ਦੁਨੀਆ ਦੇ ਪ੍ਰਮੁੱਖ ਧਾਰਮਿਕ ਆਗੂ 37ਵੇਂ ਅੰਤਰਰਾਸ਼ਟਰੀ ਮਾਨਵ ਏਕਤਾ ਸੰਮੇਲਨ ਵਿਚ ਇਕੱਠੇ ਹੋਣਗੇ <br/>
ਅਜੀਤ ਡੈਸਕ
28-02-2026
ਇਹ ਸੰਮੇਲਨ ਹਰ ਸਾਲ ਫਰਵਰੀ ਵਿਚ ਸੰਤ ਕ੍ਰਿਪਾਲ ਸਿੰਘ (1894-1974) ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ 6 ਫਰਵਰੀ ਨੂੰ ਹੁੰਦਾ ਹੈ | ਸੰਤ ਕ੍ਰਿਪਾਲ ਸਿੰਘ ਵਿਸ਼ਵ ਧਰਮ ਪ੍ਰੀਸ਼ਦ ਦੇ ਸੰਸਥਾਪਕ ਪ੍ਰਧਾਨ ਸਨ, ਜਿਨ੍ਹਾਂ ਨੇ ਫਰਵਰੀ 1974 ਵਿਚ ਪਹਿਲਾ ਮਾਨਵ ਏਕਤਾ ਸੰਮੇਲਨ ਆਯੋਜਿਤ ਕੀਤਾ ਸੀ |
ਸੰਮੇਲਨ ਦੇ ਪਹਿਲੇ ਦਿਨ ਦੀ ਸ਼ੁਰੂਆਤ ਸੰਤ ਰਾਜਿੰਦਰ ਸਿੰਘ ਦੇ 'ਧਿਆਨ ਅਭਿਆਸ-ਇਕ ਆਨੰਦਮਈ ਜੀਵਨ ਦੀ ਕੁੰਜੀ' ਵਿਸ਼ੇ 'ਤੇ ਪ੍ਰਵਚਨ ਨਾਲ ਹੋਵੇਗੀ | ਇਸ ਤੋਂ ਇਲਾਵਾ ਦੁਨੀਆ ਭਰ ਦੇ ਪ੍ਰਸਿੱਧ ਧਾਰਮਿਕ ਆਗੂ ਅਤੇ ਕਈ ਅੰਤਰਰਾਸ਼ਟਰੀ ਪ੍ਰਤੀਨਿਧੀ ਵੀ ਇਸ ਸੰਮੇਲਨ ਵਿਚ ਸ਼ਾਮਿਲ ਹੋਣਗੇ ਅਤੇ ਧਿਆਨ-ਅਭਿਆਸ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਨਗੇ | ਆਖਰੀ ਦਿਨ, 1 ਮਾਰਚ 2026 ਨੂੰ ਸੰਤ ਰਾਜਿੰਦਰ ਸਿੰਘ 'ਕ੍ਰਿਪਾਲ-ਅਧਿਆਤਮਿਕਤਾ ਦੇ ਪ੍ਰਕਾਸ਼ ਸਤੰਭ' ਵਿਸ਼ੇ 'ਤੇ ਆਪਣਾ ਪ੍ਰਭਾਵਸ਼ਾਲੀ ਪ੍ਰਵਚਨ ਦੇਣਗੇ | 22 ਫਰਵਰੀ ਨੂੰ ਕ੍ਰਿਪਾਲ ਬਾਗ ਵਿਖੇ 42ਵਾਂ ਮੁਫ਼ਤ ਅੱਖਾਂ ਦਾ ਚੈੱਕਅੱਪ ਅਤੇ ਮੋਤੀਆਬਿੰਦ ਸਰਜਰੀ ਕੈਂਪ ਲਗਾਇਆ ਗਿਆ | ਸਾਵਣ ਕ੍ਰਿਪਾਲ ਅਧਿਆਤਮਿਕ ਮਿਸ਼ਨ 28 ਫਰਵਰੀ, 2026 ਨੂੰ ਕ੍ਰਿਪਾਲ ਬਾਗ ਵਿਖੇ ਕੱਪੜੇ ਵੰਡ ਕੈਂਪ ਅਤੇ 1 ਮਾਰਚ, 2026 ਨੂੰ ਕ੍ਰਿਪਾਲ ਬਾਗ ਵਿਖੇ 66ਵਾਂ ਖ਼ੂਨਦਾਨ ਕੈਂਪ ਵੀ ਆਯੋਜਿਤ ਕਰੇਗਾ, ਇਸ ਤੋਂ ਇਲਾਵਾ ਦਿੱਲੀ ਦੇ ਐਨ.ਜੀ.ਓ. ਅਤੇ ਕਈ ਬਿਰਧ ਆਸ਼ਰਮਾਂ ਨੂੰ ਮੁਫ਼ਤ ਦਵਾਈਆਂ, ਫਲ ਅਤੇ ਹੋਰ ਜ਼ਰੂਰੀ ਵਸਤਾਂ ਵੰਡੀਆਂ ਜਾਣਗੀਆਂ |