਯੂ ਟਰਨ ਲੈਣਾ ਹੀ ਮੁਨਾਸਿਬ ਸਮਝਿਆ | ਹੁਣ ਵੇਖਣਾ ਇਹ ਹੋਵੇਗਾ ਕਿ ਮੈਨੇਜਮੈਂਟ ਗ਼ਰੀਬ ਪਰਿਵਾਰ ਦੀਆਂ ਬੱਚੀਆਂ ਦੇ ਹੋਏ ਹਜ਼ਾਰਾਂ ਰੁਪਏ ਦੇ ਨੁਕਸਾਨ ਦੀ ਭਰਪਾਈ ਵੀ ਕਰਦੀ ਹੈ ਜਾਂ ਫਿਰ ਫ਼ੈਸਲਾ ਬਦਲ ਕੇ ਹੀ ਆਪਣੀ ਜ਼ਿੰਮੇਵਾਰੀ ਤੋਂ ਸੁਰਖ਼ਰੂ ਹੋ ਜਾਂਦੀ ਹੈ | ਇਸ ਮਾਮਲੇ ਬਾਰੇ ਸਕੂਲ ਪਿ੍ੰਸੀਪਲ ਮੈਡਮ ਰੁਬੀਨਾ ਚੋਪੜਾ ਨਾਲ ਪੱਖ ਲੈਣ ਲਈ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਫ਼ੋਨ ਚੱੁਕਿਆ ਨਹੀਂ |