ਨਵੀਂ ਦਿੱਲੀ, 27 ਫਰਵਰੀ (ਮਿਸਰਦੀਪ ਭਾਟੀਆ)-ਬੀਤੇ ਦਿਨੀਂ ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ, ਦਿੱਲੀ ਵਲੋਂ ਪ੍ਰੈੱਸ ਕਲੱਬ ਆਫ਼ ਇੰਡੀਆ, ਦਿੱਲੀ ਵਿਖੇ ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮੰਚ ਵਲੋਂ ਪ੍ਰੋ. (ਡਾ.) ਕੇ.ਕੇ. ਰੱਤੂ ਦਾ ਵਿਸ਼ੇਸ਼ ਸਨਮਾਨ ਕੀਤਾ | ਸਨਮਾਨ ਦੀ ਰਸਮ ਡਾ. ਕਮਲਜੀਤ ਸਿੰਘ ਜਨਰਲ ਸਕੱਤਰ ਪੰਜਾਬੀ ਮੰਚ ਅਤੇ ਮਿਸਰਦੀਪ ਭਾਟੀਆ, ਖਜ਼ਾਨਚੀ, ਪੰਜਾਬੀ ਮੰਚ ਵਲੋਂ ਕੀਤੀ ਗਈ | ਪ੍ਰੋ. (ਡਾ.) ਕੇ.ਕੇ. ਰੱਤੂ ਹਿੰਦੀ ਅਤੇ ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰਾਂ ਵਿਚ ਸ਼ੁਮਾਰ ਹਨ | ਆਪ ਸਕੂਲ ਆਫ਼ ਮੀਡੀਆ ਸਟੱਡੀਜ਼, ਜੇ.ਐਨ.ਯੂ., ਜੈਪੁਰ ਦੇ ਡਾਇਰੈਕਟਰ ਅਤੇ ਸਾਬਕਾ ਡਿਪਟੀ ਡਾਇਰੈਕਟਰ ਜਨਰਲ, ਦੂਰਦਰਸ਼ਨ ਹਨ | ਆਪ ਬਹੁਤ ਸਾਰੀਆਂ ਪੁਸਤਕਾਂ ਹਿੰਦੀ ਅਤੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕੇ ਹਨ | ਆਪ ਨੂੰ ਹੋਰਨਾਂ ਵੱਕਾਰੀ ਸਨਮਾਨਾਂ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਸਾਹਿਤ ਸਨਮਾਨ ਵੀ ਪ੍ਰਾਪਤ ਹੋਇਆ ਹੈ | ਇਸ ਦੇ ਨਾਲ ਹੀ ਹਿੰਦੀ ਦੇ ਉੱਘੇ ਲੇਖਕ ਅਵਧੇਸ਼ ਦਾ ਵੀ ਸਨਮਾਨ ਕੀਤਾ | ਸਨਮਾਨ ਸਮਾਰੋਹ ਦੌਰਾਨ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਸੰਬੰਧਿਤ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਵੀ ਨਿੱਠ ਕੇ ਚਰਚਾ ਕੀਤੀ ਗਈ | ਇਸ ਦੇ ਨਾਲ ਹੀ ਭਵਿੱਖ ਵਿਚ ਆਉਣ ਵਾਲੀਆਂ ਅਗਲੇਰੀਆਂ ਸਰਗਰਮੀਆਂ ਉਪਰ ਵੀ ਨਿੱਠ ਕੇ ਚਰਚਾ ਕੀਤੀ ਗਈ | ਇਸ ਮੌਕੇ ਪ੍ਰੋ. (ਡਾ.) ਰੱਤੂ ਨੇ ਕਿਹਾ ਕਿ ਪੰਜਾਬੀ ਮੰਚ ਦਾ ਅਜਿਹਾ ਉਪਰਾਲਾ ਸ਼ਲਾਘਾਯੋਗ ਹੈ, ਜਿਸ ਵਿਚ ਪੰਜਾਬੀ ਭਾਸ਼ਾ ਅਤੇ ਹੋਰਨਾਂ ਭਾਸ਼ਾਵਾਂ ਨਾਲ ਜੁੜੇ ਲੇਖਕਾਂ ਨੂੰ ਬਣਦਾ ਸਨਮਾਨ ਦਿੱਤਾ ਜਾਂਦਾ ਹੈ | ਸਾਡੇ ਵਲੋਂ ਮੰਚ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ | ਇਸ ਮੌਕੇ ਹਿੰਦੀ ਦੇ ਉੱਘੇ ਲੇਖਕ ਅਵਧੇਸ਼ ਨੇ ਕਿਹਾ ਕਿ ਮੰਚ ਦਾ ਹੋਰਨਾਂ ਭਾਸ਼ਾਵਾਂ ਨਾਲ ਸੰਵਾਦ ਰਚਾਉਣ ਦਾ ਕਾਰਜ ਆਪਣੇ-ਆਪ ਵਿਚ ਇਕ ਨਿਵੇਕਲਾ ਉਪਰਾਲਾ ਹੈ | ਇਸ ਲਈ ਮੈਂ ਮੰਚ ਨੂੰ ਮੁਬਾਰਕਬਾਦ ਦਿੰਦਾ ਹਾਂ | ਇਸ ਮੌਕੇ ਡਾ. ਕਮਲਜੀਤ ਸਿੰਘ ਨੇ ਕਿਹਾ ਕਿ ਮੰਚ ਅੱਜ ਉੱਘੇ ਸਾਹਿਤਕਾਰਾਂ ਦਾ ਸਨਮਾਨ ਕਰਕੇ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ | ਅਜਿਹੇ ਉਪਰਾਲੇ ਅਗਾਂਹ ਵੀ ਉਲੀਕੇ ਜਾਂਦੇ ਰਹਿਣਗੇ | ਅੰਤ ਵਿਚ ਮੰਚ ਦੇ ਖਜ਼ਾਨਚੀ ਮਿਸਰਦੀਪ ਭਾਟੀਆ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਚ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਨਿਰੰਤਰ ਕਰਦਾ ਰਹੇਗਾ ਅਤੇ ਹੋਰਨਾਂ ਲੇਖਕਾਂ ਨੂੰ ਵੀ ਮੰਚ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਰਹੇਗਾ | ਇਸ ਮੌਕੇ 'ਆਈਕੋਨਿਕ ਪੇਰੈਂਟਸ' ਰਸਾਲੇ ਦੇ ਸੰਪਾਦਕ ਸੱਤਿਆ ਸਿੱਧੂ, ਹਿੰਦੀ ਹਫ਼ਤਾਵਾਰੀ 'ਆਫ਼ਟਰ ਬ੍ਰੇਕ' ਦੇ ਮੁੱਖ ਸੰਪਾਦਕ ਮਨੀਸ਼ ਸਿਨਹਾ, 'ਮਲਿਆਲਾ ਮਨੋਰਮਾ' ਦੇ ਸੰਪਾਦਕ ਪ੍ਰਦੀਪ ਕੁਮਾਰ ਅਤੇ ਉੱਘੇ ਹਿੰਦੀ ਲੇਖਕ ਪ੍ਰਤਾਪ ਅਨਮ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |