ਨਵੀਂ ਦਿੱਲੀ, 14 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਸਾਹਿਤ ਉਤਸਵ ਦੌਰਾਨ ਆਯੋਜਿਤ ਸੱਭਿਆਚਾਰਕ ਸ਼ਾਮ ਵਿਚ ਪ੍ਰਸਿੱਧ ਕਵੀਆਂ ਨੇ ਸ਼ਿਰਕਤ ਕੀਤੀ | ਮੇਰਠ ਤੋਂ ਆਏ ਡਾ. ਹਰੀ ਓਮ ਪੰਵਾਰ, ਜਬਲਪੁਰ ਤੋਂ ਸੁਦੀਪ ਭੋਲਾ, ਲਖਨਊ ਤੋਂ ਕਵਿਤਾ ਤਿਵਾੜੀ, ਸਿਕੰਦਰਾ ਰਾਓ ਤੋਂ ਵਿਸ਼ਨੂੰ ਸਕਸੈਨਾ, ਗੁਰੂਗ੍ਰਾਮ ਤੋਂ ਡਾ. ਅਸ਼ੋਕ ਬੱਤਰਾ, ਦਿੱਲੀ ਤੋਂ ਪ੍ਰਦੀਪ ਦੇਸ਼ਵਾਲ, ਇਟਾਵਾ ਤੋਂ ਰੋਹਿਤ ਚੌਧਰੀ, ਪ੍ਰਯਾਗਰਾਜ ਤੋਂ ਅਟਲ ਨਰਾਇਣ ਅਤੇ ਲੁਧਿਆਣਾ ਤੋਂ ਆਏ ਹਾਸ ਕਵੀ ਜਟਵਾਨੀ ਨੇ ਵੱਖ-ਵੱਖ ਰਸ ਦੀਆਂ ਕਵਿਤਾਵਾਂ ਪੇਸ਼ ਕਰਕੇ ਕਰੀਬ ਤਿੰਨ ਘੰਟੇ ਤੱਕ ਸਰੋਤਿਆਂ ਨੂੰ ਬੰਨ੍ਹੀ ਰੱਖਿਆ | ਨੌਜਵਾਨ ਕਵਿੱਤਰੀ ਕਵਿਤਾ ਤਿਵਾੜੀ ਨੇ ਆਪਣੇ ਗੀਤ 'ਪੈਦਾ ਹਰ ਸਾਂਸ ਮੇਂ ਲਗਨ ਕਰ ਲੇ, ਜਨਤ ਸੇ ਬੜਕਰ ਵਤਨ ਕਰ ਲੇ, ਜੈ ਹਿੰਦ, ਵੰਦੇ ਮਾਤਰਮ, ਕਭੀ-ਕਭੀ ਐਸੇ ਵੀ ਭਜਨ ਕਰ ਲੇ... |' 'ਤੇ ਜੰਮ ਕੇ ਤਾੜੀਆਂ ਵੱਜੀਆਂ | ਡਾ. ਹਰੀ ਓਮ ਪੰਵਾਰ ਨੇ ਕਿਹਾ ਕਿ ਗੀਤ ਕਿਸੇ ਵੀ ਕਵੀ ਸੰਮੇਲਨ ਦੀ ਆਤਮਾ ਹੈ | ਉਨ੍ਹਾਂ ਨੇ ਆਪਣੇ ਸ਼ਬਦਾਂ, 'ਆਸਮਾਨ ਕੇ ਤਾਰੇ ਨਹੀਂ ਤੋੜਤਾ ਮੈਂ, ਯੂ ਹੀ ਊਚੀਂ ਊਚੀਂ ਨਹੀਂ ਛੋੜਤਾ ਮੈਂ, ਮੈਂ ਭਾਰਤ ਕੇ ਅੰਤਰ ਮਨ ਕੋ ਗਾਤਾ ਹੂੰ' ਦੇ ਮਾਧਿਅਮ ਰਾਹੀਂ ਆਪਣੀ ਦੇਸ਼ ਭਗਤੀ ਦੀ ਕਵਿਤਾ 'ਤੇ ਖੂਬ ਤਾੜੀਆਂ ਪ੍ਰਾਪਤ ਕੀਤੀਆਂ | ਡਾ. ਸੁਦੀਪ ਭੋਲਾ ਨੇ ਵੀਰ ਰਸ ਦੇ ਰੰਗ ਫੈਲਾਉਂਦੇ ਹੋਏ ਕੁੱਝ ਸ਼ਬਦਾਂ ਨਾਲ ਇਸ ਪ੍ਰਕਾਰ ਦਰਸ਼ਕਾਂ ਨੂੰ ਮੋਹਿਤ ਕੀਤਾ, 'ਹੂਏਾ ਹੈਂ ਕਿਤਨੇ ਅੱਤਿਆਚਾਰ, ਛਲੇ ਹੈਂ ਜਾਨੇ ਕਿਤਨੀ ਵਾਰ...ਸਹੇ ਹੈਂ ਕਿਤਨੇ ਨਰ ਸੰਹਾਰ...' ਕਵੀ ਵਿਸ਼ਨੂੰ ਸਕਸੈਨਾ ਨੇ ਆਪਣੇ ਪ੍ਰੇਮ ਗੀਤ ਨਾਲ ਸਰੋਤਿਆਂ ਨੂੰ ਕਾਫੀ ਦੇਰ ਤੱਕ ਤਾੜੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ | ਸਕਸੈਨਾ ਦੀ ਕਵਿਤਾ ਦੇ ਕੁੱਝ ਬੋਲ ਸਨ, 'ਆਈਨਾ ਬਨ ਕੇ ਗੁਜ਼ਾਰੀ ਹੈ ਜ਼ਿੰਦਗੀ, ਮੈਂ ਟੂਟ ਜਾਊਾਗਾ ਬਿਖਰਨੇ ਸੇ ਬਚਾ ਲੋ ਮੁਝੇ |' ਕਵੀ ਸੰਮੇਲਨ ਦੌਰਾਨ ਮੰਚ ਸੰਚਾਲਨ ਗੁਰੂਗ੍ਰਾਮ ਤੋਂ ਆਏ ਹਾਸ ਕਵੀ ਡਾ. ਅਸ਼ੋਕ ਬੱਤਰਾ ਨੇ ਬੜੇ ਹੀ ਮਜ਼ਾਕੀਆ ਢੰਗ ਨਾਲ ਕੀਤਾ | ਦਿੱਲੀ ਤੋਂ ਪ੍ਰਦੀਪ ਦੇਸ਼ਵਾਲ ਨੇ ਸ਼ਹੀਦ ਭਗਤ ਸਿੰਘ ਦੀ ਮਾਤਾ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਜੇਲ੍ਹ ਦੇ ਸਾਥੀ ਬਟੁਕੇਸ਼ਵਰ ਦੀ ਮੁਲਾਕਾਤ ਦੇ ਦਿਲ ਨੂੰ ਛੂਹ ਲੈਣ ਵਾਲੇ ਦਿ੍ਸ਼ ਨੂੰ ਕਵਿਤਾ ਵਿਚ ਬਿਆਨ ਕੀਤਾ | ਇਟਾਵਾ ਤੋਂ ਆਏ ਰੋਹਿਤ ਚੌਧਰੀ ਅਤੇ ਪ੍ਰਯਾਗਰਾਜ ਤੋਂ ਆਏ ਅਟਲ ਨਰਾਇਣ ਨੇ ਬੀਰ ਰਸ ਨਾਲ ਭਰੀਆਂ ਕਵਿਤਾਵਾਂ ਸੁਣਾਈਆਂ | ਲੁਧਿਆਣਾ ਤੋਂ ਆਏ ਹਾਸ ਕਵੀ ਜਟਵਾਨੀ ਨੇ ਹਿੰਦੀ ਤੇ ਪੰਜਾਬੀ ਕਵਿਤਾਵਾਂ ਰਾਹੀਂ ਹਾਸ ਰਸ ਦੇ ਰੰਗ ਵਿਖੇਰੇ |